HomeCanadaਸਰੀ ਚੋਣਾਂ ਲਈ ਸੇਫ ਸਰੀ ਕੋਲੀਸ਼ਨ ਨੇ ਤੇਜ਼ ਕੀਤੀ ਮੁਹਿੰਮ, ਚੋਣ ਦਫ਼ਤਰ...

ਸਰੀ ਚੋਣਾਂ ਲਈ ਸੇਫ ਸਰੀ ਕੋਲੀਸ਼ਨ ਨੇ ਤੇਜ਼ ਕੀਤੀ ਮੁਹਿੰਮ, ਚੋਣ ਦਫ਼ਤਰ ਦਾ ਉਦਘਾਟਨ

ਡੱਗ ਮੈਕਲਮ ਨੇ ਟੀਮ ਸਮੇਤ ਪੇਸ਼ ਕੀਤੀਆਂ ਚੋਣ ਤਰਜੀਹਾਂ, ਸਮਰਥਕਾਂ ਦੀ ਰਹੀ ਵੱਡੀ ਹਾਜ਼ਰੀ

ਸਰੀ (ਬੀਸੀ ਪੰਜਾਬੀ ਨਿਊਜ਼ ਬਿਊਰੋ) — ਸਰੀ ਸਿਟੀ ਦੀਆਂ 17 ਅਕਤੂਬਰ ਨੂੰ ਹੋਣ ਵਾਲੀਆਂ ਮਿਊਂਸਪਲ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਸੇ ਲੜੀ ਤਹਿਤ ਸਾਬਕਾ ਮੇਅਰ ਅਤੇ ਮੇਅਰ ਅਹੁਦੇ ਦੇ ਉਮੀਦਵਾਰ ਡੱਗ ਮੈਕਲਮ ਦੀ ਅਗਵਾਈ ਵਾਲੀ ਸੇਫ ਸਰੀ ਕੋਲੀਸ਼ਨ ਵੱਲੋਂ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਸਮਾਗਮ ਵਿੱਚ ਸਲੇਟ ਦੇ ਉਮੀਦਵਾਰਾਂ ਦੇ ਨਾਲ ਵੱਡੀ ਗਿਣਤੀ ਵਿੱਚ ਸਮਰਥਕ ਅਤੇ ਸ਼ਹਿਰ ਵਾਸੀ ਸ਼ਾਮਲ ਹੋਏ।

ਇਸ ਮੌਕੇ ਸੇਫ ਸਰੀ ਕੋਲੀਸ਼ਨ ਦੇ ਉਮੀਦਵਾਰਾਂ ਨੇ ਆਪਣੀ ਚੋਣ ਮੁਹਿੰਮ ਅਤੇ ਸ਼ਹਿਰ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ਬਾਰੇ ਵਿਚਾਰ ਸਾਂਝੇ ਕੀਤੇ। ਸਮਰਥਕਾਂ ਵੱਲੋਂ ਵੀ ਆਉਣ ਵਾਲੇ ਦਿਨਾਂ ਦੌਰਾਨ ਚੋਣ ਮੁਹਿੰਮ ਵਿੱਚ ਸਰਗਰਮ ਭੂਮਿਕਾ ਨਿਭਾਉਣ ਦੀ ਗੱਲ ਕਹੀ ਗਈ।

ਸਮਾਗਮ ਨੂੰ ਸੰਬੋਧਨ ਕਰਦਿਆਂ ਡੱਗ ਮੈਕਲਮ ਨੇ ਆਪਣੀ ਟੀਮ ਦੀਆਂ ਚੋਣ ਤਰਜੀਹਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸੇਫ ਸਰੀ ਕੋਲੀਸ਼ਨ ਵੱਲੋਂ ਸ਼ਹਿਰ ਦੇ ਬੁਨਿਆਦੀ ਢਾਂਚੇ, ਜਨਤਕ ਸੁਰੱਖਿਆ, ਟੈਕਸਾਂ ਅਤੇ ਆਵਾਜਾਈ ਨਾਲ ਜੁੜੇ ਮੁੱਦਿਆਂ ਨੂੰ ਮੁੱਖ ਤਰਜੀਹ ਦਿੱਤੀ ਜਾਵੇਗੀ। ਮੈਕਲਮ ਨੇ ਸਰੀ ਸਿਟੀ ਸੈਂਟਰ ਤੋਂ ਨਿਊਟਨ ਤੱਕ ਸਕਾਈਟਰੇਨ ਦੇ ਵਿਸਥਾਰ ਦੀ ਆਪਣੀ ਚੋਣ ਵਚਨਬੱਧਤਾ ਨੂੰ ਵੀ ਦੁਹਰਾਇਆ। ਇਹ ਪ੍ਰਸਤਾਵ ਸੇਫ ਸਰੀ ਕੋਲੀਸ਼ਨ ਦੇ 2026 ਦੇ ਜਾਰੀ ਕੀਤੇ ਪਲੇਟਫਾਰਮ ਵਿੱਚ ਵੀ ਸ਼ਾਮਲ ਹੈ।

ਮੈਕਲਮ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਦਾ ਟੀਚਾ ਸਰੀ ਨੂੰ ਬਿਹਤਰ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਵਾਲਾ ਸ਼ਹਿਰ ਬਣਾਉਣਾ ਹੈ। ਉਨ੍ਹਾਂ ਨੇ ਆਪਣੇ ਪਿਛਲੇ ਕਾਰਜਕਾਲ ਦੇ ਕੰਮਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਵਾਰ ਕੀਤੇ ਜਾ ਰਹੇ ਚੋਣ ਵਾਅਦਿਆਂ ਨੂੰ ਵੀ ਪੂਰਾ ਕਰਨ ਲਈ ਕੰਮ ਕੀਤਾ ਜਾਵੇਗਾ।

ਇਸ ਮੌਕੇ ਕੌਂਸਲਰ ਉਮੀਦਵਾਰ ਮਨਦੀਪ ਨਾਗਰਾ, ਮੀਰਾ ਗਿੱਲ ਅਤੇ ਸੁਹਾਨਾ ਗਿੱਲ ਸਮੇਤ ਹੋਰ ਉਮੀਦਵਾਰਾਂ ਨੇ ਵੀ ਸੰਬੋਧਨ ਕਰਦਿਆਂ ਆਪਣੀਆਂ ਤਰਜੀਹਾਂ ਬਾਰੇ ਜਾਣਕਾਰੀ ਦਿੱਤੀ ਅਤੇ ਵੋਟਰਾਂ ਤੋਂ ਸੇਫ ਸਰੀ ਕੋਲੀਸ਼ਨ ਦੀ ਪੂਰੀ ਸਲੇਟ ਲਈ ਸਮਰਥਨ ਮੰਗਿਆ।

ਰੋਜ਼ਮੇਰੀ ਹਾਈਟਸ ਦੇ ਵਿਕਾਸ ਦਾ ਮੁੱਦਾ ਵੀ ਚਰਚਾ ਵਿੱਚ

ਇਸ ਦੌਰਾਨ ਕੌਂਸਲਰ ਉਮੀਦਵਾਰ ਮਨਦੀਪ ਨਾਗਰਾ ਨੇ ਕਿਹਾ ਕਿ ਰੋਜ਼ਮੇਰੀ ਹਾਈਟਸ ਕਮਿਊਨਿਟੀ ਐਸੋਸੀਏਸ਼ਨ ਵੱਲੋਂ ਡੱਗ ਮੈਕਲਮ ਦੀ ਅਗਵਾਈ ਵਾਲੀ ਸਲੇਟ ਲਈ ਸਮਰਥਨ ਦਾ ਐਲਾਨ ਕੀਤਾ ਗਿਆ ਹੈ। ਨਾਗਰਾ ਅਨੁਸਾਰ ਇਹ ਸਮਰਥਨ ਸਲੇਟ ਵੱਲੋਂ ਸਥਾਨਕ ਵਸਨੀਕਾਂ ਦੀ ਰਾਏ ਨੂੰ ਵਿਕਾਸ ਸਬੰਧੀ ਫੈਸਲਿਆਂ ਵਿੱਚ ਅਹਿਮੀਅਤ ਦੇਣ ਦੀ ਵਚਨਬੱਧਤਾ ਤੋਂ ਬਾਅਦ ਸਾਹਮਣੇ ਆਇਆ ਹੈ।

ਰੋਜ਼ਮੇਰੀ ਹਾਈਟਸ ਖੇਤਰ ਵਿੱਚ ਪ੍ਰਸਤਾਵਿਤ ਰਿਹਾਇਸ਼ੀ ਵਿਕਾਸ ਨੂੰ ਲੈ ਕੇ ਪਿਛਲੇ ਸਮੇਂ ਤੋਂ ਕੁਝ ਸਥਾਨਕ ਵਸਨੀਕਾਂ ਅਤੇ ਰੋਜ਼ਮੇਰੀ ਹਾਈਟਸ ਕਮਿਊਨਿਟੀ ਐਸੋਸੀਏਸ਼ਨ ਵੱਲੋਂ ਇਤਰਾਜ਼ ਉਠਾਏ ਜਾਂਦੇ ਰਹੇ ਹਨ। ਐਸੋਸੀਏਸ਼ਨ ਵੱਲੋਂ ਖੇਤਰ ਦੀ ਹਰਿਆਵਲ, ਵਾਤਾਵਰਣ ਅਤੇ ਮੌਜੂਦਾ ਕਮਿਊਨਿਟੀ ਦੇ ਸਰੂਪ ਨੂੰ ਬਚਾਉਣ ਸਬੰਧੀ ਚਿੰਤਾਵਾਂ ਪ੍ਰਗਟ ਕੀਤੀਆਂ ਗਈਆਂ ਹਨ।

ਸੇਫ ਸਰੀ ਕੋਲੀਸ਼ਨ ਵੱਲੋਂ ਵੀ ਇਸ ਮੁੱਦੇ ਨੂੰ ਆਪਣੀ ਚੋਣ ਮੁਹਿੰਮ ਦੌਰਾਨ ਉਭਾਰਿਆ ਜਾ ਰਿਹਾ ਹੈ ਅਤੇ ਸਲੇਟ ਵੱਲੋਂ ਕਿਹਾ ਗਿਆ ਹੈ ਕਿ ਸਥਾਨਕ ਵਸਨੀਕਾਂ ਦੀਆਂ ਚਿੰਤਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਵਿਕਾਸ ਸਬੰਧੀ ਫੈਸਲੇ ਕੀਤੇ ਜਾਣੇ ਚਾਹੀਦੇ ਹਨ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments