Google search engine
Home Canada ਨਿਊਟਨ ਵਿੱਚ ‘ਸਰੀ ਜਨਰਲ ਹਸਪਤਾਲ’ ਬਣਾਉਣ ਦਾ ਡੱਗ ਮੈਕਲਮ ਵੱਲੋਂ ਵਾਅਦਾ

ਨਿਊਟਨ ਵਿੱਚ ‘ਸਰੀ ਜਨਰਲ ਹਸਪਤਾਲ’ ਬਣਾਉਣ ਦਾ ਡੱਗ ਮੈਕਲਮ ਵੱਲੋਂ ਵਾਅਦਾ

ਮੇਅਰ ਚੁਣੇ ਜਾਣ ’ਤੇ 6965 ਕਿੰਗ ਜਾਰਜ ਬੁਲੇਵਾਰਡ ਦੀ ਸਿਟੀ ਮਾਲਕੀ ਵਾਲੀ ਜ਼ਮੀਨ ’ਤੇ ਫੁੱਲ-ਸਰਵਿਸ ਹਸਪਤਾਲ ਬਣਾਉਣ ਦੀ ਯੋਜਨਾ; ਸਿਟੀ ਦੀਆਂ ਮਨਜ਼ੂਰੀਆਂ 60 ਦਿਨਾਂ ’ਚ ਦੇਣ ਦਾ ਐਲਾਨ

ਸਰੀ, ਬੀ.ਸੀ. (ਮਹੇਸ਼ਇੰਦਰ ਸਿੰਘ ਮਾਂਗਟ) ਸਰੀ ਦੇ ਸਾਬਕਾ ਮੇਅਰ ਅਤੇ ਸੇਫ ਸਰੀ ਕੋਲੀਸ਼ਨ ਵੱਲੋਂ ਮੇਅਰ ਅਹੁਦੇ ਦੇ ਉਮੀਦਵਾਰ ਡੱਗ ਮੈਕਲਮ ਨੇ ਐਲਾਨ ਕੀਤਾ ਹੈ ਕਿ ਮੇਅਰ ਚੁਣੇ ਜਾਣ ’ਤੇ ਉਹ ਨਿਊਟਨ ਵਿੱਚ ਇੱਕ ਨਵਾਂ ਫੁੱਲ-ਸਰਵਿਸ ਹਸਪਤਾਲ “ਸਰੀ ਜਨਰਲ ਹਸਪਤਾਲ” ਬਣਾਉਣ ਦੀ ਯੋਜਨਾ ਨੂੰ ਅੱਗੇ ਵਧਾਉਣਗੇ।

ਮੈਕਲਮ ਮੁਤਾਬਕ ਪ੍ਰਸਤਾਵਿਤ ਹਸਪਤਾਲ 6965 ਕਿੰਗ ਜਾਰਜ ਬੁਲੇਵਾਰਡ ਵਿਖੇ ਸਿਟੀ ਦੀ ਮਾਲਕੀ ਵਾਲੀ ਜ਼ਮੀਨ ’ਤੇ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਵਾਲੀ ਕੌਂਸਲ ਇਸ ਜ਼ਮੀਨ ਨੂੰ ਹਸਪਤਾਲ ਲਈ ਸਮਰਪਿਤ ਕਰੇਗੀ, ਸਿਟੀ ਪੱਧਰ ਦੀਆਂ ਲੋੜੀਂਦੀਆਂ ਮਨਜ਼ੂਰੀਆਂ ਅਤੇ ਪਰਮਿਟਾਂ ਨੂੰ 60 ਦਿਨਾਂ ਦੇ ਅੰਦਰ ਪੂਰਾ ਕਰਨ ਦੀ ਕੋਸ਼ਿਸ਼ ਕਰੇਗੀ ਅਤੇ ਉਸਾਰੀ ਲਈ ਫੰਡ ਹਾਸਲ ਕਰਨ ਵਾਸਤੇ ਸੂਬਾਈ ਅਤੇ ਫੈਡਰਲ ਸਰਕਾਰਾਂ ਕੋਲ ਪਹੁੰਚ ਕਰੇਗੀ।

ਮੈਕਲਮ ਨੇ ਕਿਹਾ ਕਿ ਉਨ੍ਹਾਂ ਦੀ ਯੋਜਨਾ ਮੁਤਾਬਕ ਇਹ ਕੋਈ ਕਲੀਨਿਕ ਜਾਂ ਸਿਰਫ਼ ਆਊਟਪੇਸ਼ੈਂਟ ਸੈਂਟਰ ਨਹੀਂ, ਸਗੋਂ ਇੱਕ ਪੂਰਾ ਐਕਿਊਟ-ਕੇਅਰ ਹਸਪਤਾਲ ਹੋਵੇਗਾ। ਪ੍ਰਸਤਾਵ ਵਿੱਚ ਐਮਰਜੈਂਸੀ ਵਿਭਾਗ, ਇਨਪੇਸ਼ੈਂਟ ਬੈੱਡ, ਆਪ੍ਰੇਸ਼ਨ ਰੂਮ, ਇੰਟੈਂਸਿਵ ਕੇਅਰ, ਮੈਟਰਨਿਟੀ ਅਤੇ ਨਵਜੰਮੇ ਬੱਚਿਆਂ ਦੀ ਦੇਖਭਾਲ, ਡਾਇਗਨੋਸਟਿਕ ਅਤੇ ਇਮੇਜਿੰਗ ਸੇਵਾਵਾਂ ਦੇ ਨਾਲ ਬੱਚਿਆਂ ਲਈ ਵਿਸ਼ੇਸ਼ ਇਲਾਜ ਅਤੇ ਪੀਡੀਆਟ੍ਰਿਕ ਇੰਟੈਂਸਿਵ ਕੇਅਰ ਯੂਨਿਟ ਸ਼ਾਮਲ ਕਰਨ ਦੀ ਗੱਲ ਕਹੀ ਗਈ ਹੈ।

“ਵੈਨਕੂਵਰ ਕੋਲ Vancouver General ਹੈ, ਸਰੀ ਵੀ ਹੁਣ ਵੱਡਾ ਸ਼ਹਿਰ ਬਣਨ ਵੱਲ ਵਧ ਰਿਹਾ ਹੈ ਅਤੇ ਸਰੀ ਕੋਲ ਵੀ Surrey General ਹੋਵੇਗਾ,” ਮੈਕਲਮ ਨੇ ਆਪਣੇ ਐਲਾਨ ਵਿੱਚ ਕਿਹਾ।

ਉਨ੍ਹਾਂ ਨੇ ਸਰੀ ਅਤੇ ਵੈਨਕੂਵਰ ਵਿਚਕਾਰ ਹਸਪਤਾਲ ਸੇਵਾਵਾਂ ਅਤੇ ਸਿਹਤ ਸੰਭਾਲ ਸਰੋਤਾਂ ਦੇ ਫਰਕ ਦਾ ਮੁੱਦਾ ਵੀ ਉਠਾਇਆ। ਮੈਕਲਮ ਨੇ ਦਲੀਲ ਦਿੱਤੀ ਕਿ ਸਰੀ ਦੀ ਤੇਜ਼ੀ ਨਾਲ ਵਧ ਰਹੀ ਆਬਾਦੀ ਦੇ ਮੱਦੇਨਜ਼ਰ ਸ਼ਹਿਰ ਨੂੰ ਹੋਰ ਹਸਪਤਾਲ ਸਮਰੱਥਾ ਅਤੇ ਵਿਸ਼ੇਸ਼ ਸਿਹਤ ਸੇਵਾਵਾਂ ਦੀ ਲੋੜ ਹੈ।

ਮੈਕਲਮ ਅਨੁਸਾਰ ਪ੍ਰਸਤਾਵਿਤ ਥਾਂ ਸਰੀ ਦੇ ਮੁੱਖ ਆਵਾਜਾਈ ਕੌਰੀਡੋਰ ਕਿੰਗ ਜਾਰਜ ਬੁਲੇਵਾਰਡ ’ਤੇ ਸਥਿਤ ਹੈ ਅਤੇ ਸਿਟੀ ਵੱਲੋਂ ਇਹ ਜ਼ਮੀਨ ਪਹਿਲਾਂ ਹੀ ਖਰੀਦੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਰੀ ਦੇ ਟੈਕਸਦਾਤਿਆਂ ਦੀ ਮਾਲਕੀ ਵਾਲੀ ਇਸ ਜ਼ਮੀਨ ਨੂੰ ਹਸਪਤਾਲ ਲਈ ਵਰਤਣਾ ਸ਼ਹਿਰ ਵਾਸੀਆਂ ਲਈ ਮਹੱਤਵਪੂਰਨ ਨਿਵੇਸ਼ ਹੋਵੇਗਾ।

ਮੈਕਲਮ ਨੇ ਆਪਣੇ ਪਿਛਲੇ ਕਾਰਜਕਾਲ ਦੌਰਾਨ SkyTrain ਅਤੇ ਹੋਰ ਵੱਡੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹ ਸੂਬਾਈ ਅਤੇ ਫੈਡਰਲ ਸਰਕਾਰਾਂ ਤੋਂ ਵੱਡੇ ਪ੍ਰੋਜੈਕਟਾਂ ਲਈ ਫੰਡ ਹਾਸਲ ਕਰਨ ਦਾ ਤਜਰਬਾ ਰੱਖਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਉਹ ਮੁੜ ਮੇਅਰ ਬਣਦੇ ਹਨ ਤਾਂ “ਸਰੀ ਜਨਰਲ ਹਸਪਤਾਲ” ਉਨ੍ਹਾਂ ਦੀਆਂ ਮੁੱਖ ਤਰਜੀਹਾਂ ਵਿੱਚ ਸ਼ਾਮਲ ਹੋਵੇਗਾ।

ਇਸ ਦੌਰਾਨ ਸਰੀ ਦੇ Cloverdale ਖੇਤਰ ਵਿੱਚ ਸੂਬਾਈ ਸਰਕਾਰ ਅਤੇ Fraser Health ਦਾ ਨਵਾਂ Surrey Hospital and BC Cancer Centre ਪਹਿਲਾਂ ਹੀ ਉਸਾਰੀ ਅਧੀਨ ਹੈ। ਇਸ ਲਈ ਮੈਕਲਮ ਵੱਲੋਂ ਨਿਊਟਨ ਵਿੱਚ ਐਲਾਨਿਆ ਗਿਆ “Surrey General Hospital” ਉਸ ਮੌਜੂਦਾ ਪ੍ਰੋਜੈਕਟ ਤੋਂ ਵੱਖਰਾ, ਇੱਕ ਹੋਰ ਪ੍ਰਸਤਾਵਿਤ ਫੁੱਲ-ਸਰਵਿਸ ਹਸਪਤਾਲ ਹੋਵੇਗਾ।

ਮੈਕਲਮ ਨੇ ਕਿਹਾ ਕਿ ਸਰੀ ਦੀ ਆਬਾਦੀ ਲਗਾਤਾਰ ਵਧ ਰਹੀ ਹੈ ਅਤੇ ਭਵਿੱਖ ਵਿੱਚ ਸ਼ਹਿਰ ਦੇ ਇੱਕ ਮਿਲੀਅਨ ਵਸਨੀਕਾਂ ਵੱਲ ਵਧਣ ਦੇ ਮੱਦੇਨਜ਼ਰ ਸਿਹਤ ਸਹੂਲਤਾਂ ਦਾ ਵਿਸਥਾਰ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਨਵਾਂ ਹਸਪਤਾਲ ਬੱਚਿਆਂ, ਮਾਵਾਂ, ਬਜ਼ੁਰਗਾਂ ਅਤੇ ਪਰਿਵਾਰਾਂ ਨੂੰ ਆਪਣੇ ਹੀ ਸ਼ਹਿਰ ਵਿੱਚ ਵਧੇਰੇ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਬਣਾਇਆ ਜਾਵੇਗਾ।

 

Exit mobile version