ਮੇਅਰ ਬਰਿੰਡਾ ਲੌਕ ਨੇ ਮੁਟਿਆਰਾਂ ਨਾਲ ਗਿੱਧਾ ਪਾ ਕੇ ਖੂਬ ਆਨੰਦ ਮਾਣਿਆ
ਸਰੀ, ਬੀ.ਸੀ. (ਮਹੇਸ਼ਇੰਦਰ ਸਿੰਘ ਮਾਂਗਟ ) ਪੰਜਾਬੀ ਵਿਰਸੇ, ਸੱਭਿਆਚਾਰ ਅਤੇ ਪੁਰਾਤਨ ਪੇਂਡੂ ਜੀਵਨ ਦੀ ਝਲਕ ਪੇਸ਼ ਕਰਦਾ ‘ਪੰਜਾਬੀ ਵਿਲੇਜ ਹੈਰੀਟੇਜ ਫੈਸਟੀਵਲ’ ਅੱਜ 7 ਸਤੰਬਰ ਨੂੰ 4915 ਰੇਲਵੇ ਰੋਡ, ਸਰੀ ਵਿਖੇ ਬੜੇ ਉਤਸ਼ਾਹ ਅਤੇ ਚਾਵਾਂ ਨਾਲ ਕਰਵਾਇਆ ਗਿਆ। ਨਵਲਪ੍ਰੀਤ ਰੰਗੀ, ਹਰਜੀਤ ਕੌਰ ਤੇ ਮੀਨੂ ਦੀ ਸਮੁੱਚੀ ਟੀਮ ਵੱਲੋਂ ਕਰਵਾਏ ਗਏ ਇਸ ਵਿਲੱਖਣ ਮੇਲੇ ਵਿੱਚ ਪੰਜਾਬ ਦੇ ਪੁਰਾਤਨ ਪਿੰਡਾਂ ਦੀ ਝਲਕ ਨੂੰ ਵਿਦੇਸ਼ੀ ਧਰਤੀ ’ਤੇ ਬੇਹੱਦ ਖੂਬਸੂਰਤੀ ਨਾਲ ਪੇਸ਼ ਕੀਤਾ ਗਿਆ।
ਮੇਲੇ ਵਿੱਚ ਸਰੀ ਦੀ ਮੇਅਰ ਬਰੈਂਡਾ ਲੌਕ ਨੇ ਉਚੇਚੇ ਤੌਰ ’ਤੇ ਸ਼ਮੂਲੀਅਤ ਕੀਤੀ ਅਤੇ ਮੇਲੇ ਦੇ ਪ੍ਰਬੰਧਕਾਂ ਤੇ ਪੰਜਾਬੀ ਭਾਈਚਾਰੇ ਨਾਲ ਆਪਣੀ ਸਾਂਝ ਸਾਂਝੀ ਕੀਤੀ। ਇਸ ਤੋਂ ਇਲਾਵਾ ਪੂਰੇ ਸਮਾਗਮ ਦੌਰਾਨ ਰਾਜਨੀਤਿਕ ਅਤੇ ਸਮਾਜਿਕ ਖੇਤਰ ਨਾਲ ਸਬੰਧਤ ਸ਼ਖ਼ਸੀਅਤਾਂ ਦਾ ਆਉਣਾ-ਜਾਣਾ ਬਣਿਆ ਰਿਹਾ।
ਕੰਜ਼ਰਵੇਟਿਵ ਪਾਰਟੀ ਵੱਲੋਂ ਸਰੀ ਤੋਂ ਮੇਅਰ ਦੀ ਚੋਣ ਲੜ ਰਹੇ ਹੋਨਵੀਰ ਰੰਧਾਵਾ ਵੀ ਆਪਣੀ ਸਮੁੱਚੀ ਟੀਮ ਸਮੇਤ ਮੇਲੇ ਵਿੱਚ ਪਹੁੰਚੇ। ਉਨ੍ਹਾਂ ਦੇ ਨਾਲ ਕੌਂਸਲਰ ਉਮੀਦਵਾਰ ਰੱਕੀ ਬਾਜਵਾ ਵੀ ਮੌਜੂਦ ਸਨ। ਵੱਖ-ਵੱਖ ਭਾਈਚਾਰਕ ਅਤੇ ਰਾਜਨੀਤਿਕ ਸ਼ਖ਼ਸੀਅਤਾਂ ਦੀ ਮੌਜੂਦਗੀ ਕਾਰਨ ਮੇਲੇ ਵਿੱਚ ਪੂਰਾ ਦਿਨ ਰੌਣਕ ਬਣੀ ਰਹੀ।
ਮੇਲੇ ਦੌਰਾਨ ਪੰਜਾਬੀ ਸੱਭਿਆਚਾਰ ਦੀਆਂ ਵੱਖ-ਵੱਖ ਰੰਗਤਾਂ ਦੇਖਣ ਨੂੰ ਮਿਲੀਆਂ। ਭੰਗੜਾ ਅਤੇ ਗਿੱਧਾ ਪ੍ਰਦਰਸ਼ਨ, ਟਰੈਕਟਰ ਪਰੇਡ, ਪਿੰਡਾਂ ਦੀਆਂ ਰਵਾਇਤੀ ਖੇਡਾਂ, ਪੰਜਾਬੀ ਖਾਣੇ, ਤਾਜ਼ਾ ਖੇਤੀਬਾੜੀ ਉਤਪਾਦ, ਕਾਰੀਗਰਾਂ ਦੇ ਸਟਾਲ, ਕ੍ਰਾਫਟਸ ਅਤੇ ਸਥਾਨਕ ਵਿਕਰੇਤਾਵਾਂ ਨੇ ਮੇਲੇ ਦੀ ਖੂਬਸੂਰਤੀ ਨੂੰ ਹੋਰ ਵਧਾ ਦਿੱਤਾ। ਬੱਚਿਆਂ ਲਈ ਵਿਸ਼ੇਸ਼ ਕਿਡਜ਼ ਜ਼ੋਨ ਅਤੇ ਮਨੋਰੰਜਕ ਗਤੀਵਿਧੀਆਂ ਵੀ ਖਿੱਚ ਦਾ ਕੇਂਦਰ ਰਹੀਆਂ।
ਮੇਲੇ ਵਿੱਚ ਪੰਜਾਬੀ ਸੰਗੀਤ ਜਗਤ ਦੇ ਪ੍ਰਸਿੱਧ ਕਲਾਕਾਰਾਂ ਨੇ ਆਪਣੀ ਕਲਾ ਦਾ ਮੁਜ਼ਾਹਰਾ ਕਰਦਿਆਂ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਮਹਾਨ ਪੰਜਾਬੀ ਗਾਇਕ ਯਮਲਾ ਜੱਟ ਦੇ ਪੋਤੇ ਵਿਜੇ ਯਮਲਾ ਨੇ ਆਪਣੇ ਦਾਦਾ ਜੀ ਦੇ ਪ੍ਰਸਿੱਧ ਗੀਤ ਗਾ ਕੇ ਦਰਸ਼ਕਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਉਨ੍ਹਾਂ ਦੀ ਪੇਸ਼ਕਾਰੀ ਦੌਰਾਨ ਦਰਸ਼ਕਾਂ ਨੇ ਖੂਬ ਤਾੜੀਆਂ ਵਜਾਈਆਂ ਅਤੇ ਪੰਜਾਬ ਦੇ ਪੁਰਾਣੇ ਲੋਕ-ਸੰਗੀਤ ਦੀਆਂ ਯਾਦਾਂ ਤਾਜ਼ਾ ਹੋ ਗਈਆਂ।
ਇਸੇ ਤਰ੍ਹਾਂ ਚਮਕੌਰ ਸਿੰਘ ਖਟੜਾ ਅਤੇ ਨਵਦੀਪ ਗਿੱਲ ਨੇ ਹਰਭਜਨ ਮਾਨ ਦੇ ਪ੍ਰਸਿੱਧ ਗੀਤ ‘ਜੱਗ ਜੰਕਸ਼ਨ ਰੇਲਾਂ ਦਾ’ ਦੀ ਪੇਸ਼ਕਾਰੀ ਕਰਕੇ ਮੇਲੇ ਵਿੱਚ ਖੂਬ ਰੰਗ ਬੰਨ੍ਹਿਆ ਅਤੇ ਦਰਸ਼ਕਾਂ ਤੋਂ ਵਾਹ-ਵਾਹ ਖੱਟੀ।
ਇਸ ਤੋਂ ਇਲਾਵਾ ਕੌਰ ਮਨਦੀਪ ਨੇ ਆਪਣੀ ਬੇਟੀ ਨਾਲ ਗੀਤਾਂ ਅਤੇ ਬੋਲੀਆਂ ਦੀ ਪੇਸ਼ਕਾਰੀ ਕਰਕੇ ਮੇਲੇ ਵਿੱਚ ਪਹੁੰਚੀਆਂ ਮੁਟਿਆਰਾਂ ਅਤੇ ਔਰਤਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਪੰਜਾਬੀ ਬੋਲੀਆਂ ਅਤੇ ਲੋਕ-ਗੀਤਾਂ ਨਾਲ ਮੇਲੇ ਦਾ ਮਾਹੌਲ ਪੂਰੀ ਤਰ੍ਹਾਂ ਪੰਜਾਬ ਦੇ ਪਿੰਡਾਂ ਵਰਗਾ ਬਣ ਗਿਆ।
ਮੇਲੇ ਵਿੱਚ ਸ਼ਾਮਲ ਹੋਏ ਹੋਰ ਕਈ ਗਾਇਕਾਂ ਅਤੇ ਕਲਾਕਾਰਾਂ ਨੇ ਵੀ ਆਪਣੀ ਕਲਾ ਦਾ ਮੁਜ਼ਾਹਰਾ ਕੀਤਾ। ਲਾਈਵ ਮਿਊਜ਼ਿਕ, ਸੱਭਿਆਚਾਰਕ ਪ੍ਰੋਗਰਾਮਾਂ ਅਤੇ ਲੋਕ-ਰੰਗਾਂ ਨੇ ਮੇਲੇ ਨੂੰ ਯਾਦਗਾਰੀ ਬਣਾ ਦਿੱਤਾ।
‘ਪੰਜਾਬੀ ਵਿਲੇਜ ਹੈਰੀਟੇਜ ਫੈਸਟੀਵਲ’ ਨੇ ਜਿੱਥੇ ਪੰਜਾਬੀ ਭਾਈਚਾਰੇ ਨੂੰ ਆਪਣੀਆਂ ਜੜ੍ਹਾਂ ਅਤੇ ਪੁਰਾਤਨ ਵਿਰਸੇ ਨਾਲ ਜੋੜਿਆ, ਉੱਥੇ ਨਵੀਂ ਪੀੜ੍ਹੀ ਨੂੰ ਵੀ ਪੰਜਾਬ ਦੇ ਪੇਂਡੂ ਸੱਭਿਆਚਾਰ, ਲੋਕ-ਖੇਡਾਂ, ਲੋਕ-ਸੰਗੀਤ ਅਤੇ ਰਵਾਇਤੀ ਜੀਵਨ ਬਾਰੇ ਜਾਣੂ ਕਰਵਾਉਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ। ਮੇਲੇ ਦੌਰਾਨ ਸੱਭਿਆਚਾਰ, ਭਾਈਚਾਰਕ ਸਾਂਝ ਅਤੇ ਖੁਸ਼ੀਆਂ ਦਾ ਅਜਿਹਾ ਸੁਮੇਲ ਦੇਖਣ ਨੂੰ ਮਿਲਿਆ ਕਿ ‘ਪੰਜਾਬੀ ਵਿਲੇਜ’ ਸਰੀ ਵਿੱਚ ਪੰਜਾਬ ਦਾ ਨਿੱਕਾ ਜਿਹਾ ਪਿੰਡ ਬਣ ਕੇ ਵੱਸਿਆ ਨਜ਼ਰ ਆਇਆ।