ਅਨਮੋਲ ਬਿਸ਼ਨੋਈ ਨੂੰ ਪਨਾਹ ਤੇ ਲੌਜਿਸਟਿਕ ਸਹਾਇਤਾ ਦੇਣ ਦਾ ਦੋਸ਼; ਕਰਨ ਔਜਲਾ ਤੇ ਸ਼ੈਰੀ ਮਾਨ ਨਾਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਆਇਆ ਸੀ ਚਰਚਾ ਵਿੱਚ
ਕੈਨੇਡਾ ਤੋਂ ਡਿਪੋਰਟ ਕੀਤੇ ਗਏ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਕਰਮਵੀਰ ਸਿੰਘ ਨੂੰ ਪੰਜਾਬ ਪੁਲੀਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ ਨੇ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਮੰਗਲਵਾਰ ਨੂੰ ਦੱਸਿਆ ਕਿ ਕਰਮਵੀਰ ਸਿੰਘ ਨੂੰ ਕੈਨੇਡਾ ਤੋਂ ਡਿਪੋਰਟ ਕੀਤੇ ਜਾਣ ਤੋਂ ਬਾਅਦ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚਦੇ ਹੀ ਗ੍ਰਿਫ਼ਤਾਰ ਕੀਤਾ ਗਿਆ।
ਲੁਧਿਆਣਾ ਦੇ ਪਿੰਡ ਬਹਾਦਰਕੇ ਦਾ ਰਹਿਣ ਵਾਲਾ ਕਰਮਵੀਰ ਸਿੰਘ ਉਸ ਸਮੇਂ ਚਰਚਾ ਵਿੱਚ ਆਇਆ ਸੀ, ਜਦੋਂ ਅਮਰੀਕਾ ਦੇ ਬੇਕਰਸਫ਼ੀਲਡ, ਕੈਲੀਫ਼ੋਰਨੀਆ ਵਿੱਚ ਸਾਲ 2023 ਦੌਰਾਨ ਹੋਏ ਇੱਕ ਵਿਆਹ ਸਮਾਗਮ ਦੀ ਵੀਡੀਓ ਵਾਇਰਲ ਹੋਈ ਸੀ। ਇਸ ਵੀਡੀਓ ਵਿੱਚ ਭਗੌੜਾ ਅਨਮੋਲ ਬਿਸ਼ਨੋਈ ਪੰਜਾਬੀ ਗਾਇਕਾਂ ਕਰਨ ਔਜਲਾ ਅਤੇ ਸ਼ੈਰੀ ਮਾਨ ਨਾਲ ਨੱਚਦਾ ਨਜ਼ਰ ਆਇਆ ਸੀ। ਇਹ ਵਿਆਹ ਸਮਾਗਮ ਕਰਮਵੀਰ ਸਿੰਘ ਨਾਲ ਸਬੰਧਤ ਦੱਸਿਆ ਗਿਆ ਸੀ।
ਅਨਮੋਲ ਬਿਸ਼ਨੋਈ ਨੂੰ ਪਨਾਹ ਦੇਣ ਦਾ ਦੋਸ਼
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਕਰਮਵੀਰ ਸਿੰਘ ਨੇ ਅਮਰੀਕਾ ਵਿੱਚ ਅਨਮੋਲ ਬਿਸ਼ਨੋਈ ਨੂੰ ਪਨਾਹ ਦੇਣ ਦੇ ਨਾਲ-ਨਾਲ ਉਸ ਨੂੰ ਲੋੜੀਂਦੀ ਲੌਜਿਸਟਿਕ ਸਹਾਇਤਾ ਵੀ ਮੁਹੱਈਆ ਕਰਵਾਈ ਸੀ। ਉਹ ਭਾਰਤੀ ਦੰਡ ਸੰਹਿਤਾ, ਅਸਲਾ ਕਾਨੂੰਨ ਅਤੇ ਪਾਸਪੋਰਟ ਕਾਨੂੰਨ ਤਹਿਤ ਥਾਣਾ ਸਟੇਟ ਕ੍ਰਾਈਮ, ਐੱਸਏਐੱਸ ਨਗਰ ਵਿਖੇ ਦਰਜ ਮਾਮਲੇ ਵਿੱਚ ਪੁਲੀਸ ਨੂੰ ਲੋੜੀਂਦਾ ਸੀ।
ਪੰਜਾਬ ਪੁਲੀਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ ਵੱਲੋਂ 3 ਸਤੰਬਰ ਨੂੰ ਕਰਮਵੀਰ ਸਿੰਘ ਖ਼ਿਲਾਫ਼ ਲੁੱਕ-ਆਊਟ ਸਰਕੂਲਰ ਵੀ ਜਾਰੀ ਕੀਤਾ ਗਿਆ ਸੀ। ਇਸ ਕਾਰਨ ਵਿਦੇਸ਼ ਤੋਂ ਭਾਰਤ ਪਹੁੰਚਣ ’ਤੇ ਉਸ ਨੂੰ ਹਵਾਈ ਅੱਡੇ ਤੋਂ ਹੀ ਕਾਬੂ ਕਰ ਲਿਆ ਗਿਆ।
ਪੰਜਾਬ ਵਿੱਚ ਪੰਜ ਤੋਂ ਵੱਧ ਅਪਰਾਧਿਕ ਮਾਮਲਿਆਂ ਦਾ ਰਿਕਾਰਡ
ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲੀਸ ਪ੍ਰਮੋਦ ਬਾਣ ਨੇ ਦੱਸਿਆ ਕਿ ਕਰਮਵੀਰ ਸਿੰਘ ਦਾ ਪੰਜਾਬ ਵਿੱਚ ਲੰਮਾ ਅਪਰਾਧਿਕ ਰਿਕਾਰਡ ਹੈ। ਉਸ ਖ਼ਿਲਾਫ਼ ਕਤਲ, ਕਤਲ ਦੀ ਕੋਸ਼ਿਸ਼, ਹਥਿਆਰਬੰਦ ਲੁੱਟ-ਖੋਹ, ਰੰਗਦਾਰੀ ਅਤੇ ਅਸਲਾ ਕਾਨੂੰਨ ਦੀਆਂ ਧਾਰਾਵਾਂ ਤਹਿਤ ਘੱਟੋ-ਘੱਟ ਪੰਜ ਮਾਮਲੇ ਦਰਜ ਹਨ।
ਉਨ੍ਹਾਂ ਕਿਹਾ ਕਿ ਪੁਲੀਸ ਹੁਣ ਕਰਮਵੀਰ ਸਿੰਘ ਦੇ ਅਪਰਾਧਿਕ ਨੈੱਟਵਰਕ, ਫੰਡਿੰਗ ਦੇ ਸਰੋਤਾਂ ਅਤੇ ਗੈਂਗ ਦੇ ਹੋਰ ਮੈਂਬਰਾਂ ਨਾਲ ਉਸ ਦੇ ਸਬੰਧਾਂ ਬਾਰੇ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਤਫ਼ਤੀਸ਼ ਦੌਰਾਨ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਗੈਂਗ ਦੀਆਂ ਗਤੀਵਿਧੀਆਂ ਵਿੱਚ ਕਿਸ ਤਰ੍ਹਾਂ ਸ਼ਾਮਲ ਸੀ ਅਤੇ ਵਿਦੇਸ਼ਾਂ ਵਿੱਚ ਬੈਠੇ ਗੈਂਗ ਮੈਂਬਰਾਂ ਨਾਲ ਉਸ ਦੇ ਕਿਹੜੇ ਸਬੰਧ ਸਨ।
ਮੋਲਡੋਵਾ ਤੋਂ ਅੰਮ੍ਰਿਤ ਡਾਲਮ ਦੀ ਹਵਾਲਗੀ ਤੋਂ ਬਾਅਦ ਕਾਰਵਾਈ
ਕਰਮਵੀਰ ਸਿੰਘ ਖ਼ਿਲਾਫ਼ ਇਹ ਕਾਰਵਾਈ ਪੰਜਾਬ ਪੁਲੀਸ ਵੱਲੋਂ ਕੇਂਦਰੀ ਏਜੰਸੀਆਂ ਦੀ ਮਦਦ ਨਾਲ ਜੱਗੂ ਭਗਵਾਨਪੁਰੀਆ ਗੈਂਗ ਦੇ ਅਹਿਮ ਸਾਥੀ ਅੰਮ੍ਰਿਤਪਾਲ ਸਿੰਘ ਉਰਫ਼ ਅੰਮ੍ਰਿਤ ਡਾਲਮ ਨੂੰ ਮੋਲਡੋਵਾ ਤੋਂ ਭਾਰਤ ਲਿਆਉਣ ਤੋਂ ਕੁਝ ਦਿਨ ਬਾਅਦ ਕੀਤੀ ਗਈ ਹੈ।
ਪੰਜਾਬ ਪੁਲੀਸ ਵੱਲੋਂ ਵਿਦੇਸ਼ਾਂ ਵਿੱਚ ਮੌਜੂਦ ਗੈਂਗਸਟਰਾਂ ਅਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਕਾਰਵਾਈ ਤੇਜ਼ ਕੀਤੀ ਜਾ ਰਹੀ ਹੈ। ਇਸੇ ਕੜੀ ਵਿੱਚ ਕਰਮਵੀਰ ਸਿੰਘ ਨੂੰ ਵੀ ਕੈਨੇਡਾ ਤੋਂ ਡਿਪੋਰਟ ਹੋਣ ਮਗਰੋਂ ਭਾਰਤ ਪਹੁੰਚਦੇ ਹੀ ਕਾਬੂ ਕੀਤਾ ਗਿਆ ਹੈ।
