Google search engine
Home Indian ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਲਈ ਅੱਜ ਸਰਹੱਦ ’ਤੇ ਹੋਵੇਗੀ ਸਾਂਝੀ ਅਰਦਾਸ

ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਲਈ ਅੱਜ ਸਰਹੱਦ ’ਤੇ ਹੋਵੇਗੀ ਸਾਂਝੀ ਅਰਦਾਸ

ਚੜ੍ਹਦੇ ਤੇ ਲਹਿੰਦੇ ਪੰਜਾਬ ਦੀਆਂ ਸੰਗਤਾਂ ਆਪੋ-ਆਪਣੇ ਪਾਸੇ ਜ਼ੀਰੋ ਲਾਈਨ ’ਤੇ ਹੋਣਗੀਆਂ ਇਕੱਠੀਆਂ; ਪਾਕਿਸਤਾਨ ਵਾਲੇ ਪਾਸਿਓਂ ਸਜਾਇਆ ਜਾਵੇਗਾ ਨਗਰ ਕੀਰਤਨ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਅਸਥਾਨ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਮੁੜ ਖੋਲ੍ਹਣ ਦੀ ਅਰਦਾਸ ਨੂੰ ਲੈ ਕੇ ਅੱਜ ਭਾਰਤ ਅਤੇ ਪਾਕਿਸਤਾਨ ਦੋਵਾਂ ਪਾਸਿਆਂ ਦੀਆਂ ਸਿੱਖ ਸੰਗਤਾਂ ਸਰਹੱਦ ਨੇੜੇ ਜ਼ੀਰੋ ਲਾਈਨ ’ਤੇ ਇਕੱਠੀਆਂ ਹੋਣਗੀਆਂ। ਦੋਵਾਂ ਪਾਸਿਆਂ ਦੀ ਸੰਗਤ ਵੱਲੋਂ ਆਪੋ-ਆਪਣੇ ਸਥਾਨ ’ਤੇ ਗੁਰਬਾਣੀ ਕੀਰਤਨ, ਰਹਿਰਾਸ ਸਾਹਿਬ ਦੇ ਪਾਠ ਅਤੇ ਅਰਦਾਸ ਕੀਤੀ ਜਾਵੇਗੀ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦੱਸਿਆ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 21 ਸਤੰਬਰ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਜ਼ੀਰੋ ਲਾਈਨ ਤੱਕ ਨਗਰ ਕੀਰਤਨ ਸਜਾਇਆ ਜਾਵੇਗਾ। ਇਹ ਨਗਰ ਕੀਰਤਨ ਭਾਰਤੀ ਸਮੇਂ ਮੁਤਾਬਕ ਸ਼ਾਮ 5:30 ਵਜੇ ਸਰਹੱਦ ਨੇੜੇ ਪਹੁੰਚੇਗਾ। ਲਹਿੰਦੇ ਪੰਜਾਬ ਦੀਆਂ ਸਿੱਖ ਸੰਗਤਾਂ ਵੱਲੋਂ ਬੜੀ ਸ਼ਰਧਾ ਅਤੇ ਭਾਵਨਾ ਨਾਲ ਇਹ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ।

ਪਾਕਿਸਤਾਨ ਵਾਲੇ ਪਾਸੇ ਜ਼ੀਰੋ ਲਾਈਨ ’ਤੇ ਪਹੁੰਚਣ ਉਪਰੰਤ ਸੰਧਿਆ ਵੇਲੇ ਰਹਿਰਾਸ ਸਾਹਿਬ ਦਾ ਪਾਠ, ਗੁਰਬਾਣੀ ਕੀਰਤਨ ਅਤੇ ਆਰਤੀ ਕੀਤੀ ਜਾਵੇਗੀ। ਇਸ ਤੋਂ ਬਾਅਦ ਗੁਰੂ ਸਾਹਿਬ ਦੇ ਸਨਮੁਖ ਅਰਦਾਸ ਕੀਤੀ ਜਾਵੇਗੀ ਕਿ ਦੋਵਾਂ ਪਾਸਿਆਂ ਦੀਆਂ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਜਲਦ ਖੋਲ੍ਹਿਆ ਜਾਵੇ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੀ ਕਰਨਗੇ ਸ਼ਮੂਲੀਅਤ

ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਭਾਰਤ ਵਾਲੇ ਪਾਸੇ ਡੇਰਾ ਬਾਬਾ ਨਾਨਕ ਵਿਖੇ ਜ਼ੀਰੋ ਲਾਈਨ ’ਤੇ ਪਹੁੰਚ ਕੇ ਅਰਦਾਸ ਵਿੱਚ ਸ਼ਮੂਲੀਅਤ ਕਰਨਗੇ। ਭਾਰਤ ਅਤੇ ਪਾਕਿਸਤਾਨ ਦੋਵਾਂ ਪਾਸਿਆਂ ਦੀਆਂ ਸਿੱਖ ਸੰਗਤਾਂ ਵੱਲੋਂ ਇਕੋ ਸਮੇਂ ਆਪੋ-ਆਪਣੇ ਪਾਸੇ ਰਹਿਰਾਸ ਸਾਹਿਬ ਦਾ ਪਾਠ, ਆਰਤੀ ਅਤੇ ਸ਼ਬਦ ਕੀਰਤਨ ਉਪਰੰਤ ਕਰਤਾਰਪੁਰ ਸਾਹਿਬ ਲਾਂਘਾ ਜਲਦ ਖੋਲ੍ਹਣ ਲਈ ਅਰਦਾਸ ਕੀਤੀ ਜਾਵੇਗੀ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਡੇਰਾ ਬਾਬਾ ਨਾਨਕ ਅਤੇ ਸਰਹੱਦੀ ਇਲਾਕੇ ਦੀ ਸਮੂਹ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਉਹ ਅੱਜ ਸ਼ਾਮ 5:30 ਵਜੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੇੜੇ ਜ਼ੀਰੋ ਲਾਈਨ ’ਤੇ ਪਹੁੰਚ ਕੇ ਇਸ ਸਮਾਗਮ ਅਤੇ ਅਰਦਾਸ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ।

ਉਨ੍ਹਾਂ ਕਿਹਾ ਕਿ ਸਮੂਹ ਸੰਗਤ ਵੱਲੋਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ ਜਾਵੇਗੀ ਕਿ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਜਲਦ ਖੁੱਲ੍ਹੇ, ਤਾਂ ਜੋ ਸਿੱਖ ਸੰਗਤ ਪਹਿਲਾਂ ਦੀ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਅਸਥਾਨ ਦੇ ਦਰਸ਼ਨ-ਦੀਦਾਰ ਕਰ ਸਕੇ।

ਸਰਹੱਦ ’ਤੇ ਪਹਿਲਾਂ ਵੀ ਹੋ ਚੁੱਕੀ ਹੈ ਅਰਦਾਸ

ਜ਼ਿਕਰਯੋਗ ਹੈ ਕਿ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਮੰਗ ਨੂੰ ਲੈ ਕੇ ਭਾਰਤੀ ਸਿੱਖ ਸੰਗਤ ਵੱਲੋਂ ਇਸ ਤੋਂ ਪਹਿਲਾਂ ਵੀ ਕਈ ਵਾਰ ਸਰਹੱਦ ’ਤੇ ਖੜ੍ਹੇ ਹੋ ਕੇ ਅਰਦਾਸ ਕੀਤੀ ਜਾ ਚੁੱਕੀ ਹੈ। ਲਾਂਘਾ ਖੁੱਲ੍ਹਣ ਤੋਂ ਪਹਿਲਾਂ ਵੀ ਸੰਗਤਾਂ ਨੇ ਸਰਹੱਦ ’ਤੇ ਇਕੱਠੀਆਂ ਹੋ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ ਸੀ। ਹੁਣ ਦੋਵਾਂ ਪਾਸਿਆਂ ਦੀਆਂ ਸੰਗਤਾਂ ਵੱਲੋਂ ਮੁੜ ਸਾਂਝੇ ਤੌਰ ’ਤੇ ਲਾਂਘਾ ਛੇਤੀ ਖੋਲ੍ਹਣ ਲਈ ਅਰਦਾਸ ਕੀਤੀ ਜਾ ਰਹੀ ਹੈ।

Exit mobile version