Google search engine
Home Punjab News Punjabi University Research: ਪੰਜਾਬੀ ਯੂਨੀਵਰਸਿਟੀ ਦੇ ਖੋਜਾਰਥੀ ਦੀ ਵੱਡੀ ਪ੍ਰਾਪਤੀ, 6-ਜੀ ਸੰਚਾਰ...

Punjabi University Research: ਪੰਜਾਬੀ ਯੂਨੀਵਰਸਿਟੀ ਦੇ ਖੋਜਾਰਥੀ ਦੀ ਵੱਡੀ ਪ੍ਰਾਪਤੀ, 6-ਜੀ ਸੰਚਾਰ ਲਈ ਵਿਕਸਿਤ ਕੀਤਾ ਨਵਾਂ ਟੈਰਾਹਰਟਜ਼ ਐਂਟੀਨਾ

ਡਾ. ਨਿਪੁਨ ਸ਼ਰਮਾ ਦੀ ਖੋਜ ਦੇ ਨਤੀਜੇ ਕੌਮਾਂਤਰੀ ਪੱਧਰ ਦੇ ਪ੍ਰਸਿੱਧ ਖੋਜ ਰਸਾਲਿਆਂ ਵਿੱਚ ਪ੍ਰਕਾਸ਼ਿਤ; ਭਵਿੱਖ ਦੀ ਅਤਿ-ਤੇਜ਼ ਸੰਚਾਰ ਤਕਨਾਲੋਜੀ ਲਈ ਖੁੱਲ੍ਹ ਸਕਦੇ ਹਨ ਨਵੇਂ ਰਾਹ

ਪੰਜਾਬੀ ਯੂਨੀਵਰਸਿਟੀ ਵਿੱਚ ਭਵਿੱਖ ਦੀ ਅਤਿ-ਆਧੁਨਿਕ ਸੰਚਾਰ ਤਕਨਾਲੋਜੀ ਦੇ ਖੇਤਰ ਵਿੱਚ ਇੱਕ ਮਹੱਤਵਪੂਰਨ ਖੋਜ ਸਾਹਮਣੇ ਆਈ ਹੈ। ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਅਤੇ ਸੰਚਾਰ ਇੰਜੀਨੀਅਰਿੰਗ ਵਿਭਾਗ ਦੇ ਖੋਜਾਰਥੀ ਡਾ. ਨਿਪੁਨ ਸ਼ਰਮਾ ਨੇ ਭਵਿੱਖ ਦੀ 6-ਜੀ ਅਤੇ ਅਤਿ-ਤੇਜ਼ ਗਤੀ ਵਾਲੀ ਸੰਚਾਰ ਪ੍ਰਣਾਲੀ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਨਵਾਂ ਟੈਰਾਹਰਟਜ਼ ਐਂਟੀਨਾ ਡਿਜ਼ਾਈਨ ਵਿਕਸਿਤ ਕੀਤਾ ਹੈ।

ਇਹ ਖੋਜ ਡਾ. ਅੰਮ੍ਰਿਤ ਕੌਰ ਦੀ ਨਿਗਰਾਨੀ ਹੇਠ ਕੀਤੀ ਗਈ ਹੈ। ਖੋਜ ਦੌਰਾਨ ਟੈਰਾਹਰਟਜ਼ ਤਕਨਾਲੋਜੀ ਨਾਲ ਸਬੰਧਤ ਐਂਟੀਨਾ ਦੇ ਨਿਰਮਾਣ, ਉਸ ਦੀ ਕਾਰਗੁਜ਼ਾਰੀ ਅਤੇ ਉਸ ਵਿੱਚ ਸੁਧਾਰ ਲਈ ਮਹੱਤਵਪੂਰਨ ਨਤੀਜੇ ਸਾਹਮਣੇ ਆਏ ਹਨ। ਖੋਜਕਾਰਾਂ ਦਾ ਮੰਨਣਾ ਹੈ ਕਿ ਇਹ ਕੰਮ ਭਵਿੱਖ ਵਿੱਚ 6-ਜੀ ਸੰਚਾਰ ਪ੍ਰਣਾਲੀ ਅਤੇ ਬਹੁਤ ਤੇਜ਼ ਗਤੀ ਵਾਲੀਆਂ ਸੰਚਾਰ ਸੇਵਾਵਾਂ ਲਈ ਲਾਭਦਾਇਕ ਸਾਬਤ ਹੋ ਸਕਦਾ ਹੈ।

ਡਾ. ਨਿਪੁਨ ਸ਼ਰਮਾ ਅਨੁਸਾਰ ਖੋਜ ਵਿੱਚ ਪੇਸ਼ ਕੀਤਾ ਗਿਆ ਪੈਚ ਐਂਟੀਨਾ ਡਿਜ਼ਾਈਨ ਮੌਜੂਦਾ ਟੈਰਾਹਰਟਜ਼ ਤਕਨਾਲੋਜੀ ਦੇ ਕਈ ਰਵਾਇਤੀ ਡਿਜ਼ਾਈਨਾਂ ਦੇ ਮੁਕਾਬਲੇ ਵਧੇਰੇ ਅਗਲੇਰੀ ਪੀੜ੍ਹੀ ਦਾ ਹੈ। ਇਸ ਐਂਟੀਨਾ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਕਿ ਇਹ ਸੰਕੇਤਾਂ ਦੀ ਵਾਪਸੀ ਨਾਲ ਹੋਣ ਵਾਲੇ ਨੁਕਸਾਨ ਨੂੰ ਘਟਾਉਣ, ਵੱਧ ਸੰਚਾਰ ਸਮਰੱਥਾ ਪ੍ਰਦਾਨ ਕਰਨ ਅਤੇ ਬਿਹਤਰ ਕਾਰਗੁਜ਼ਾਰੀ ਹਾਸਲ ਕਰਨ ਵਿੱਚ ਸਹਾਇਕ ਹੋ ਸਕੇ।

ਉਨ੍ਹਾਂ ਦੱਸਿਆ ਕਿ ਨਵੇਂ ਡਿਜ਼ਾਈਨ ਵਾਲਾ ਇਹ ਐਂਟੀਨਾ ਵਧੀਆ ਵਾਪਸੀ-ਨੁਕਸਾਨ, ਵਿਸ਼ਾਲ ਸੰਚਾਰ ਪੱਟੀ, ਉੱਚ ਕੁਸ਼ਲਤਾ ਅਤੇ ਵਧੀਆ ਸੰਕੇਤ ਤਾਕਤ ਪ੍ਰਦਾਨ ਕਰਦਾ ਹੈ। ਇਸ ਨੂੰ ਵਿਕਸਿਤ ਕਰਨ ਲਈ ਆਧੁਨਿਕ ਗਣਨਾਤਮਕ ਤਰੀਕਿਆਂ ਅਤੇ ਨਵੀਨਤਮ ਖੋਜ ਵਿਧੀਆਂ ਦੀ ਵਰਤੋਂ ਕੀਤੀ ਗਈ ਹੈ।

ਇਸ ਖੋਜ ਕਾਰਜ ਨੂੰ ਕੌਮਾਂਤਰੀ ਅਕਾਦਮਿਕ ਜਗਤ ਵਿੱਚ ਵੀ ਮਹੱਤਵਪੂਰਨ ਮਾਨਤਾ ਮਿਲੀ ਹੈ। ਖੋਜ ਦੇ ਨਤੀਜੇ ਤਿੰਨ ਪ੍ਰਮੁੱਖ ਵਿਗਿਆਨਕ ਸੂਚੀਬੱਧ ਖੋਜ ਰਸਾਲਿਆਂ, ਦੋ ਹੋਰ ਪ੍ਰਸਿੱਧ ਖੋਜ ਰਸਾਲਿਆਂ, ਦੋ ਕਾਨਫਰੰਸ ਖੋਜ ਪੱਤਰਾਂ ਅਤੇ ਇੱਕ ਸਮੀਖਿਆ ਕੀਤੇ ਖੋਜ ਰਸਾਲੇ ਵਿੱਚ ਪ੍ਰਕਾਸ਼ਿਤ ਹੋ ਚੁੱਕੇ ਹਨ।

ਖੋਜ ਦੀ ਨਿਗਰਾਨ ਡਾ. ਅੰਮ੍ਰਿਤ ਕੌਰ ਨੇ ਕਿਹਾ ਕਿ ਮਾਈਕ੍ਰੋਮੀਟਰ ਪੱਧਰ ’ਤੇ ਤਿਆਰ ਕੀਤਾ ਜਾਣ ਵਾਲਾ ਇਹ ਐਂਟੀਨਾ ਡਿਜ਼ਾਈਨ ਭਵਿੱਖ ਦੀ ਤਕਨਾਲੋਜੀ ਲਈ ਨਵੀਆਂ ਸੰਭਾਵਨਾਵਾਂ ਪੈਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਸੈਮੀਕੰਡਕਟਰ ਖੇਤਰ ਦੇ ਤੇਜ਼ੀ ਨਾਲ ਹੋ ਰਹੇ ਵਿਕਾਸ ਦੇ ਮੱਦੇਨਜ਼ਰ ਇਹ ਖੋਜ ਦੇਸ਼ ਦੇ ਅੰਦਰ ਹੀ ਚਿੱਪ ਉੱਤੇ ਆਧਾਰਿਤ ਟੈਰਾਹਰਟਜ਼ ਐਂਟੀਨਾ ਵਿਕਸਿਤ ਕਰਨ ਲਈ ਇੱਕ ਨਵਾਂ ਰਾਹ ਖੋਲ੍ਹ ਸਕਦੀ ਹੈ।

ਉਨ੍ਹਾਂ ਕਿਹਾ ਕਿ ਟੈਰਾਹਰਟਜ਼ ਤਕਨਾਲੋਜੀ ਭਵਿੱਖ ਦੀਆਂ ਉੱਚ-ਗਤੀ ਸੰਚਾਰ ਪ੍ਰਣਾਲੀਆਂ ਲਈ ਬਹੁਤ ਮਹੱਤਵਪੂਰਨ ਮੰਨੀ ਜਾ ਰਹੀ ਹੈ। ਇਸ ਖੇਤਰ ਵਿੱਚ ਹੋ ਰਹੀ ਖੋਜ ਨਾਲ ਨਾ ਸਿਰਫ਼ 6-ਜੀ ਸੰਚਾਰ ਪ੍ਰਣਾਲੀ ਨੂੰ ਮਜ਼ਬੂਤੀ ਮਿਲ ਸਕਦੀ ਹੈ, ਸਗੋਂ ਹੋਰ ਕਈ ਅਤਿ-ਆਧੁਨਿਕ ਤਕਨਾਲੋਜੀ ਖੇਤਰਾਂ ਵਿੱਚ ਵੀ ਨਵੀਆਂ ਸੰਭਾਵਨਾਵਾਂ ਪੈਦਾ ਹੋ ਸਕਦੀਆਂ ਹਨ।

ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਇਸ ਮਹੱਤਵਪੂਰਨ ਪ੍ਰਾਪਤੀ ਲਈ ਖੋਜਾਰਥੀ ਡਾ. ਨਿਪੁਨ ਸ਼ਰਮਾ ਅਤੇ ਉਨ੍ਹਾਂ ਦੀ ਨਿਗਰਾਨ ਡਾ. ਅੰਮ੍ਰਿਤ ਕੌਰ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਇੱਥੋਂ ਦੇ ਖੋਜਾਰਥੀ ਕੌਮਾਂਤਰੀ ਪੱਧਰ ਦੀਆਂ ਨਵੀਨਤਮ ਅਤੇ ਅਤਿ-ਆਧੁਨਿਕ ਤਕਨਾਲੋਜੀਆਂ ’ਤੇ ਗੰਭੀਰ ਖੋਜ ਕਰ ਰਹੇ ਹਨ।

ਉਪ-ਕੁਲਪਤੀ ਨੇ ਕਿਹਾ ਕਿ 6-ਜੀ ਸੰਚਾਰ ਪ੍ਰਣਾਲੀ ਵਰਗੇ ਭਵਿੱਖਮੁਖੀ ਵਿਸ਼ੇ ’ਤੇ ਕੀਤੀ ਗਈ ਇਹ ਖੋਜ ਭਾਰਤ ਨੂੰ ਤਕਨਾਲੋਜੀ ਦੇ ਖੇਤਰ ਵਿੱਚ ਹੋਰ ਮਜ਼ਬੂਤ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਅਨੁਸਾਰ ਅਜਿਹੀਆਂ ਖੋਜਾਂ ਦੇਸ਼ ਨੂੰ ਉੱਚ ਤਕਨਾਲੋਜੀ ਦੇ ਖੇਤਰ ਵਿੱਚ ਆਤਮ-ਨਿਰਭਰ ਬਣਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ।

ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੇ ਖੋਜਾਰਥੀਆਂ ਵੱਲੋਂ ਕੀਤੇ ਜਾ ਰਹੇ ਅਜਿਹੇ ਨਵੀਨਤਾਕਾਰੀ ਖੋਜ ਕਾਰਜ ਯੂਨੀਵਰਸਿਟੀ ਦਾ ਨਾਮ ਕੌਮਾਂਤਰੀ ਅਕਾਦਮਿਕ ਅਤੇ ਵਿਗਿਆਨਕ ਜਗਤ ਵਿੱਚ ਰੌਸ਼ਨ ਕਰ ਰਹੇ ਹਨ। ਇਹ ਪ੍ਰਾਪਤੀਆਂ ਨੌਜਵਾਨ ਖੋਜਾਰਥੀਆਂ ਲਈ ਵੀ ਪ੍ਰੇਰਨਾ ਦਾ ਸਰੋਤ ਬਣਨਗੀਆਂ ਅਤੇ ਉਨ੍ਹਾਂ ਨੂੰ ਨਵੀਂ ਤਕਨਾਲੋਜੀ ਦੇ ਖੇਤਰ ਵਿੱਚ ਖੋਜ ਕਰਨ ਲਈ ਉਤਸ਼ਾਹਿਤ ਕਰਨਗੀਆਂ।

Exit mobile version