ਭਾਵੁਕ ਸੰਦੇਸ਼ ਸਾਂਝਾ ਕਰਕੇ ਦੱਸਿਆ ਆਪਣਾ ਦਰਦ; ਲੰਬੇ ਸਮੇਂ ਤੋਂ ਚੱਲ ਰਹੀਆਂ ਚਰਚਾਵਾਂ ਨੂੰ ਮਿਲਿਆ ਵਿਰਾਮ
ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਨੇ ਆਪਣੀ ਨਿੱਜੀ ਜ਼ਿੰਦਗੀ ਅਤੇ ਵਿਆਹੁਤਾ ਰਿਸ਼ਤੇ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲ ਰਹੀਆਂ ਚਰਚਾਵਾਂ ’ਤੇ ਆਖ਼ਰਕਾਰ ਚੁੱਪੀ ਤੋੜ ਦਿੱਤੀ ਹੈ। ਪਰਮੀਸ਼ ਵਰਮਾ ਨੇ ਆਪਣੇ ਸਮਾਜਿਕ ਮਾਧਿਅਮ ਖਾਤੇ ’ਤੇ ਇੱਕ ਭਾਵੁਕ ਸੰਦੇਸ਼ ਸਾਂਝਾ ਕਰਦਿਆਂ ਆਪਣੀ ਪਤਨੀ ਗੀਤ ਗਰੇਵਾਲ ਨਾਲ ਤਲਾਕ ਹੋਣ ਦੀ ਪੁਸ਼ਟੀ ਕਰ ਦਿੱਤੀ ਹੈ।
ਪਰਮੀਸ਼ ਅਤੇ ਗੀਤ ਗਰੇਵਾਲ ਦਾ ਵਿਆਹ 21 ਅਕਤੂਬਰ 2021 ਨੂੰ ਕੈਨੇਡਾ ਵਿੱਚ ਹੋਇਆ ਸੀ। ਵਿਆਹ ਤੋਂ ਬਾਅਦ ਦੋਵਾਂ ਵੱਲੋਂ ਭਾਰਤ ਵਿੱਚ ਇੱਕ ਵਿਸ਼ੇਸ਼ ਸਮਾਗਮ ਵੀ ਕੀਤਾ ਗਿਆ ਸੀ। ਗੀਤ ਗਰੇਵਾਲ ਪੇਸ਼ੇ ਵਜੋਂ ਵਕੀਲ ਹਨ ਅਤੇ ਇੱਕ ਰਾਜਸੀ ਪਰਿਵਾਰ ਨਾਲ ਸਬੰਧ ਰੱਖਦੇ ਹਨ।
ਦੋਵਾਂ ਦੇ ਘਰ ਸਾਲ 2022 ਵਿੱਚ ਇੱਕ ਧੀ ਦਾ ਜਨਮ ਹੋਇਆ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਪਰਿਵਾਰਕ ਜ਼ਿੰਦਗੀ ਨੂੰ ਲੈ ਕੇ ਕਾਫ਼ੀ ਸਮੇਂ ਤੱਕ ਕੋਈ ਜਨਤਕ ਚਰਚਾ ਨਹੀਂ ਹੋਈ। ਹਾਲਾਂਕਿ ਪਿਛਲੇ ਕਰੀਬ ਇੱਕ ਸਾਲ ਤੋਂ ਦੋਵਾਂ ਦੇ ਵੱਖ ਹੋਣ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਸਨ।
ਜਨਵਰੀ 2026 ਵਿੱਚ ਦੋਵਾਂ ਦੇ ਵੱਖ ਹੋਣ ਨਾਲ ਸਬੰਧਤ ਇੱਕ ਕਥਿਤ ਦਸਤਾਵੇਜ਼ ਸਮਾਜਿਕ ਮਾਧਿਅਮਾਂ ’ਤੇ ਵੀ ਵਾਇਰਲ ਹੋਇਆ ਸੀ। ਉਸ ਸਮੇਂ ਪਰਮੀਸ਼ ਵਰਮਾ ਜਾਂ ਗੀਤ ਗਰੇਵਾਲ ਵੱਲੋਂ ਇਸ ਮਾਮਲੇ ’ਤੇ ਕੋਈ ਜਨਤਕ ਬਿਆਨ ਨਹੀਂ ਦਿੱਤਾ ਗਿਆ ਸੀ। ਹੁਣ ਪਰਮੀਸ਼ ਵਰਮਾ ਵੱਲੋਂ ਸਾਂਝੇ ਕੀਤੇ ਗਏ ਸੰਦੇਸ਼ ਤੋਂ ਬਾਅਦ ਉਨ੍ਹਾਂ ਦੇ ਤਲਾਕ ਬਾਰੇ ਚੱਲ ਰਹੀਆਂ ਚਰਚਾਵਾਂ ਨੂੰ ਸਪੱਸ਼ਟਤਾ ਮਿਲ ਗਈ ਹੈ।
ਆਪਣੇ ਭਾਵੁਕ ਸੰਦੇਸ਼ ਵਿੱਚ ਪਰਮੀਸ਼ ਵਰਮਾ ਨੇ ਇੱਕ ਪੁਰਸ਼ ਦੇ ਜੀਵਨ ਵਿੱਚ ਆਉਣ ਵਾਲੇ ਮਾਨਸਿਕ ਅਤੇ ਸਮਾਜਿਕ ਦਬਾਅ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਨੇ ਕਿਹਾ ਕਿ ਕਈ ਵਾਰ ਪੁਰਸ਼ ਨੂੰ ਮਨੋਵਿਗਿਆਨਕ ਤੌਰ ’ਤੇ ਨਿਸ਼ਾਨਾ ਬਣਾਇਆ ਜਾਂਦਾ ਹੈ ਅਤੇ ਉਸ ਨੂੰ ਆਪਣੇ ਸੰਘਰਸ਼ਾਂ ਅਤੇ ਦਰਦ ਦਾ ਸਾਹਮਣਾ ਅਕਸਰ ਇਕੱਲਿਆਂ ਹੀ ਕਰਨਾ ਪੈਂਦਾ ਹੈ।
ਪਰਮੀਸ਼ ਨੇ ਆਪਣੇ ਜੀਵਨ ਦੇ ਔਖੇ ਦੌਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਦੋਂ ਉਹ ਮੁਸ਼ਕਲ ਹਾਲਾਤਾਂ ਵਿੱਚੋਂ ਲੰਘ ਰਹੇ ਸਨ ਤਾਂ ਉਨ੍ਹਾਂ ਨੂੰ ਆਪਣੇ ਸੰਘਰਸ਼ ਦਾ ਸਾਹਮਣਾ ਖ਼ੁਦ ਕਰਨਾ ਪਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਜੀਵਨ ਵਿੱਚ ਆਏ ਦਰਦ ਅਤੇ ਚੁਣੌਤੀਆਂ ਤੋਂ ਉੱਭਰ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਨੇ ਆਪਣੇ ਸੰਦੇਸ਼ ਵਿੱਚ ਇਹ ਵੀ ਕਿਹਾ ਕਿ ਆਪਣੀ ਪੂਰਵ ਪਤਨੀ ਦਾ ਸਤਿਕਾਰ ਕਰਨਾ ਅਤੇ ਜੀਵਨ ਵਿੱਚ ਮੌਜੂਦ ਹਰ ਮਹਿਲਾ ਨੂੰ ਸਨਮਾਨ ਦੇਣਾ ਹੀ ਅਸਲ ਪਰਿਪੱਕਤਾ ਅਤੇ ਅਨੁਸ਼ਾਸਨ ਦੀ ਨਿਸ਼ਾਨੀ ਹੈ। ਉਨ੍ਹਾਂ ਅਨੁਸਾਰ ਕੜਵਾਹਟ, ਨਫ਼ਰਤ ਅਤੇ ਬਦਲੇ ਦੀ ਭਾਵਨਾ ਨੂੰ ਤਾਕਤ ਜਾਂ ਮਰਦਾਨਗੀ ਸਮਝਣਾ ਠੀਕ ਨਹੀਂ ਹੈ।
ਪਰਮੀਸ਼ ਵਰਮਾ ਨੇ ਕਿਹਾ ਕਿ ਉਹ ਭੀੜ ਦੇ ਦਬਾਅ ਜਾਂ ਲੋਕਾਂ ਦੀਆਂ ਗੱਲਾਂ ਦੇ ਅਨੁਸਾਰ ਆਪਣਾ ਰਸਤਾ ਚੁਣਨ ਦੀ ਬਜਾਏ ਆਪਣੇ ਸਿਧਾਂਤਾਂ ’ਤੇ ਡਟ ਕੇ ਖੜ੍ਹੇ ਰਹਿਣ ਨੂੰ ਤਰਜੀਹ ਦਿੰਦੇ ਹਨ। ਉਨ੍ਹਾਂ ਨੇ ਇਸ਼ਾਰਿਆਂ ਵਿੱਚ ਕਿਹਾ ਕਿ ਸੱਚਾਈ ਨਾਲ ਖੜ੍ਹੇ ਰਹਿਣ ਕਾਰਨ ਮਿਲਣ ਵਾਲੀ ਆਲੋਚਨਾ ਅਤੇ ਨਫ਼ਰਤ ਨੂੰ ਵੀ ਉਹ ਸਵੀਕਾਰ ਕਰਨ ਲਈ ਤਿਆਰ ਹਨ।
ਇਸ ਪੂਰੇ ਮਾਮਲੇ ਤੋਂ ਬਾਅਦ ਪਰਮੀਸ਼ ਵਰਮਾ ਦੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਇੱਕ ਵਾਰ ਫਿਰ ਚਰਚਾ ਤੇਜ਼ ਹੋ ਗਈ ਹੈ। ਇਸੇ ਦੌਰਾਨ ਉਨ੍ਹਾਂ ਵੱਲੋਂ ਮਾਡਲ ਅਤੇ ਅਦਾਕਾਰਾ ਹਰਮਨ ਬਰਾੜ ਨਾਲ ਆਪਣੀ ਜ਼ਿੰਦਗੀ ਦੇ ਨਵੇਂ ਅਧਿਆਏ ਦੀ ਸ਼ੁਰੂਆਤ ਦੇ ਸੰਕੇਤ ਦਿੱਤੇ ਜਾਣ ਦੀਆਂ ਵੀ ਚਰਚਾਵਾਂ ਸਾਹਮਣੇ ਆ ਰਹੀਆਂ ਹਨ।
ਪਰਮੀਸ਼ ਵਰਮਾ ਵੱਲੋਂ ਆਪਣੀ ਵਿਆਹੁਤਾ ਜ਼ਿੰਦਗੀ ਬਾਰੇ ਜਨਤਕ ਤੌਰ ’ਤੇ ਚੁੱਪੀ ਤੋੜਨ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਪੰਜਾਬੀ ਮਨੋਰੰਜਨ ਜਗਤ ਵਿੱਚ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
