ਭੂ-ਰਾਜਨੀਤਿਕ ਤਣਾਅ ਵਿਚਕਾਰ ਸਹਿਯੋਗ ਅਤੇ ਸਮਾਵੇਸ਼ੀ ਵਿਕਾਸ ’ਤੇ ਜ਼ੋਰ; ਕਈ ਦੇਸ਼ਾਂ ਦੇ ਆਗੂਆਂ ਨਾਲ ਦੁਵੱਲੀਆਂ ਬੈਠਕਾਂ ਦਾ ਵੀ ਪ੍ਰੋਗਰਾਮ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਦੁਨੀਆ ਭਰ ਵਿੱਚ ਵਧ ਰਹੇ ਭੂ-ਰਾਜਨੀਤਿਕ ਤਣਾਅ ਦਾ ਸਿੱਧਾ ਅਸਰ ਆਮ ਲੋਕਾਂ ’ਤੇ ਪੈ ਰਿਹਾ ਹੈ। ਅਜਿਹੇ ਸਮੇਂ ਵਿੱਚ ਬ੍ਰਿਕਸ ਨੂੰ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਆਪਸੀ ਸਹਿਯੋਗ, ਸਮਾਵੇਸ਼ੀ ਵਿਕਾਸ ਅਤੇ ਸਾਂਝੀ ਤਰੱਕੀ ਦਾ ਰਸਤਾ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬ੍ਰਿਕਸ ਦਾ ਉਦੇਸ਼ ਮਨੁੱਖਤਾ ਦੇ ਸਾਂਝੇ ਭਲੇ ਨੂੰ ਅੱਗੇ ਵਧਾਉਣਾ ਹੋਣਾ ਚਾਹੀਦਾ ਹੈ।
ਭਾਰਤ ਵੱਲੋਂ ਆਯੋਜਿਤ ਦੋ ਰੋਜ਼ਾ ਬ੍ਰਿਕਸ ਸੰਮੇਲਨ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਤਕਨਾਲੋਜੀ ਅਤੇ ਜ਼ਰੂਰੀ ਖਣਿਜਾਂ ਦੇ ਹਥਿਆਰੀਕਰਨ ’ਤੇ ਗੰਭੀਰ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਤਕਨਾਲੋਜੀ ਅਤੇ ਅਹਿਮ ਖਣਿਜਾਂ ਨੂੰ ਹਥਿਆਰ ਵਜੋਂ ਵਰਤਣ ਦਾ ਰੁਝਾਨ ਦੁਨੀਆ ਦੀ ਸਾਂਝੀ ਤਰੱਕੀ ਅਤੇ ਖ਼ੁਸ਼ਹਾਲੀ ਦੀ ਰਫ਼ਤਾਰ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਬ੍ਰਿਕਸ ਸੰਮੇਲਨ ਦੇ ਦੂਜੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੀਂ ਦਿੱਲੀ ਦੇ ਭਾਰਤ ਮੰਡਪਮ ਪਹੁੰਚੇ। ਸੰਮੇਲਨ ਦੌਰਾਨ ਆਗੂਆਂ ਨੇ ਬ੍ਰਿਕਸ ਦੇ ਕੇਂਦਰੀ ਵਿਸ਼ੇ ਨਾਲ ਜੁੜੇ ਮੁੱਖ ਥੰਮ੍ਹਾਂ—ਲਚਕੀਲਾਪਣ, ਨਵੀਨਤਾ, ਸਹਿਯੋਗ ਅਤੇ ਸਥਿਰਤਾ—’ਤੇ ਵਿਚਾਰ-ਵਟਾਂਦਰਾ ਕੀਤਾ। ਭਾਰਤ ਵੱਲੋਂ ਸਾਲ 2026 ਲਈ ਬ੍ਰਿਕਸ ਦੀ ਪ੍ਰਧਾਨਗੀ ਸੰਭਾਲਦਿਆਂ ਇਸ ਸਾਲਾਨਾ ਸਿਖਰ ਸੰਮੇਲਨ ਦੀ ਮੇਜ਼ਬਾਨੀ ਕੀਤੀ ਜਾ ਰਹੀ ਹੈ।
ਇਸ ਖੁੱਲ੍ਹੇ ਸੈਸ਼ਨ ਦਾ ਉਦੇਸ਼ ਬ੍ਰਿਕਸ ਮੈਂਬਰ ਦੇਸ਼ਾਂ ਵਿਚਕਾਰ ਸਾਂਝੇ ਹਿੱਤਾਂ ਨਾਲ ਜੁੜੇ ਮੁੱਦਿਆਂ ’ਤੇ ਚਰਚਾ ਕਰਨਾ ਅਤੇ ਵਿਸ਼ਵ ਪੱਧਰ ’ਤੇ ਵਿਕਾਸ ਲਈ ਵਧੇਰੇ ਸਮਾਵੇਸ਼ੀ ਪਹੁੰਚ ਨੂੰ ਅੱਗੇ ਵਧਾਉਣਾ ਰਿਹਾ। ਆਗੂਆਂ ਨੇ ਮੈਂਬਰ ਦੇਸ਼ਾਂ ਵਿਚਕਾਰ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ ’ਤੇ ਵੀ ਵਿਚਾਰ ਕੀਤਾ।
ਕਈ ਦੇਸ਼ਾਂ ਦੇ ਆਗੂਆਂ ਨਾਲ ਦੁਵੱਲੀਆਂ ਬੈਠਕਾਂ
ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਈ ਦੇਸ਼ਾਂ ਦੇ ਆਗੂਆਂ ਨਾਲ ਮਹੱਤਵਪੂਰਨ ਦੁਵੱਲੀਆਂ ਬੈਠਕਾਂ ਵੀ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਵਿੱਚ ਦੱਖਣੀ ਅਫ਼ਰੀਕਾ, ਕਜ਼ਾਖਸਤਾਨ, ਫਿਲੀਪੀਨਜ਼, ਮਿਸਰ, ਬੁਰੁੰਡੀ, ਯੂਗਾਂਡਾ ਅਤੇ ਨਾਈਜੀਰੀਆ ਦੇ ਆਗੂ ਸ਼ਾਮਲ ਹਨ।
ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਨਾਲ ਮੁਲਾਕਾਤ ਦੌਰਾਨ ਦੋਵਾਂ ਦੇਸ਼ਾਂ ਦੇ ਸਬੰਧਾਂ ਅਤੇ ਸਾਂਝੇ ਹਿੱਤਾਂ ਨਾਲ ਜੁੜੇ ਮੁੱਦਿਆਂ ’ਤੇ ਚਰਚਾ ਹੋਣ ਦੀ ਉਮੀਦ ਹੈ। ਰਾਮਾਫੋਸਾ ਨੇ ਇਸ ਤੋਂ ਪਹਿਲਾਂ ‘ਸਮਾਵੇਸ਼ੀ ਵਿਸ਼ਵ ਸ਼ਾਸਨ’ ਨਾਲ ਸਬੰਧਤ ਸੈਸ਼ਨ ਵਿੱਚ ਹਿੱਸਾ ਲਿਆ ਸੀ ਅਤੇ ‘ਭਾਰਤ ਇਨੋਵੇਟਸ’ ਪ੍ਰਦਰਸ਼ਨੀ ਦਾ ਦੌਰਾ ਵੀ ਕੀਤਾ ਸੀ।
ਪ੍ਰਧਾਨ ਮੰਤਰੀ ਮੋਦੀ ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਾਹ ਅਲ-ਸੀਸੀ ਨਾਲ ਵੀ ਮੁਲਾਕਾਤ ਕਰਨਗੇ। ਇਸ ਤੋਂ ਇਲਾਵਾ ਭਾਰਤ ਵੱਲੋਂ ਏਸ਼ੀਆਈ ਅਤੇ ਅਫ਼ਰੀਕੀ ਦੇਸ਼ਾਂ ਨਾਲ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਯਤਨਾਂ ਤਹਿਤ ਕਜ਼ਾਖਸਤਾਨ ਦੇ ਰਾਸ਼ਟਰਪਤੀ ਕਾਸਿਮ-ਜੋਮਾਰਟ ਤੋਕਾਯੇਵ, ਫਿਲੀਪੀਨਜ਼ ਦੇ ਰਾਸ਼ਟਰਪਤੀ ਫਰਡੀਨੈਂਡ ਆਰ. ਮਾਰਕੋਸ ਜੂਨੀਅਰ, ਬੁਰੁੰਡੀ ਦੇ ਰਾਸ਼ਟਰਪਤੀ ਇਵਾਰਿਸਤੇ ਨਦਾਈਸ਼ਿਮੀਏ, ਯੂਗਾਂਡਾ ਦੀ ਉਪ-ਰਾਸ਼ਟਰਪਤੀ ਜੈਸਿਕਾ ਅਲੂਪੋ ਅਤੇ ਨਾਈਜੀਰੀਆ ਦੇ ਉਪ-ਰਾਸ਼ਟਰਪਤੀ ਕਾਸ਼ਿਮ ਸ਼ੇਟਿਮਾ ਨਾਲ ਵੀ ਗੱਲਬਾਤ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਬ੍ਰਿਕਸ ਆਗੂਆਂ ਨੇ ਸਰਬਸੰਮਤੀ ਨਾਲ ਨਵੀਂ ਦਿੱਲੀ ਐਲਾਨਨਾਮੇ ਨੂੰ ਅਪਣਾਇਆ ਸੀ। ਸੰਮੇਲਨ ਵਿੱਚ ਵਿਸ਼ਵ ਪੱਧਰੀ ਚੁਣੌਤੀਆਂ ਦੇ ਹੱਲ ਲਈ ਆਪਸੀ ਸਹਿਯੋਗ, ਸਾਂਝੇ ਵਿਕਾਸ ਅਤੇ ਬਹੁਪੱਖੀ ਵਿਵਸਥਾ ਨੂੰ ਮਜ਼ਬੂਤ ਕਰਨ ’ਤੇ ਵੀ ਜ਼ੋਰ ਦਿੱਤਾ ਗਿਆ।
