ਰਜਿੰਦਰਪਾਲ ਸਿੰਘ ਅਤੇ ਜਸਬੀਰ ਸਿੰਘ ਦੀ ਵਤਨ ਵਾਪਸੀ ਲਈ ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸ ਨਾਲ ਲਗਾਤਾਰ ਕੀਤਾ ਗਿਆ ਰਾਬਤਾ; ਵਾਪਸੀ ਮਗਰੋਂ ਰਜਿੰਦਰਪਾਲ ਨੇ ਦੂਤਾਵਾਸ ਦੀ ਕਾਰਜਪ੍ਰਣਾਲੀ ’ਤੇ ਚੁੱਕੇ ਗੰਭੀਰ ਸਵਾਲ
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਅਤੇ ਵਿਦੇਸ਼ ਮੰਤਰਾਲੇ ਨਾਲ ਲਗਾਤਾਰ ਰਾਬਤੇ ਤੋਂ ਬਾਅਦ ਵਿਦੇਸ਼ ਵਿੱਚ ਲੰਮੇ ਸਮੇਂ ਤੋਂ ਫਸੇ ਦੋ ਪੰਜਾਬੀ ਨੌਜਵਾਨ ਸਹੀ-ਸਲਾਮਤ ਆਪਣੇ ਘਰ ਪਰਤ ਆਏ ਹਨ। ਤਰਨ ਤਾਰਨ ਜ਼ਿਲ੍ਹੇ ਨਾਲ ਸਬੰਧਤ ਰਜਿੰਦਰਪਾਲ ਸਿੰਘ ਲਗਭਗ ਤਿੰਨ ਸਾਲਾਂ ਦੀ ਮਾਨਸਿਕ ਅਤੇ ਸਰੀਰਕ ਪੀੜਾ ਭੋਗਣ ਤੋਂ ਬਾਅਦ 31 ਅਗਸਤ ਨੂੰ ਭਾਰਤ ਪੁੱਜਿਆ, ਜਦੋਂਕਿ ਅੰਮ੍ਰਿਤਸਰ ਦਾ ਜਸਬੀਰ ਸਿੰਘ ਅੱਠ ਮਹੀਨਿਆਂ ਦੀ ਖੱਜਲ-ਖੁਆਰੀ ਤੋਂ ਬਾਅਦ 3 ਸਤੰਬਰ ਨੂੰ ਸੁਖੀ-ਸਾਂਦੀ ਆਪਣੇ ਘਰ ਪਹੁੰਚ ਗਿਆ।
ਰਜਿੰਦਰਪਾਲ ਸਿੰਘ ਦੀ ਵਾਪਸੀ ਨਾਲ ਉਸ ਦੇ ਪਰਿਵਾਰ ਦੇ ਲੰਮੇ ਇੰਤਜ਼ਾਰ ਦਾ ਅੰਤ ਹੋਇਆ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਸੰਬਰ ਮਹੀਨੇ ਵਿੱਚ ਸੰਤ ਸੀਚੇਵਾਲ ਨਾਲ ਮੁਲਾਕਾਤ ਕਰਕੇ ਮਦਦ ਦੀ ਗੁਹਾਰ ਲਗਾਈ ਸੀ। ਰਜਿੰਦਰਪਾਲ ਨੇ ਆਪਣੀ ਸਜ਼ਾ ਪੂਰੀ ਕਰ ਲਈ ਸੀ, ਪਰ ਕਾਗਜ਼ੀ ਕਾਰਵਾਈ ਵਿੱਚ ਰੁਕਾਵਟਾਂ ਕਾਰਨ ਉਸ ਨੂੰ ਵਾਪਸ ਭਾਰਤ ਆਉਣ ਦੀ ਇਜਾਜ਼ਤ ਨਹੀਂ ਮਿਲ ਰਹੀ ਸੀ।
ਪਰਿਵਾਰ ਮੁਤਾਬਕ, ਹਾਲਾਤ ਇੱਥੋਂ ਤੱਕ ਪਹੁੰਚ ਗਏ ਸਨ ਕਿ ਇੱਕ ਵਾਰ ਰਜਿੰਦਰਪਾਲ ਜਹਾਜ਼ ਵਿੱਚ ਸਵਾਰ ਹੋਣ ਲਈ ਏਅਰਪੋਰਟ ਤੱਕ ਪਹੁੰਚ ਗਿਆ ਸੀ, ਪਰ ਉਸ ਨੂੰ ਉੱਥੋਂ ਹੀ ਵਾਪਸ ਜੇਲ੍ਹ ਭੇਜ ਦਿੱਤਾ ਗਿਆ। ਲੰਮੇ ਸਮੇਂ ਤੱਕ ਚੱਲੀ ਇਸ ਖੱਜਲ-ਖੁਆਰੀ ਦੌਰਾਨ ਪਰਿਵਾਰ ਨੂੰ ਵੀ ਵੱਡਾ ਦੁੱਖ ਸਹਿਣਾ ਪਿਆ। ਇਸੇ ਦੌਰਾਨ ਭਾਰਤ ਵਿੱਚ ਉਸ ਦੇ ਇੱਕ ਭਰਾ ਦੀ ਮੌਤ ਵੀ ਹੋ ਗਈ।
ਸਾਊਦੀ ਅਰਬ ਤੋਂ ਭਾਰਤ ਪਰਤਣ ਤੋਂ ਬਾਅਦ ਰਜਿੰਦਰਪਾਲ ਸਿੰਘ ਨੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਨਤਮਸਤਕ ਹੋ ਕੇ ਸੰਤ ਸੀਚੇਵਾਲ ਦਾ ਧੰਨਵਾਦ ਕੀਤਾ ਅਤੇ ਆਪਣੀ ਹੱਡਬੀਤੀ ਸਾਂਝੀ ਕੀਤੀ। ਉਸ ਨੇ ਦੱਸਿਆ ਕਿ ਉਹ ਕੰਪਨੀ ਦੇ ਟਰੱਕਾਂ ਨਾਲ ਸਬੰਧਤ ਇੱਕ ਮਾਮਲੇ ਵਿੱਚ ਬੇਗੁਨਾਹ ਹੋਣ ਦੇ ਬਾਵਜੂਦ ਜੇਲ੍ਹ ਵਿੱਚ ਬੰਦ ਰਿਹਾ।
ਰਜਿੰਦਰਪਾਲ ਨੇ ਦਾਅਵਾ ਕੀਤਾ ਕਿ ਸਾਊਦੀ ਅਰਬ ਵਿੱਚ ਅਜੇ ਵੀ ਸੈਂਕੜੇ ਭਾਰਤੀ ਫਸੇ ਹੋਏ ਹਨ, ਜਿਨ੍ਹਾਂ ਦੀ ਪੈਰਵੀ ਕਰਨ ਵਾਲਾ ਕੋਈ ਨਹੀਂ ਹੈ। ਉਸ ਮੁਤਾਬਕ, ਸੰਤ ਸੀਚੇਵਾਲ ਦੇ ਦਫ਼ਤਰ ਵੱਲੋਂ ਭਾਰਤੀ ਦੂਤਾਵਾਸ ਅਤੇ ਵਿਦੇਸ਼ ਮੰਤਰਾਲੇ ਨਾਲ ਲਗਾਤਾਰ ਕੀਤੇ ਗਏ ਚਿੱਠੀ-ਪੱਤਰ ਅਤੇ ਰਾਬਤੇ ਤੋਂ ਬਾਅਦ ਹੀ ਉਸ ਦੀ ਭਾਰਤ ਵਾਪਸੀ ਸੰਭਵ ਹੋ ਸਕੀ।
ਦੂਜੇ ਪਾਸੇ, ਅੰਮ੍ਰਿਤਸਰ ਨਾਲ ਸਬੰਧਤ ਜਸਬੀਰ ਸਿੰਘ ਦੇ ਪਰਿਵਾਰ ਨੇ ਵੀ ਜਨਵਰੀ ਮਹੀਨੇ ਵਿੱਚ ਸੰਤ ਸੀਚੇਵਾਲ ਤੱਕ ਪਹੁੰਚ ਕਰਕੇ ਉਸ ਦੀ ਵਾਪਸੀ ਲਈ ਮਦਦ ਦੀ ਅਪੀਲ ਕੀਤੀ ਸੀ। ਲਗਾਤਾਰ ਕੀਤੀਆਂ ਕੋਸ਼ਿਸ਼ਾਂ ਤੋਂ ਬਾਅਦ ਜਸਬੀਰ ਸਿੰਘ ਦੀ ਵਾਪਸੀ ਹੋਣ ਨਾਲ ਉਸ ਦੇ ਪਰਿਵਾਰ ਨੇ ਵੀ ਸੁੱਖ ਦਾ ਸਾਹ ਲਿਆ ਹੈ।
ਇਸ ਮੌਕੇ ਸੰਤ ਸੀਚੇਵਾਲ ਨੇ ਪੰਜਾਬ ਦੇ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਵਿਦੇਸ਼ ਜਾਣ ਸਮੇਂ ਏਜੰਟਾਂ ਦੀ ਪੂਰੀ ਪੜਤਾਲ ਕੀਤੀ ਜਾਵੇ ਅਤੇ ਵਿਦੇਸ਼ ਜਾਣ ਲਈ ਹਮੇਸ਼ਾ ਕਾਨੂੰਨੀ ਰਸਤਾ ਹੀ ਅਖ਼ਤਿਆਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਹੀ ਜਾਣਕਾਰੀ ਅਤੇ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕਰਕੇ ਅਜਿਹੀਆਂ ਮੁਸੀਬਤਾਂ ਤੋਂ ਬਚਿਆ ਜਾ ਸਕਦਾ ਹੈ।
ਰਜਿੰਦਰਪਾਲ ਵੱਲੋਂ ਭਾਰਤੀ ਦੂਤਾਵਾਸ ਦੀ ਕਾਰਜਪ੍ਰਣਾਲੀ ’ਤੇ ਗੰਭੀਰ ਸਵਾਲ
ਵਤਨ ਪਰਤਣ ਤੋਂ ਬਾਅਦ ਰਜਿੰਦਰਪਾਲ ਸਿੰਘ ਨੇ ਸਬੰਧਤ ਦੇਸ਼ ਵਿੱਚ ਸਥਿਤ ਭਾਰਤੀ ਦੂਤਾਵਾਸ ਦੀ ਕਾਰਜਪ੍ਰਣਾਲੀ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਸ ਨੇ ਦੋਸ਼ ਲਗਾਇਆ ਕਿ ਉੱਥੇ ਫਸੇ ਭਾਰਤੀਆਂ ਦੀ ਬਿਨਾਂ ਸਿਫ਼ਾਰਸ਼ ਤੋਂ ਕੋਈ ਸੁਣਵਾਈ ਨਹੀਂ ਹੁੰਦੀ ਅਤੇ ਵਾਪਸੀ ਦੇ ਨਾਂ ’ਤੇ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ।
ਰਜਿੰਦਰਪਾਲ ਸਿੰਘ ਨੇ ਭਾਰਤ ਸਰਕਾਰ ਤੋਂ ਭਾਰਤੀ ਦੂਤਾਵਾਸ ਦੇ ਰਵੱਈਏ ਅਤੇ ਕਾਰਜਪ੍ਰਣਾਲੀ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਹਾਲਾਂਕਿ, ਦੂਤਾਵਾਸ ਸਬੰਧੀ ਲਗਾਏ ਗਏ ਇਹ ਦੋਸ਼ ਰਜਿੰਦਰਪਾਲ ਸਿੰਘ ਦੇ ਆਪਣੇ ਦਾਅਵੇ ਹਨ।
