HomeCanadaਫ਼ਰੀਮੌਂਟ ਵਿੱਚ ਹੋਵੇਗੀ ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਦੀ 26ਵੀਂ ਕਾਨਫ਼ਰੰਸ 27 ਸਤੰਬਰ...

ਫ਼ਰੀਮੌਂਟ ਵਿੱਚ ਹੋਵੇਗੀ ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਦੀ 26ਵੀਂ ਕਾਨਫ਼ਰੰਸ 27 ਸਤੰਬਰ ਨੂੰ

ਕਾਨਫ਼ਰੰਸ ਵਿਚ ਭਾਰਤ, ਪਾਕਿਸਤਾਨ, ਕੈਨੇਡਾ ਤੇ ਅਮਰੀਕਾ ਤੋਂ ਸਾਹਿਤਕਾਰ ਹੋਣਗੇ ਸ਼ਾਮਲ

ਹੇਵਰਡ, ( ਹਰਦਮ ਮਾਨ )  ਬੀਤੇ ਦਿਨੀਂ ਵਿਪਸਾ (ਵਿਸ਼ਵ ਪੰਜਾਬੀ ਸਾਹਿਤ ਅਕਾਦਮੀ) ਵੱਲੋਂ ਮੂਨ ਰੈਸਟੋਰੈਂਟ, ਹੇਵਰਡ ਵਿਖੇ ਕਰਵਾਈ ਗਈ ਮਾਸਿਕ ਸਾਹਿਤਕ ਮਿਲਣੀ ਵਿੱਚ ਅਕੈਡਮੀ ਦੀ 26ਵੀਂ ਸਾਹਿਤਕ ਕਾਨਫ਼ਰੰਸ ਦੀਆਂ ਤਿਆਰੀਆਂ ਸਬੰਧੀ ਵਿਸਥਾਰਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਅਕੈਡਮੀ ਦੇ ਜਨਰਲ ਸਕੱਤਰ ਜਗਜੀਤ ਸਿੰਘ ਨੌਸ਼ਹਿਰਵੀ ਨੇ ਦੱਸਿਆ ਹੈ ਕਿ 26ਵੀਂ ਸਾਹਿਤਕ ਕਾਨਫ਼ਰੰਸ 27 ਸਤੰਬਰ, ਦਿਨ ਐਤਵਾਰ, ਸਵੇਰੇ 9:30 ਵਜੇ ਤੋਂ ਸ਼ਾਮ 8:00 ਵਜੇ ਤੱਕ ਪੈਰਾਡਾਈਜ਼ ਬਾਲਰੂਮ, 4100 Peralta Blvd., Fremont, CA 94539 ਵਿਖੇ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਕਾਨਫ਼ਰੰਸ ਵਿੱਚ ਭਾਰਤ, ਪਾਕਿਸਤਾਨ, ਪੰਜਾਬ, ਜੰਮੂ, ਕੈਨੇਡਾ ਅਤੇ ਅਮਰੀਕਾ ਤੋਂ ਨਾਮਵਰ ਸਾਹਿਤਕਾਰ, ਕਵੀ ਅਤੇ ਵਿਦਵਾਨ ਸ਼ਿਰਕਤ ਕਰਨਗੇ।

ਅਕੈਡਮੀ ਦੇ ਪ੍ਰਧਾਨ ਕੁਲਵਿੰਦਰ ਮੀਟਿੰਗ ਵਿਚ ਦੱਸਿਆ ਕਿ ਕਾਨਫ਼ਰੰਸ ਵਿੱਚ ਲਹਿੰਦੇ ਪੰਜਾਬ ਤੋਂ ਡਾ. ਨਬੀਲਾ ਰਹਿਮਾਨ, ਚੜ੍ਹਦੇ ਪੰਜਾਬ ਤੋਂ ਡਾ. ਰਾਜੇਸ਼ ਸ਼ਰਮਾ ਅਤੇ ਡਾ. ਆਤਮ ਰੰਧਾਵਾ, ਜੰਮੂ ਤੋਂ ਡਾ. ਮੋਨੋਜੀਤ ਸਿੰਘ ਅਤੇ ਕੈਨੇਡਾ ਤੋਂ ਸ਼ਾਇਰ ਜਸਵਿੰਦਰ, ਰਾਜਵੰਤ ਰਾਜ, ਹਰਦਮ ਸਿੰਘ ਮਾਨ, ਸੁਰਜੀਤ ਕੌਰ ਅਤੇ ਪਿਆਰਾ ਸਿੰਘ ਕੁੱਦੋਵਾਲ ਆਪਣੀ ਹਾਜ਼ਰੀ ਲਗਵਾਉਣਗੇ। ਅਮਰੀਕਾ ਦੇ ਸਥਾਨਕ ਸਾਹਿਤਕਾਰਾਂ ਤੋਂ ਇਲਾਵਾ ਬਲਦੇਵ ਸਿੰਘ ਗਰੇਵਾਲ ਅਤੇ ਸੁਰਿੰਦਰ ਸੋਹਲ ਵੀ ਕਾਨਫ਼ਰੰਸ ਵਿੱਚ ਸ਼ਾਮਲ ਹੋਣਗੇ।

ਉਨ੍ਹਾਂ ਦੱਸਿਆ ਕਿ ਇਸ ਵਾਰ ਦੀ ਕਾਨਫ਼ਰੰਸ ਪੰਜਾਬੀ ਭਾਸ਼ਾ ਨੂੰ ਸਮਰਪਿਤ ਕੀਤੀ ਜਾ ਰਹੀ ਹੈ। ਸਮਾਗਮ ਦਾ ਆਗਾਜ਼ ਪ੍ਰਸਿੱਧ ਸੂਫ਼ੀ ਗਾਇਕ ਸੁਖਦੇਵ ਸਾਹਿਲ ਵੱਲੋਂ ਸ਼ਬਦ ਗਾਇਨ ਨਾਲ ਹੋਵੇਗਾ। ਪੰਜਾਬੀ ਭਾਸ਼ਾ ਦੇ ਵਰਤਮਾਨ, ਭਵਿੱਖ ਅਤੇ ਨਵੀਂ ਪੀੜ੍ਹੀ ਨਾਲ ਇਸ ਦੇ ਸਬੰਧਾਂ ਸਮੇਤ ਵੱਖ-ਵੱਖ ਪੱਖਾਂ ਨੂੰ ਵਿਚਾਰਨ ਲਈ ਚਾਰ ਵਿਸ਼ੇਸ਼ ਸੈਸ਼ਨ ਕਰਵਾਏ ਜਾਣਗੇ। ਇਨ੍ਹਾਂ ਵਿੱਚੋਂ ਇੱਕ ਵਿਸ਼ੇਸ਼ ਸੈਸ਼ਨ ਬੱਚਿਆਂ ਅਤੇ ਨੌਜਵਾਨਾਂ ਲਈ ਹੋਵੇਗਾ ਤਾਂ ਜੋ ਨਵੀਂ ਪੀੜ੍ਹੀ ਨੂੰ ਪੰਜਾਬੀ ਭਾਸ਼ਾ ਅਤੇ ਸਾਹਿਤ ਨਾਲ ਜੋੜਨ ਦੇ ਮੁੱਦੇ ’ਤੇ ਗੰਭੀਰ ਸੰਵਾਦ ਕੀਤਾ ਜਾ ਸਕੇ।

ਕਾਨਫਰੰਸ ਦੌਰਾਨ ਕੁਝ ਨਵੀਆਂ ਪ੍ਰਕਾਸ਼ਿਤ ਪੁਸਤਕਾਂ ਲੋਕ ਅਰਪਣ ਕੀਤੀਆਂ ਜਾਣਗੀਆਂ, ਕਵੀ ਦਰਬਾਰ ਹੋਵੇਗਾ, ਜਿਸ ਵਿੱਚ ਵੱਖ-ਵੱਖ ਦੇਸ਼ਾਂ ਤੋਂ ਪਹੁੰਚੇ ਕਵੀ ਆਪਣੀਆਂ ਰਚਨਾਵਾਂ ਨਾਲ ਕਾਵਿਕ ਰੰਗ ਭਰਨਗੇ। ਸਾਹਿਤ ਅਤੇ ਪੰਜਾਬੀ ਭਾਸ਼ਾ ਦੇ ਖੇਤਰ ਵਿੱਚ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਮਾਣ ਸਨਮਾਨ ਕੀਤਾ ਜਾਵੇਗਾ।

ਕੁਲਵਿੰਦਰ ਨੇ ਕਾਨਫ਼ਰੰਸ ਨੂੰ ਸਹਿਯੋਗ ਦੇਣ ਵਾਲੇ ਸਪਾਂਸਰਾਂ ਡਾ. ਜਸਵੀਰ ਸਿੰਘ ਗਿੱਲ, ਗੁਰਪ੍ਰੀਤ ਸਿੰਘ ਧੁੱਗਾ, ਪ੍ਰੋ. ਲਾਲੀ ਧਨੋਆ, ਪ੍ਰੋ. ਸੁਖਦੇਵ ਸਿੰਘ, ਡਾ. ਸਰਬਜੀਤ ਹੁੰਦਲ, ਪੰਜਾਬ ਲੋਕ ਰੰਗ ਦੇ ਸੁਰਿੰਦਰ ਸਿੰਘ ਧਨੋਆ, ਡਾ. ਅਜੀਤਪਾਲ ਸੰਧੂ ਅਤੇ ਰਾਜਾ ਸਵੀਟਸ ਦੇ ਰਵਿੰਦਰ ਸਿੰਘ ਤੇ ਮੱਖਣ ਬੈਂਸ ਦਾ ਅਗਾਊਂ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਅਕੈਡਮੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਮੈਂਬਰਸ਼ਿਪ ਦੇ ਨਾਲ ਨਾਲ ਕਾਨਫ਼ਰੰਸ ਲਈ ਵੀ ਸਪਾਂਸਰਸ਼ਿਪ ਦਿੱਤੀ ਗਈ ਹੈ।

ਬੈਠਕ ਵਿੱਚ ਹਾਜ਼ਰ ਸਮੂਹ ਮੈਂਬਰਾਂ ਨੇ ਕਾਨਫ਼ਰੰਸ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਆਪਣੀ ਪੂਰੀ ਵਚਨਬੱਧਤਾ ਪ੍ਰਗਟਾਈ ਅਤੇ ਆਪੋ-ਆਪਣੀਆਂ ਜ਼ਿੰਮੇਵਾਰੀਆਂ ਨੂੰ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਵਿਪਸਾ ਮੈਂਬਰਾਂ ਵੱਲੋਂ ਰਾਜਵੰਤ ਕੌਰ ਸੰਧੂ ਦੇ ਪਾਕਿਸਤਾਨੀ ਸਫ਼ਰਨਾਮੇ ‘ਮੇਰੇ ਪਿਤਾ ਦੀ ਕੁਰਸੀ’ ਦੀ ਮੂੰਹ ਵਿਖਾਈ ਵੀ ਕੀਤੀ ਗਈ।

ਮੀਟਿੰਗ ਵਿੱਚ ਹਰਜਿੰਦਰ ਕੰਗ, ਡਾ. ਸੁਖਵਿੰਦਰ ਕੰਬੋਜ, ਪ੍ਰੋ. ਸੁਰਿੰਦਰ ਸੀਰਤ, ਸੁਰਜੀਤ ਸਖੀ, ਅਮਰਜੀਤ ਕੌਰ ਪੰਨੂੰ, ਅਮਰਜੀਤ ਸਿੰਘ ਜੌਹਲ, ਪ੍ਰੋ. ਬਲਜਿੰਦਰ ਸਿੰਘ ਸਵੈਚ, ਮੁਕੇਸ਼ ਸ਼ਰਮਾ, ਡਾ. ਪ੍ਰਿਥੀਪਾਲ ਸਿੰਘ ਸੋਹੀ, ਹਰਿੰਦਰ ਕੌਰ ਸੋਹੀ, ਸੰਦੀਪ ਕੌਰ, ਧਰਵਿੰਦਰ, ਪ੍ਰੋ. ਸੁਖਦੇਵ ਸਿੰਘ, ਸਰਪੰਚ ਮਹਿੰਗਾ ਸਿੰਘ ਸੰਧੂ, ਕੰਵਲਦੀਪ ਕੌਰ, ਬ੍ਰਜਿੰਦਰ ਸਿੰਘ, ਵਿਜੇ ਸਿੰਘ, ਮਨਜੀਤ ਪਲਾਹੀ, ਨਵਦੀਪ ਕੌਰ ਕੰਬੋਜ ਅਤੇ ਲਾਜ ਨੀਲਮ ਸੈਣੀ ਹਾਜ਼ਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments