ਹਸਪਤਾਲ ਵਿੱਚ ਨਸ਼ਾ ਵਿਕਣ ਦੇ ਲਾਏ ਦੋਸ਼, ਤੂਰਬੰਜਾਰਾ ਦੇ ਗੁਲਜ਼ਾਰ ਸਿੰਘ ਨੂੰ ਸਮੇਂ ਸਿਰ ਵੈਂਟੀਲੇਟਰ ਨਾ ਮਿਲਣ ਦਾ ਮੁੱਦਾ ਵੀ ਚੁੱਕਿਆ
ਰਾਜਿੰਦਰਾ ਹਸਪਤਾਲ ਵਿੱਚ ਦਾਖ਼ਲ ਮੋਹਣਜੀਤ ਸਿੰਘ ਨੂੰ ਵੀਰਵਾਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਹਾਲਾਂਕਿ, ਛੁੱਟੀ ਮਿਲਣ ਤੋਂ ਬਾਅਦ ਵੀ ਮੋਹਣਜੀਤ ਸਿੰਘ ਨੇ ਕਿਹਾ ਕਿ ਉਸ ਦੇ ਸਿਰ ਦਾ ਦਰਦ ਅਜੇ ਤੱਕ ਪੂਰੀ ਤਰ੍ਹਾਂ ਠੀਕ ਨਹੀਂ ਹੋਇਆ ਅਤੇ ਉਸ ਨੂੰ ਕੰਨਾਂ ਤੋਂ ਉੱਚਾ ਸੁਣਾਈ ਦੇਣ ਦੀ ਸਮੱਸਿਆ ਵੀ ਮਹਿਸੂਸ ਹੋ ਰਹੀ ਹੈ। ਇਸ ਕਾਰਨ ਉਸ ਨੇ ਅੱਗੇ ਦਾ ਇਲਾਜ ਕਿਸੇ ਨਿੱਜੀ ਹਸਪਤਾਲ ਤੋਂ ਕਰਵਾਉਣ ਦੀ ਗੱਲ ਕਹੀ ਹੈ।
ਇਸ ਦੌਰਾਨ ਅਕਾਲੀ ਆਗੂ ਗੁਰਧਿਆਨ ਸਿੰਘ ਭਾਨਰੀ ਵੱਲੋਂ ਮੋਹਣਜੀਤ ਸਿੰਘ ਦਾ ਸਨਮਾਨ ਵੀ ਕੀਤਾ ਗਿਆ। ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਮੋਹਣਜੀਤ ਸਿੰਘ ਨੇ ਰਾਜਿੰਦਰਾ ਹਸਪਤਾਲ ਨੂੰ ਲੈ ਕੇ ਗੰਭੀਰ ਦੋਸ਼ ਲਾਏ। ਉਸ ਦਾ ਦਾਅਵਾ ਹੈ ਕਿ ਹਸਪਤਾਲ ਵਿੱਚ ਵੀ ਚਿੱਟਾ ਵਿਕ ਰਿਹਾ ਹੈ ਅਤੇ ਇਸ ਸਬੰਧੀ ਉਸ ਕੋਲ ਵੀਡੀਓ ਰੂਪ ਵਿੱਚ ਸਬੂਤ ਵੀ ਮੌਜੂਦ ਹਨ।
ਮੋਹਣਜੀਤ ਸਿੰਘ ਨੇ ਨਿੱਜੀ ਹਸਪਤਾਲ ਤੋਂ ਇਲਾਜ ਕਰਵਾਉਣ ਦੇ ਆਪਣੇ ਫ਼ੈਸਲੇ ਨੂੰ ਜਾਇਜ਼ ਠਹਿਰਾਉਂਦਿਆਂ ਤੂਰਬੰਜਾਰਾ ਦੇ ਗੁਲਜ਼ਾਰ ਸਿੰਘ ਦਾ ਮਾਮਲਾ ਵੀ ਚੁੱਕਿਆ। ਉਸ ਦਾ ਕਹਿਣਾ ਹੈ ਕਿ ਗੁਲਜ਼ਾਰ ਸਿੰਘ ਨੂੰ ਵੈਂਟੀਲੇਟਰ ਦੀ ਸਹੂਲਤ ਸਮੇਂ ਸਿਰ ਨਹੀਂ ਮਿਲ ਸਕੀ। ਮੋਹਣਜੀਤ ਸਿੰਘ ਨੇ ਕਿਹਾ ਕਿ ਜੇਕਰ ਗੁਲਜ਼ਾਰ ਸਿੰਘ ਦਾ ਸਮੇਂ ਸਿਰ ਵੈਂਟੀਲੇਟਰ ਦੀ ਸਹੂਲਤ ਨਾਲ ਇਲਾਜ ਸ਼ੁਰੂ ਹੋ ਜਾਂਦਾ ਤਾਂ ਸੰਭਵ ਹੈ ਕਿ ਉਸ ਦੀ ਜਾਨ ਬਚਾਈ ਜਾ ਸਕਦੀ ਸੀ।
ਦੂਜੇ ਪਾਸੇ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਵਿਸ਼ਾਲ ਚੋਪੜਾ ਨੇ ਮੋਹਣਜੀਤ ਸਿੰਘ ਵੱਲੋਂ ਹਸਪਤਾਲ ਸਬੰਧੀ ਲਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ।
ਕਥਿਤ ਪੁਲੀਸ ਤਸ਼ੱਦਦ ਦੇ ਮਾਮਲੇ ਨੂੰ ਲੈ ਕੇ ਮੋਹਣਜੀਤ ਸਿੰਘ ਦਾ ਕਈ ਪ੍ਰਮੁੱਖ ਹਸਤੀਆਂ ਵੱਲੋਂ ਹਾਲ-ਚਾਲ ਵੀ ਪੁੱਛਿਆ ਗਿਆ ਹੈ। ਮੋਹਣਜੀਤ ਸਿੰਘ ਨੇ ਦੱਸਿਆ ਕਿ ਹਸਪਤਾਲ ਵਿੱਚ ਦਾਖ਼ਲ ਰਹਿਣ ਦੌਰਾਨ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਫੋਨ ਰਾਹੀਂ ਉਸ ਦੀ ਸਿਹਤ ਬਾਰੇ ਜਾਣਕਾਰੀ ਲਈ।
ਉਸ ਨੇ ਇਹ ਵੀ ਦੱਸਿਆ ਕਿ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਵੀ ਉਸ ਨਾਲ ਫੋਨ ’ਤੇ ਗੱਲਬਾਤ ਕਰਕੇ ਉਸ ਦੀ ਹੱਡਬੀਤੀ ਸੁਣੀ। ਮੋਹਣਜੀਤ ਸਿੰਘ ਮੁਤਾਬਕ ਰਾਜਾ ਵੜਿੰਗ ਦੇ ਫੋਨ ਰਾਹੀਂ ਰਾਹੁਲ ਗਾਂਧੀ ਨੇ ਉਸ ਦਾ ਹਾਲ-ਚਾਲ ਪੁੱਛਿਆ ਅਤੇ ਪੰਜਾਬ ਵਿੱਚ ਨਸ਼ਿਆਂ ਦੇ ਮਾਮਲੇ ’ਤੇ ਚਿੰਤਾ ਪ੍ਰਗਟ ਕੀਤੀ। ਉਸ ਨੇ ਦਾਅਵਾ ਕੀਤਾ ਕਿ ਰਾਹੁਲ ਗਾਂਧੀ ਨੇ ਪੰਜਾਬ ਸਰਕਾਰ ਦੇ ਰਵੱਈਏ ਦੀ ਵੀ ਨਿਖੇਧੀ ਕੀਤੀ।
