ਖ਼ਜ਼ਾਨਾ ਮੰਤਰੀ ਦਾ ਪੁਤਲਾ ਫੂਕਿਆ, ਮੁੱਖ ਮੰਤਰੀ ਅਤੇ ਡੀਜੀਪੀ ਦੇ ਨਾਂ ਐੱਸਐੱਸਪੀ ਨੂੰ ਸੌਂਪਿਆ ਮੰਗ ਪੱਤਰ
ਗੁਲਜ਼ਾਰ ਸਿੰਘ ਦੇ ਕਥਿਤ ਖ਼ੁਦਕੁਸ਼ੀ ਮਾਮਲੇ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਬਠਿੰਡਾ ਵਿੱਚ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਖ਼ਜ਼ਾਨਾ ਮੰਤਰੀ ਦਾ ਪੁਤਲਾ ਫੂਕਿਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਦੇ ਨਾਂ ਐੱਸਐੱਸਪੀ ਨੂੰ ਮੰਗ ਪੱਤਰ ਸੌਂਪਿਆ।
ਜ਼ਿਲ੍ਹਾ ਕਾਂਗਰਸ (ਸ਼ਹਿਰੀ) ਬਠਿੰਡਾ ਦੇ ਪ੍ਰਧਾਨ ਐਡਵੋਕੇਟ ਰਾਜਨ ਗਰਗ ਦੀ ਅਗਵਾਈ ਹੇਠ ਹੋਏ ਇਸ ਪ੍ਰਦਰਸ਼ਨ ਵਿੱਚ ਪਾਰਟੀ ਦੇ ਵੱਖ-ਵੱਖ ਵਿੰਗਾਂ ਨਾਲ ਸਬੰਧਤ ਅਹੁਦੇਦਾਰਾਂ ਅਤੇ ਵਰਕਰਾਂ ਨੇ ਹਿੱਸਾ ਲਿਆ। ਪ੍ਰਦਰਸ਼ਨ ਦੌਰਾਨ ਕਾਂਗਰਸੀ ਆਗੂਆਂ ਨੇ ਮੰਗ ਕੀਤੀ ਕਿ ਗੁਲਜ਼ਾਰ ਸਿੰਘ ਦੇ ਮਾਮਲੇ ਵਿੱਚ ਦਰਜ ਕੇਸ ਵਿੱਚ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਵੀ ਨਾਮਜ਼ਦ ਕੀਤਾ ਜਾਵੇ।
ਕਾਂਗਰਸ ਆਗੂਆਂ ਨੇ ਮੰਗ ਕੀਤੀ ਕਿ ਹਰਪਾਲ ਸਿੰਘ ਚੀਮਾ ਨੂੰ ਤੁਰੰਤ ਮੰਤਰੀ ਮੰਡਲ ਵਿੱਚੋਂ ਬਰਖ਼ਾਸਤ ਕੀਤਾ ਜਾਵੇ ਅਤੇ ਮਾਮਲੇ ਦੀ ਜਾਂਚ ਦੇ ਮੱਦੇਨਜ਼ਰ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇ।
ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ, ਮੀਤ ਪ੍ਰਧਾਨ ਅਤੇ ਮੀਡੀਆ ਇੰਚਾਰਜ ਰੁਪਿੰਦਰ ਬਿੰਦਰਾ, ਡਾਇਰੈਕਟਰ ਟਹਿਲ ਸਿੰਘ ਸੰਧੂ, ਬੀਬਾ ਅੰਮ੍ਰਿਤ ਗਿੱਲ, ਕਿਰਨਦੀਪ ਕੌਰ ਵਿਰਕ, ਦਰਸ਼ਨ ਸਿੰਘ ਜੀਦਾ, ਅਸ਼ੋਕ ਕੁਮਾਰ, ਅਰੁਣ ਵਧਾਵਨ ਅਤੇ ਬਲਜਿੰਦਰ ਸਿੰਘ ਠੇਕੇਦਾਰ ਨੇ ਦੋਸ਼ ਲਾਇਆ ਕਿ ਨਸ਼ਿਆਂ ਦੇ ਮੁੱਦੇ ’ਤੇ ਸਰਕਾਰ ਤੋਂ ਸਵਾਲ ਪੁੱਛਣ ਵਾਲੇ ਲੋਕਾਂ ਨਾਲ ਕਥਿਤ ਤੌਰ ’ਤੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ।
ਕਾਂਗਰਸੀ ਆਗੂਆਂ ਨੇ ਦੋਸ਼ ਲਾਇਆ ਕਿ ਗੁਲਜ਼ਾਰ ਸਿੰਘ ਨੂੰ ਵੀ ਕਥਿਤ ਤੌਰ ’ਤੇ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ, ਜਿਸ ਤੋਂ ਬਾਅਦ ਉਸ ਨੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਪੁਲੀਸ ਵੱਲੋਂ ਕੁਝ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਪਰ ਕਾਂਗਰਸ ਦੇ ਅਨੁਸਾਰ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਜਾਣਬੁੱਝ ਕੇ ਇਸ ਮਾਮਲੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ।
ਆਗੂਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਇਸ ਮਾਮਲੇ ਨੂੰ ਲੈ ਕੇ ਆਪਣਾ ਸੰਘਰਸ਼ ਜਾਰੀ ਰੱਖੇਗੀ ਅਤੇ ਜਦੋਂ ਤੱਕ ਖ਼ਜ਼ਾਨਾ ਮੰਤਰੀ ਨੂੰ ਮੰਤਰੀ ਮੰਡਲ ਵਿੱਚੋਂ ਬਰਖ਼ਾਸਤ ਨਹੀਂ ਕੀਤਾ ਜਾਂਦਾ, ਉਦੋਂ ਤੱਕ ਪਾਰਟੀ ਚੁੱਪ ਨਹੀਂ ਬੈਠੇਗੀ।
ਇਸ ਮੌਕੇ ਕਿਰਨਜੀਤ ਸਿੰਘ ਗਹਿਰੀ ਅਤੇ ਸੁਰਜੀਤ ਸਿੰਘ ਮੋਖਾ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਸਮੇਤ ਹਰ ਮੋਰਚੇ ’ਤੇ ਨਾਕਾਮ ਸਾਬਤ ਹੋਈ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਦੀ ਸਖ਼ਤ ਆਲੋਚਨਾ ਕੀਤੀ।
ਉਨ੍ਹਾਂ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਪਾਰਟੀ ਪੰਜਾਬ ਸਰਕਾਰ ਖ਼ਿਲਾਫ਼ ਆਪਣਾ ਸੰਘਰਸ਼ ਹੋਰ ਤੇਜ਼ ਕਰੇਗੀ ਅਤੇ ਗੁਲਜ਼ਾਰ ਸਿੰਘ ਮਾਮਲੇ ਨੂੰ ਜਨਤਕ ਪੱਧਰ ’ਤੇ ਲਗਾਤਾਰ ਉਠਾਇਆ ਜਾਵੇਗਾ।
ਰੋਸ ਪ੍ਰਦਰਸ਼ਨ ਦੌਰਾਨ ਲਖਵਿੰਦਰ ਲੱਖਾ, ਮਾਧੋ ਸ਼ਰਮਾ, ਸੁਨੀਲ ਕੁਮਾਰ, ਬਲਜੀਤ ਸਿੰਘ, ਕਰਤਾਰ ਸਿੰਘ, ਦਪਿੰਦਰ ਮਿਸ਼ਰਾ, ਨਰੇਸ਼ ਗਰਗ, ਕਮਲਜੀਤ ਭੰਗੂ, ਵਿੱਕੀ ਨੰਬਰਦਾਰ, ਭਗਵਾਨ ਦਾਸ, ਭਾਰਤੀ ਭੁਪਿੰਦਰ ਸ਼ਰਮਾ, ਰੂਪ ਸਿੰਘ, ਦੀਪ ਝੁੰਬਾ, ਰਿਤੇਸ਼ ਕੁਮਾਰ, ਜਗਰਾਜ ਸਿੰਘ ਅਤੇ ਅਰਸ਼ਦੀਪ ਸਿੰਘ ਸਿੱਧੂ ਸਮੇਤ ਹੋਰ ਕਈ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।
