Google search engine
Home Canada ਹੌਨਵੀਰ ਰੰਧਾਵਾ ਵੱਲੋਂ ਸਿਟੀ ਹਾਲ ’ਚ ‘ਜ਼ੀਰੋ ਟੌਲਰੈਂਸ’ ਦਾ ਐਲਾਨ

ਹੌਨਵੀਰ ਰੰਧਾਵਾ ਵੱਲੋਂ ਸਿਟੀ ਹਾਲ ’ਚ ‘ਜ਼ੀਰੋ ਟੌਲਰੈਂਸ’ ਦਾ ਐਲਾਨ

ਸਰੀ, ਬੀ.ਸੀ- ਸਰੀ ਕੰਜ਼ਰਵੇਟਿਵ ਪਾਰਟੀ ਦੇ ਮੇਅਰ ਅਹੁਦੇ ਦੇ ਉਮੀਦਵਾਰ ਹੌਨਵੀਰ ਰੰਧਾਵਾ ਨੇ ਸਰੀ ਸਿਟੀ ਹਾਲ ਵਿੱਚ ਭ੍ਰਿਸ਼ਟਾਚਾਰ, ਧੋਖਾਧੜੀ, ਹਿੱਤਾਂ ਦੇ ਟਕਰਾਅ ਅਤੇ ਹੋਰ ਗੰਭੀਰ ਗਲਤ ਕੰਮਾਂ ਦੇ ਮਾਮਲਿਆਂ ਪ੍ਰਤੀ ‘ਜ਼ੀਰੋ ਟੌਲਰੈਂਸ ਪਾਲਿਸੀ’ ਅਪਣਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਮੇਅਰ ਬਣਨ ਦੀ ਸੂਰਤ ਵਿੱਚ ਜਨਤਕ ਭਰੋਸੇ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਵੇਗੀ।

ਰੰਧਾਵਾ ਨੇ ਕਿਹਾ ਕਿ ਇਹ ਨੀਤੀ ਮੇਅਰ, ਕੌਂਸਲਰਾਂ, ਸਿਆਸੀ ਨਿਯੁਕਤੀਆਂ, ਸੀਨੀਅਰ ਅਧਿਕਾਰੀਆਂ, ਠੇਕੇਦਾਰਾਂ ਅਤੇ ਟੈਕਸਦਾਤਿਆਂ ਦੇ ਪੈਸੇ ਜਾਂ ਜਨਤਕ ਅਧਿਕਾਰ ਨਾਲ ਜੁੜੇ ਹਰ ਵਿਅਕਤੀ ’ਤੇ ਲਾਗੂ ਹੋਵੇਗੀ। ਉਨ੍ਹਾਂ ਅਨੁਸਾਰ ਭਰੋਸੇਯੋਗ ਦੋਸ਼ ਸਾਹਮਣੇ ਆਉਣ ’ਤੇ ਸਬੂਤ ਸੁਰੱਖਿਅਤ ਕਰਨ, ਸੁਤੰਤਰ ਜਾਂਚ ਕਰਵਾਉਣ ਅਤੇ ਲੋੜ ਪੈਣ ’ਤੇ ਮਾਮਲਾ ਪੁਲਿਸ ਜਾਂ ਹੋਰ ਸਬੰਧਤ ਸੰਸਥਾਵਾਂ ਨੂੰ ਭੇਜਣ ਦੀ ਵਿਵਸਥਾ ਕੀਤੀ ਜਾਵੇਗੀ।

ਰੰਧਾਵਾ ਨੇ ਸਿਟੀ ਹਾਲ ਵਿੱਚ ਇੱਕ ਸੁਤੰਤਰ ਭ੍ਰਿਸ਼ਟਾਚਾਰ ਵਿਰੋਧੀ ਕਮਿਸ਼ਨ ਬਣਾਉਣ ਦਾ ਵੀ ਪ੍ਰਸਤਾਵ ਰੱਖਿਆ। ਉਨ੍ਹਾਂ ਕਿਹਾ ਕਿ ਗਲਤ ਕੰਮ ਸਾਬਤ ਹੋਣ ’ਤੇ ਨੌਕਰੀ ਤੋਂ ਬਰਖ਼ਾਸਤਗੀ ਜਾਂ ਅਹੁਦੇ ਤੋਂ ਹਟਾਉਣ, ਜਨਤਕ ਪੈਸੇ ਦੀ ਵਸੂਲੀ ਅਤੇ ਕਾਨੂੰਨ ਅਨੁਸਾਰ ਅਪਰਾਧਿਕ ਜਾਂਚ ਲਈ ਮਾਮਲਾ ਭੇਜਣ ਵਰਗੇ ਕਦਮ ਚੁੱਕੇ ਜਾਣਗੇ। ਨਾਲ ਹੀ ਗਲਤ ਕੰਮ ਦੀ ਜਾਣਕਾਰੀ ਦੇਣ ਵਾਲੇ ਵਿਅਕਤੀਆਂ ਦੀ ਸੁਰੱਖਿਆ ਮਜ਼ਬੂਤ ਕਰਨ ਅਤੇ ਕਾਨੂੰਨ ਦੀ ਹੱਦ ਅੰਦਰ ਜਾਂਚ ਦੇ ਨਤੀਜੇ ਜਨਤਕ ਕਰਨ ਦੀ ਗੱਲ ਵੀ ਕਹੀ।

ਰੰਧਾਵਾ ਨੇ ਕਿਹਾ ਕਿ ਉਨ੍ਹਾਂ ਨੇ ਇਸੇ ਤਰ੍ਹਾਂ ਦੀ ‘ਜ਼ੀਰੋ ਟੌਲਰੈਂਸ’ ਵਾਲੀ ਪਹੁੰਚ ਇਸ ਹਫ਼ਤੇ ਕੈਲ ਦੋਸਾਂਝ ਨਾਲ ਜੁੜੇ ਮਾਮਲੇ ਵਿੱਚ ਦਿਖਾਈ ਹੈ ਅਤੇ ਸੈਂਡੀ ਦੋਸਾਂਝ ਦੀ ਉਮੀਦਵਾਰੀ ਖ਼ਤਮ ਕਰਨ ਲਈ ਤੁਰੰਤ ਕਦਮ ਚੁੱਕੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਸੈਂਡੀ ਦੋਸਾਂਝ ’ਤੇ ਕਿਸੇ ਗਲਤ ਕੰਮ ਦਾ ਦੋਸ਼ ਨਹੀਂ ਹੈ ਅਤੇ ਕੈਲ ਦੋਸਾਂਝ ਖ਼ਿਲਾਫ਼ ਲੱਗੇ ਅਪਰਾਧਿਕ ਦੋਸ਼ ਅਜੇ ਅਦਾਲਤ ਵਿੱਚ ਸਾਬਤ ਨਹੀਂ ਹੋਏ ਹਨ।

ਰੰਧਾਵਾ ਨੇ ਮੇਅਰ ਬ੍ਰੈਂਡਾ ਲੌਕ ਅਤੇ ਸਾਬਕਾ ਮੇਅਰ ਡੱਗ ਮੈਕਕੈਲਮ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਚੁੱਕੇ। ਉਨ੍ਹਾਂ ਖ਼ਾਸ ਤੌਰ ’ਤੇ 7580–152 ਸਟ੍ਰੀਟ ’ਤੇ 13.07 ਏਕੜ ਜ਼ਮੀਨ ਦੀ 6.8 ਮਿਲੀਅਨ ਡਾਲਰ ਵਿੱਚ ਹੋਈ ਖਰੀਦ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਸੌਦੇ ਸਬੰਧੀ ਉੱਠੇ ਸਵਾਲਾਂ ਦੇ ਪੂਰੇ ਜਵਾਬ ਲੋਕਾਂ ਸਾਹਮਣੇ ਆਉਣੇ ਚਾਹੀਦੇ ਹਨ।

ਰੰਧਾਵਾ ਨੇ ਕਿਹਾ ਕਿ ਸਰੀ ਨੂੰ ਪੁਰਾਣੀ ਸਿਆਸਤ ਤੋਂ ਬਾਹਰ ਕੱਢ ਕੇ ਨਵੀਂ ਅਤੇ ਜਵਾਬਦੇਹ ਲੀਡਰਸ਼ਿਪ ਦੀ ਲੋੜ ਹੈ। ਉਨ੍ਹਾਂ ਕਿਹਾ, “ਮੇਅਰ ਵਜੋਂ ਮੈਂ ਸਿਟੀ ਹਾਲ ਨੂੰ ਸਾਫ਼ ਕਰਾਂਗਾ, ਲੋਕਾਂ ਦਾ ਭਰੋਸਾ ਮੁੜ ਜਿੱਤਾਂਗਾ ਅਤੇ ਸਰੀ ਦੇ ਲੋਕਾਂ ਨੂੰ ਸਭ ਤੋਂ ਪਹਿਲਾਂ ਰੱਖਾਂਗਾ। ਜ਼ੀਰੋ ਟੌਲਰੈਂਸ, ਕੋਈ ਬਹਾਨਾ ਨਹੀਂ ਅਤੇ ਨਵੀਂ ਲੀਡਰਸ਼ਿਪ।”

Exit mobile version