
ਇਸ ਮੌਕੇ ਸ਼੍ਰੋਮਣੀ ਢਾਡੀ ਚਮਕੌਰ ਸਿੰਘ ਸੇਖੋਂ ਭੋਤਨਾ ਵੱਲੋਂ ਲਿਖੀ ਕਿੱਸਾ-ਕਾਵਿ ਪੁਸਤਕ ‘ਕਿੱਸਾ ਸ਼ੀਰੀਂ ਫ਼ਰਹਾਦ ਤੇ ਕਾਕਾ ਪ੍ਰਤਾਪੀ’ ਦੀ ਘੁੰਡ ਚੁਕਾਈ ਕੀਤੀ ਗਈ। ਇਸ ਦੇ ਨਾਲ ਹੀ ਸੰਪਾਦਕ ਵੀਤ ਬਾਦਸ਼ਾਹਪੁਰੀ ਦੀ ਪੁਸਤਕ ‘ਤਾਰਿਆਂ ਦੀ ਮਹਿਫ਼ਲ’ (ਸਾਂਝਾ ਕਾਵਿ ਸੰਗ੍ਰਹਿ) ਵੀ ਲੋਕ ਅਰਪਣ ਕੀਤੀ ਗਈ। ਇਹ ਪੁਸਤਕ ਸੀਰਤ ਪਬਲੀਕੇਸ਼ਨਜ਼, ਸਰੀ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
‘ਕਿੱਸਾ ਸ਼ੀਰੀਂ ਫ਼ਰਹਾਦ ਤੇ ਕਾਕਾ ਪ੍ਰਤਾਪੀ’ ਪੁਸਤਕ ਸਬੰਧੀ ਡਾ. ਦੇਵਿੰਦਰਪਾਲ ਕੌਰ, ਪ੍ਰੋ. ਕਸ਼ਮੀਰਾ ਸਿੰਘ, ਉੱਘੇ ਰੇਡੀਓ ਹੋਸਟ ਹਰਜਿੰਦਰ ਸਿੰਘ ਥਿੰਦ, ਮੁੱਖ ਸੇਵਾਦਾਰ ਪ੍ਰਿਤਪਾਲ ਸਿੰਘ ਗਿੱਲ, ਪ੍ਰਿੰਸੀਪਲ ਮਲੂਕ ਚੰਦ ਕਲੇਰ, ਹਰਵਿੰਦਰ ਕੌਰ ਨਿੱਕੀ ਅਤੇ ਸੰਸਥਾ ਦੇ ਸੂਝਵਾਨ ਡਾਇਰੈਕਟਰ ਦਰਸ਼ਨ ਸੰਘਾ ਵਲੋਂ ਬੋਲੀਆਂ ਦੇ ਨਾਲ ਵਿਸਥਾਰਪੂਰਵਕ ਪੇਪਰ ਪੜ੍ਹੇ ਗਏ। ਬੁਲਾਰਿਆਂ ਨੇ ਪੁਸਤਕ ਦੇ ਸਾਹਿਤਕ, ਇਤਿਹਾਸਕ ਅਤੇ ਕਿੱਸਾ-ਕਾਵਿ ਪੱਖਾਂ ਬਾਰੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਚਮਕੌਰ ਸਿੰਘ ਸੇਖੋਂ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਕਾਕਾ ਪ੍ਰਤਾਪੀ ਦੀ ਰਚਨਾ ਢੱਡ-ਸਾਰੰਗੀ ਨਾਲ ਪੇਸ਼ ਕੀਤੀ।ਜਿਸ ਨੇ ਸਮਾਗਮ ਵਿੱਚ ਵਿਸ਼ੇਸ਼ ਰੰਗ ਭਰ ਦਿੱਤਾ। ਹਾਜ਼ਰ ਸਰੋਤਿਆਂ ਵੱਲੋਂ ਢਾਡੀ ਵਾਰ ਦੀ ਪੇਸ਼ਕਾਰੀ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ।
ਕਵੀ ਦਰਬਾਰ ਦੌਰਾਨ ਪ੍ਰੋ. ਕਸ਼ਮੀਰਾ ਸਿੰਘ, ਅਵਤਾਰ ਸਿੰਘ ਢਿੱਲੋਂ, ਕਵਿੰਦਰ ਚੰਦ, ਡਾ. ਗੁਰਮਿੰਦਰ ਕੌਰ ਸਿੱਧੂ, ਡਾ. ਦੇਵਿੰਦਰਪਾਲ ਕੌਰ, ਅਤੇ ਉੱਘੀ ਸ਼ਖ਼ਸੀਅਤ ਸ਼ਿੰਦਰ ਪੁਰੇਵਾਲ, ਮਾਣਮੱਤੇ ਰੇਡੀਓ ਹੋਸਟ ਹਰਜਿੰਦਰ ਸਿੰਘ ਥਿੰਦ, ਦਰਸ਼ਨ ਸੰਘਾ, ਹਰਚਰਨ ਸਿੰਘ ਸੰਧੂ ਪੀ.ਸੀ.ਐੱਸ., ਡਾ. ਹਰਦੇਵ ਸਿੰਘ ਵਿਰਕ, ਅਜਮੇਰ ਸਿੰਘ ਢਿੱਲੋਂ, ਮਾਸਟਰ ਅਮਰੀਕ ਸਿੰਘ ਲੇਹਲ, ਬਿਕਰ ਸਿੰਘ ਖੋਸਾ, ਬਲਬੀਰ ਸਿੰਘ ਸੰਘਾ, ਇੰਦਰਪਾਲ ਸਿੰਘ ਸੰਧੂ, ਅਮਰਜੀਤ ਕੌਰ, ਦੇਵਿੰਦਰ ਕੌਰ ਜੋਹਲ, ਇੰਦਰਜੀਤ ਸਿੰਘ ਧਾਮੀ, ਹਰਦਮ ਮਾਨ, ਗੁਰਦਰਸ਼ਨ ਬਾਦਲ, ਮੋਹਨ ਗਿੱਲ ਅਤੇ ਅੰਗਰੇਜ਼ ਬਰਾੜ ਸਮੇਤ ਕਈ ਸਾਹਿਤਕਾਰਾਂ, ਕਵੀਆਂ ਅਤੇ ਸ਼ਹਿਰ ਦੀਆਂ ਅਹਿਮ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਸੁਰਜੀਤ ਸਿੰਘ ਮਾਧੋਪੁਰੀ ਘਰੇਲੂ ਰੁਝੇਵੇਂ ਕਾਰਨ ਨਹੀਂ ਪਹੁੰਚ ਸਕੇ ਅਤੇ ਉਹਨਾਂ ਦੀ ਕਮੀ ਰੜਕਦੀ ਰਹੀ।
ਇਸ ਸਮਾਗਮ ਦੌਰਾਨ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨਾਲ ਸਬੰਧਤ ਰਚਨਾਵਾਂ ਪੇਸ਼ ਕੀਤੀਆਂ ਗਈਆਂ। ਬੁਲਾਰਿਆਂ ਨੇ ਵਿਦੇਸ਼ਾਂ ਵਿੱਚ ਪੰਜਾਬੀ ਸਾਹਿਤਕ ਗਤੀਵਿਧੀਆਂ ਨੂੰ ਲਗਾਤਾਰ ਜਾਰੀ ਰੱਖਣ ਅਤੇ ਨਵੀਂ ਪੀੜ੍ਹੀ ਨੂੰ ਪੰਜਾਬੀ ਭਾਸ਼ਾ ਤੇ ਵਿਰਸੇ ਨਾਲ ਜੋੜਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਅੰਤ ਵਿੱਚ ਲੇਖਕ ਸਭਾ ਦੇ ਸਟੇਜ ਸਕੱਤਰ ਦੀ ਭੂਮਿਕਾ ਨਿਭਾ ਰਹੇ ਪਲਵਿੰਦਰ ਸਿੰਘ ਰੰਧਾਵਾ ਨੇ ਚਮਕੌਰ ਸਿੰਘ ਸੇਖੋਂ ਵੱਲੋਂ ਲਿਖਿਆ ਗੀਤ ਗਾ ਕੇ ਸਮਾਗਮ ਦੀ ਸਮਾਪਤੀ ਕੀਤੀ ਅਤੇ ਹਾਜ਼ਰ ਮਹਿਮਾਨਾਂ, ਸਾਹਿਤਕਾਰਾਂ, ਕਵੀਆਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ।