ਵੈਂਬਲੇ ਸਟੇਡੀਅਮ ਵਿੱਚ ਮੁੱਖ ਕਲਾਕਾਰ ਵਜੋਂ ਪੇਸ਼ਕਾਰੀ ਕਰਨ ਵਾਲੇ ਪਹਿਲੇ ਪੰਜਾਬੀ ਗਾਇਕ ਬਣੇ ਦਿਲਜੀਤ; 21 ਨਵੰਬਰ ਨੂੰ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੋਵੇਗਾ ਪ੍ਰੋਗਰਾਮ
ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਲੰਡਨ ਦੇ ਇਤਿਹਾਸਕ ਵੈਂਬਲੇ ਸਟੇਡੀਅਮ ਵਿੱਚ ਮੁੱਖ ਕਲਾਕਾਰ ਵਜੋਂ ਪੇਸ਼ਕਾਰੀ ਕਰਕੇ ਇਤਿਹਾਸ ਰਚ ਦਿੱਤਾ ਹੈ। ਉਹ ਵੈਂਬਲੇ ਸਟੇਡੀਅਮ ਵਿੱਚ ਇਸ ਤਰ੍ਹਾਂ ਦੀ ਪੇਸ਼ਕਾਰੀ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਬਣ ਗਏ ਹਨ। ਇਸ ਵੱਡੀ ਪ੍ਰਾਪਤੀ ਤੋਂ ਕੁਝ ਘੰਟਿਆਂ ਬਾਅਦ ਹੀ ਦਿਲਜੀਤ ਨੇ ਆਪਣੇ ਭਾਰਤ ਦੌਰੇ ਦੇ ਅਗਲੇ ਪੜਾਅ ਦਾ ਐਲਾਨ ਕਰਦਿਆਂ ਅਹਿਮਦਾਬਾਦ ਵਿੱਚ ਇੱਕ ਵੱਡਾ ਪ੍ਰੋਗਰਾਮ ਕਰਨ ਦੀ ਜਾਣਕਾਰੀ ਦਿੱਤੀ ਹੈ।
ਦਿਲਜੀਤ ਦੋਸਾਂਝ ਨੇ 12 ਸਤੰਬਰ ਨੂੰ ਵੈਂਬਲੇ ਸਟੇਡੀਅਮ ਵਿੱਚ ਆਪਣੇ ਹਾਊਸਫੁੱਲ ‘ਅਓਰਾ ਵਰਲਡ ਟੂਰ’ ਦੀ ਪੇਸ਼ਕਾਰੀ ਦੌਰਾਨ ਇਹ ਇਤਿਹਾਸਕ ਉਪਲਬਧੀ ਹਾਸਲ ਕੀਤੀ। ਇਸ ਮੌਕੇ ਉਨ੍ਹਾਂ ਅਤੇ ਉਨ੍ਹਾਂ ਦੀ ਟੀਮ ਵੱਲੋਂ ਸੋਸ਼ਲ ਮੀਡੀਆ ’ਤੇ ਪ੍ਰੋਗਰਾਮ ਦੀਆਂ ਕਈ ਝਲਕੀਆਂ ਵੀ ਸਾਂਝੀਆਂ ਕੀਤੀਆਂ ਗਈਆਂ।
ਵੈਂਬਲੇ ਵਿੱਚ ਹੋਇਆ ਇਹ ਪ੍ਰੋਗਰਾਮ ਦਿਲਜੀਤ ਦੇ ਅੰਤਰਰਾਸ਼ਟਰੀ ਸੰਗੀਤਕ ਸਫ਼ਰ ਦਾ ਇੱਕ ਮਹੱਤਵਪੂਰਨ ਪੜਾਅ ਬਣ ਗਿਆ ਹੈ। ਉਨ੍ਹਾਂ ਦੀ ਟੀਮ ਅਨੁਸਾਰ ਕਰੀਬ 90 ਹਜ਼ਾਰ ਦਰਸ਼ਕਾਂ ਦੇ ਸਾਹਮਣੇ ਦਿਲਜੀਤ ਨੇ ਆਪਣੇ ਪ੍ਰਸਿੱਧ ਗੀਤਾਂ ਨਾਲ ਸਮਾਗਮ ਨੂੰ ਯਾਦਗਾਰ ਬਣਾ ਦਿੱਤਾ। ਇਸ ਦੌਰਾਨ ਰਵਾਇਤੀ ਪੰਜਾਬੀ ਪਹਿਰਾਵੇ ਵਿੱਚ ਭੰਗੜੇ ਦੀਆਂ ਪੇਸ਼ਕਾਰੀਆਂ ਨੂੰ ਹਿਪ-ਹੌਪ ਸੰਗੀਤ ਨਾਲ ਬਾਖ਼ੂਬੀ ਜੋੜਿਆ ਗਿਆ, ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।
ਵੈਂਬਲੇ ਸਟੇਡੀਅਮ ਦੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਤੋਂ ਵੀ ਪ੍ਰੋਗਰਾਮ ਦੀ ਇੱਕ ਵੀਡੀਓ ਸਾਂਝੀ ਕੀਤੀ ਗਈ। ਇਸ ਵਿੱਚ ਦੱਸਿਆ ਗਿਆ ਕਿ ਦਿਲਜੀਤ ਦੋਸਾਂਝ ਵੈਂਬਲੇ ਸਟੇਡੀਅਮ ਵਿੱਚ ਮੁੱਖ ਕਲਾਕਾਰ ਵਜੋਂ ਪੇਸ਼ਕਾਰੀ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਬਣ ਗਏ ਹਨ।
ਇਸ ਦੌਰਾਨ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਵੀਡੀਓਜ਼ ਮੁਤਾਬਕ ਦਿਲਜੀਤ ਨੇ ਆਪਣੇ ‘ਅਓਰਾ ਵਰਲਡ ਟੂਰ’ ਦੇ ਭਾਰਤੀ ਪੜਾਅ ਤਹਿਤ ਅਹਿਮਦਾਬਾਦ ਵਿੱਚ ਹੋਣ ਵਾਲੇ ਪ੍ਰੋਗਰਾਮ ਦਾ ਵੀ ਐਲਾਨ ਕੀਤਾ। ਪੰਜਾਬੀ ਵਿੱਚ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦੁਨੀਆ ਦਾ ਸਭ ਤੋਂ ਵੱਡਾ ਸਟੇਡੀਅਮ ਭਾਰਤ ਵਿੱਚ ਹੈ ਅਤੇ ਕੋਈ ਪੰਜਾਬੀ ਉੱਥੇ ਪਹੁੰਚਣ ਤੋਂ ਕਿਵੇਂ ਪਿੱਛੇ ਰਹਿ ਸਕਦਾ ਹੈ।
ਦਿਲਜੀਤ ਨੇ ‘ਕੇਮ ਛੋ, ਮਜ਼ਾ ਮਾ’ ਕਹਿੰਦਿਆਂ ਐਲਾਨ ਕੀਤਾ ਕਿ ਉਹ 21 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਲਾਈਵ ਪ੍ਰੋਗਰਾਮ ਕਰਨਗੇ। ਇਸ ਐਲਾਨ ਨਾਲ ਭਾਰਤ ਵਿੱਚ ਉਨ੍ਹਾਂ ਦੇ ਸੰਗੀਤਕ ਪ੍ਰੋਗਰਾਮਾਂ ਦਾ ਦਾਇਰਾ ਹੋਰ ਵੀ ਵੱਡਾ ਹੋ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਲ 2024 ਦੇ ਅੰਤ ਵਿੱਚ ਆਪਣੇ ‘ਦਿਲ-ਲੁਮਿਨਾਟੀ ਇੰਡੀਆ ਟੂਰ’ ਦੌਰਾਨ ਵੀ ਦਿਲਜੀਤ ਦੋਸਾਂਝ ਨੇ ਅਹਿਮਦਾਬਾਦ ਸਮੇਤ ਦੇਸ਼ ਦੇ ਕਈ ਸ਼ਹਿਰਾਂ ਵਿੱਚ ਹਾਊਸਫੁੱਲ ਪ੍ਰੋਗਰਾਮ ਕੀਤੇ ਸਨ। ਹੁਣ ਵੈਂਬਲੇ ਸਟੇਡੀਅਮ ਵਿੱਚ ਇਤਿਹਾਸ ਰਚਣ ਤੋਂ ਬਾਅਦ ਅਹਿਮਦਾਬਾਦ ਦੇ ਵਿਸ਼ਾਲ ਨਰਿੰਦਰ ਮੋਦੀ ਸਟੇਡੀਅਮ ਵਿੱਚ ਉਨ੍ਹਾਂ ਦੀ ਪੇਸ਼ਕਾਰੀ ਨੂੰ ਲੈ ਕੇ ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ।




