Google search engine
Home Canada ਸਿਟੀ ਨੇ ਸਰੀ ਪਬਲਿਕ ਵ੍ਹਾਰਫ਼ ਸਾਈਟ ’ਤੇ ਅਸਥੀਆਂ ਜਲ ਪ੍ਰਵਾਹ ਕਰਨ ਨੂੰ...

ਸਿਟੀ ਨੇ ਸਰੀ ਪਬਲਿਕ ਵ੍ਹਾਰਫ਼ ਸਾਈਟ ’ਤੇ ਅਸਥੀਆਂ ਜਲ ਪ੍ਰਵਾਹ ਕਰਨ ਨੂੰ ਦਿੱਤੀ ਮਨਜ਼ੂਰੀ

ਸਰੀ, (ਬੀ.ਸੀ. ਪੰਜਾਬੀ ਨਿਊਜ਼) ਸਿਟੀ ਆਫ਼ ਸਰੀ ਨੇ ਇੱਕ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਹੈ, ਜਿਸ ਤਹਿਤ ਸਰੀ ਪਬਲਿਕ ਵ੍ਹਾਰਫ਼ ਵਿਖੇ ਪਾਣੀ ਦੇ ਕੰਢੇ ਇੱਕ ਨਿਰਧਾਰਿਤ ਸਥਾਨ ਲਈ ਰਿਜ਼ਰਵੇਸ਼ਨ ਸਿਸਟਮ ਸ਼ੁਰੂ ਕੀਤਾ ਜਾ ਰਿਹਾ ਹੈ, ਜਿੱਥੇ ਪਰਿਵਾਰ ਇਕੱਠੇ ਹੋ ਕੇ ਆਪਣੇ ਵਿੱਛੜੇ ਹੋਏ ਪਿਆਰਿਆਂ ਦੀ ਯਾਦ ਨੂੰ ਸਮਰਪਿਤ ਅਸਥੀਆਂ ਜਲ ਪ੍ਰਵਾਹ ਕਰਨ ਦੀਆਂ ਰਸਮਾਂ ਨਿਭਾ ਸਕਣਗੇ।

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਕਿਹਾ, “ਬਹੁਤ ਸਾਰੇ ਪਰਿਵਾਰਾਂ ਲਈ ਵਹਿੰਦੇ ਪਾਣੀ ਵਿੱਚ ਆਪਣੇ ਕਿਸੇ ਪਿਆਰੇ ਦੀਆਂ ਅਸਥੀਆਂ ਵਿਸਰਜਿਤ ਕਰਨਾ ਇੱਕ ਮਹੱਤਵਪੂਰਨ ਸੱਭਿਆਚਾਰਕ, ਧਾਰਮਿਕ ਅਤੇ ਨਿੱਜੀ ਤੌਰ ’ਤੇ ਅਰਥਪੂਰਨ ਰਿਵਾਇਤ ਹੈ। ਇਹ ਪ੍ਰੋਜੈਕਟ ਇੱਕ ਸੁਰੱਖਿਅਤ ਅਤੇ ਸਤਿਕਾਰਯੋਗ ਜਗ੍ਹਾ ਪ੍ਰਦਾਨ ਕਰਦਾ ਹੈ, ਜਿੱਥੇ ਪਰਿਵਾਰ ਇਕੱਠੇ ਹੋ ਕੇ ਆਪਣੇ ਪਿਆਰਿਆਂ ਨੂੰ ਯਾਦ ਕਰ ਸਕਦੇ ਹਨ ਅਤੇ ਉਨ੍ਹਾਂ ਪਰੰਪਰਾਵਾਂ ਦਾ ਸਨਮਾਨ ਕਰ ਸਕਦੇ ਹਨ, ਜੋ ਉਨ੍ਹਾਂ ਲਈ ਬਹੁਤ ਮਹੱਤਵ ਰੱਖਦੀਆਂ ਹਨ।”

ਇਹ ਪਾਇਲਟ ਪ੍ਰੋਜੈਕਟ ਫੁੱਲ ਪ੍ਰਵਾਹੁਣ ਦੀਆਂ ਯਾਦਗਾਰੀ ਰਸਮਾਂ ਲਈ ਇੱਕ ਨਿਰਧਾਰਿਤ ਸਥਾਨ ਦੀ ਭਾਈਚਾਰੇ ਦੀ ਲੋੜ ਨੂੰ ਪੂਰਾ ਕਰਦਾ ਹੈ ਅਤੇ ਸਰੀ ਦੇ ਵੱਖ-ਵੱਖ ਸੱਭਿਆਚਾਰਕ ਅਤੇ ਧਾਰਮਿਕ ਰਿਵਾਜ਼ਾਂ ਨੂੰ ਸਮਰਥਨ ਦੇਣ ਪ੍ਰਤੀ ਸਿਟੀ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। 2024 ਵਿੱਚ ਸਰੀ ਸਿਟੀ ਕੌਂਸਲ ਨੇ ਸਟਾਫ਼ ਨੂੰ ਫਰੇਜ਼ਰ ਦਰਿਆ ਦੇ ਕੰਢੇ ਇੱਕ ਢੁਕਵੀਂ ਜਗ੍ਹਾ ਦੀ ਪਛਾਣ ਕਰਨ ਦੇ ਨਿਰਦੇਸ਼ ਦਿੱਤੇ ਸਨ। ਇਸ ਲਈ ਫੰਡਿੰਗ ਨੂੰ 2025 ਦੇ ਕੈਪੀਟਲ ਪ੍ਰੋਜੈਕਟ ਬਜਟ ਦੇ ਹਿੱਸੇ ਵਜੋਂ ਮਨਜ਼ੂਰੀ ਦਿੱਤੀ ਗਈ ਸੀ। ਤਕਨੀਕੀ ਸਮੀਖਿਆ, ਭਾਈਚਾਰੇ ਨਾਲ ਸਲਾਹ-ਮਸ਼ਵਰੇ ਅਤੇ ਵਾਤਾਵਰਣਕ ਮੁਲਾਂਕਣ ਤੋਂ ਬਾਅਦ ਸਰੀ ਪਬਲਿਕ ਵ੍ਹਾਰਫ਼ ਨੂੰ ਇਸ ਲਈ ਚੁਣਿਆ ਗਿਆ। ਮੂਲਵਾਸੀ ਭਾਈਚਾਰੇ ਨਾਲ ਸਲਾਹ-ਮਸ਼ਵਰਾ ਅਜੇ ਵੀ ਜਾਰੀ ਹੈ।

ਮੇਅਰ ਲੌਕ ਨੇ ਕਿਹਾ, “ਪਿਛਲੇ ਕੁੱਝ ਸਾਲਾਂ ਦੌਰਾਨ ਸਿਟੀ ਦੇ ਸਟਾਫ਼ ਨੇ ਇਸ ਪ੍ਰੋਜੈਕਟ ਨੂੰ ਰੂਪ ਦੇਣ ਲਈ ਭਾਈਚਾਰੇ ਅਤੇ ਵੱਖ-ਵੱਖ ਏਜੰਸੀ ਭਾਈਵਾਲਾਂ ਨਾਲ ਮਿਲ ਕੇ ਕੰਮ ਕੀਤਾ ਹੈ। ਵਾਤਾਵਰਣਕ ਮੁਲਾਂਕਣਾਂ ਨੇ ਪੁਸ਼ਟੀ ਕੀਤੀ ਹੈ ਕਿ ਇਹ ਸਥਾਨ ਦੀ ਸੁਰੱਖਿਅਤ ਢੰਗ ਨਾਲ ਵਰਤੋਂ ਕੀਤੀ ਜਾ ਸਕਦੀ ਹੈ। ਸਾਨੂੰ ਮਾਣ ਹੈ ਕਿ ਅਸੀਂ ਅਜਿਹੇ ਪ੍ਰੋਜੈਕਟ ਨੂੰ ਅੱਗੇ ਵਧਾ ਰਹੇ ਹਾਂ ਜੋ ਸੱਭਿਆਚਾਰਕ ਸ਼ਮੂਲੀਅਤ, ਵਾਤਾਵਰਨ ਦੀ ਸੰਭਾਲ ਅਤੇ ਸਾਂਝੀ ਜਨਤਕ ਵਰਤੋਂ ਵਿਚਕਾਰ ਸੰਤੁਲਨ ਬਣਾਉਂਦਾ ਹੈ।”

ਪਾਇਲਟ ਪ੍ਰੋਜੈਕਟ ਦੌਰਾਨ ਪਾਰਕ ਦੀ ਸਨਮਾਨਜਨਕ ਅਤੇ ਸਾਂਝੀ ਵਰਤੋਂ ਨੂੰ ਯਕੀਨੀ ਬਣਾਉਣ ਵਾਸਤੇ, ਫੁੱਲ ਤਾਰਨ ਦੀ ਰਸਮ ਦੀ ਯੋਜਨਾ ਬਣਾਉਣ ਵਾਲੇ ਪਰਿਵਾਰਾਂ ਨੂੰ ਪਹਿਲਾਂ ਤੋਂ ਮਿਤੀ ਅਤੇ ਸਮਾਂ ਰਾਖਵਾਂ ਕਰਨਾ ਲਾਜ਼ਮੀ ਹੋਵੇਗਾ। ਇਸ ਲਈ ਉਹ 21 ਸਤੰਬਰ ਤੋਂ ਸਿਟੀ ਆਫ਼ ਸਰੀ ਦੀ ਵੈੱਬਸਾਈਟ ‘ਤੇ ਉਪਲਬਧ ਆਨਲਾਈਨ ਬੁਕਿੰਗ ਫਾਰਮ ਭਰ ਸਕਣਗੇ।

ਅਸਥੀਆਂ ਜਲ ਵਿੱਚ ਵਿਸਰਜਿਤ ਕਰਨ ਦੀਆਂ ਰਸਮਾਂ ਅਤੇ ਪਾਰਕ ਦੀ ਵਰਤੋਂ ਕਰਨ ਵਾਲੇ ਹੋਰ ਲੋਕਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਪਾਰਕ ਵਿੱਚ ਕੁੱਝ ਸੁਧਾਰ ਕੀਤੇ ਗਏ ਹਨ। ਪਾਇਲਟ ਪ੍ਰੋਜੈਕਟ ਦੌਰਾਨ ਭਾਈਚਾਰੇ ਤੋਂ ਮਿਲਣ ਵਾਲੀ ਪ੍ਰਤੀਕਿਰਿਆ (feedback) ਪਾਰਕ ਵਿੱਚ ਭਵਿੱਖ ਵਿੱਚ ਕੀਤੇ ਜਾਣ ਵਾਲੇ ਸੁਧਾਰਾਂ ਨੂੰ ਸੇਧ ਦੇਣ ਵਿੱਚ ਸਹਾਇਤਾ ਕਰੇਗੀ।

 

ਅਸਥੀਆਂ ਜਲ-ਪ੍ਰਵਾਹ ਕਰਨ ਸੰਬੰਧੀ ਹੋਰ ਜਾਣਕਾਰੀ, ਜਿਸ ਵਿੱਚ ਉਪਲਬਧਤਾ, ਨਿਯਮ ਅਤੇ ਫ਼ੀਸਾਂ ਸ਼ਾਮਲ ਹਨ, ਲਈ ਕਿਰਪਾ ਕਰਕੇ surrey.ca/ashscattering ‘ਤੇ ਜਾਓ।

 

 

 

 

Exit mobile version