ਪੁਰਾਤਨ ਵਿਰਾਸਤ ਨੂੰ ਸੰਭਾਲਦਿਆਂ ਸੇਵਾ ਸੰਭਾਲ ਮਗਰੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼; ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਨਿਭਾਈ ਸੇਵਾ
ਮਲੇਸ਼ੀਆ ਦੇ ਪੇਨਾਂਗ ਸੂਬੇ ਵਿੱਚ ਸਥਿਤ ਇਤਿਹਾਸਕ ‘ਵੱਡਾ ਗੁਰਦੁਆਰਾ ਸਾਹਿਬ’ ਦੀ ਸਥਾਪਨਾ ਦੀ 125ਵੀਂ ਵਰ੍ਹੇਗੰਢ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਗੁਰੂ ਘਰ ਦੀ ਪੁਰਾਤਨ ਦਿੱਖ ਅਤੇ ਇਤਿਹਾਸਕ ਵਿਰਾਸਤ ਨੂੰ ਬਰਕਰਾਰ ਰੱਖਦਿਆਂ ਸੇਵਾ ਸੰਭਾਲ ਦਾ ਕੰਮ ਮੁਕੰਮਲ ਹੋਣ ਉਪਰੰਤ ਗੁਰੂ ਗ੍ਰੰਥ ਸਾਹਿਬ ਦਾ ਮੁੜ ਪ੍ਰਕਾਸ਼ ਕੀਤਾ ਗਿਆ।
ਇਸ ਵਿਸ਼ੇਸ਼ ਮੌਕੇ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਮਲੇਸ਼ੀਆ ਪੁੱਜੇ। ਅੰਮ੍ਰਿਤ ਵੇਲੇ ਵੱਡਾ ਗੁਰਦੁਆਰਾ ਸਾਹਿਬ ਵਿਖੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸੁਖਾਸਨ ਅਸਥਾਨ ਤੋਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬੀੜ ਨੂੰ ਦਰਬਾਰ ਅੰਦਰ ਸੁਸ਼ੋਭਿਤ ਕੀਤਾ ਗਿਆ।
ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਚੌਰ ਸਾਹਿਬ ਦੀ ਸੇਵਾ ਨਿਭਾਈ ਅਤੇ ਪਾਵਨ ਬੀੜ ਨੂੰ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਕਰਨ ਦੀ ਸੇਵਾ ਵੀ ਕੀਤੀ। ਅਰਦਾਸ ਉਪਰੰਤ ਦਰਬਾਰ ਦੀ ਮਰਿਆਦਾ ਆਰੰਭ ਕੀਤੀ ਗਈ ਅਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਸੰਗਤ ਨੂੰ ਹੁਕਮਨਾਮਾ ਸਰਵਣ ਕਰਵਾਇਆ ਗਿਆ।
ਇਸ ਤੋਂ ਬਾਅਦ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੇਨਾਂਗ ਦੀ ਸੂਬਾ ਸਰਕਾਰ ਵੱਲੋਂ ਸਾਂਝੇ ਤੌਰ ’ਤੇ ਗੁਰੂ ਘਰ ਦੀ ਇਮਾਰਤ ਨੂੰ ਰਸਮੀ ਤੌਰ ’ਤੇ ਮੁੜ ਆਰੰਭ ਕਰਨ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਜਥੇਦਾਰ ਗੜਗੱਜ ਤੋਂ ਇਲਾਵਾ ਮਲੇਸ਼ੀਆ ਸਰਕਾਰ ਦੇ ਕੇਂਦਰੀ ਮੰਤਰੀ ਯਾਈ ਬੀ ਸਟੀਵਨ ਸਿਮ, ਪੇਨਾਂਗ ਦੇ ਉਪ ਮੁੱਖ ਮੰਤਰੀ ਯਾਈ ਬੀ ਜਗਦੀਪ ਸਿੰਘ ਦਿਓ, ਸੰਸਦ ਮੈਂਬਰ ਰਾਮਕਰਪਾਲ ਸਿੰਘ ਦਿਓ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਮਲੇਸ਼ੀਆ ਵਿੱਚ ਭਾਰਤੀ ਹਾਈ ਕਮਿਸ਼ਨਰ ਸੋਮਨਾਥ ਘੋਸ਼ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ।
ਵੱਡਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨਾਲ ਜੁੜੇ ਪ੍ਰਮੁੱਖ ਆਗੂ ਗੁਰਮੀਤ ਕੌਰ, ਪ੍ਰਧਾਨ ਸੰਤੋਖ ਸਿੰਘ, ਗੁਰਦੁਆਰਾ ਸੇਵਾ ਸੰਭਾਲ ਕਮੇਟੀ ਦੇ ਚੇਅਰਮੈਨ ਮਹਿੰਦਰ ਸਿੰਘ ਦੁਲਕੂ, ਕੋ-ਚੇਅਰਮੈਨ ਮਲਕੀਤ ਸਿੰਘ, ਵਿਕਰਮ ਸਿੰਘ ਦਿੱਲੀ ਅਤੇ ਪੇਨਾਂਗ-ਪੰਜਾਬ ਕੌਰੀਡੋਰ ਦੇ ਸੰਸਥਾਪਕ ਡਾ. ਬੀ ਐੱਸ ਬੈਂਸ ਸਮੇਤ ਹੋਰ ਸ਼ਖਸੀਅਤਾਂ ਵੀ ਇਸ ਮੌਕੇ ਹਾਜ਼ਰ ਸਨ।
ਇਸ ਦੌਰਾਨ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪੇਨਾਂਗ ਵਿੱਚ ਸਥਿਤ ਸਿੱਖ ਵਿਰਾਸਤ ਦੇ ਇਸ ਇਤਿਹਾਸਕ ਗੁਰੂ ਘਰ ਨੂੰ ਸੰਭਾਲਣ ਦਾ ਕਾਰਜ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਮਲੇਸ਼ੀਆ ਦੀ ਆਜ਼ਾਦੀ ਵਿੱਚ ਵੀ ਸਿੱਖ ਭਾਈਚਾਰੇ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ ਅਤੇ ਕੁਆਲਾਲੰਪੁਰ ਸਥਿਤ ਰਾਸ਼ਟਰੀ ਯਾਦਗਾਰ ’ਤੇ ਅੱਜ ਵੀ ਉਨ੍ਹਾਂ ਸਿੱਖਾਂ ਦੇ ਨਾਮ ਦਰਜ ਹਨ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਸ਼ਹਾਦਤਾਂ ਦਿੱਤੀਆਂ।
ਉਨ੍ਹਾਂ ਦੱਸਿਆ ਕਿ ਪੇਨਾਂਗ ਦਾ ਵੱਡਾ ਗੁਰਦੁਆਰਾ ਸਾਹਿਬ ਮਲੇਸ਼ੀਆ ਵਿੱਚ ਸਿੱਖ ਵਿਰਾਸਤ ਦੇ ਇੱਕ ਮਹੱਤਵਪੂਰਨ ਪ੍ਰਤੀਕ ਵਜੋਂ ਜਾਣਿਆ ਜਾਂਦਾ ਹੈ ਅਤੇ ਇਸ ਦੀ ਇਤਿਹਾਸਕ ਪਛਾਣ ਨੂੰ ਸੰਭਾਲ ਕੇ ਰੱਖਣਾ ਸਮੁੱਚੇ ਸਿੱਖ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ।




