HomePunjab Newsਕੀਨੀਆ ਦੀ ਕੈਦ ਤੋਂ 47 ਦਿਨਾਂ ਬਾਅਦ ਘਰ ਪਰਤਿਆ ਰਾਕੇਸ਼, 11 ਮਹੀਨਿਆਂ...

ਕੀਨੀਆ ਦੀ ਕੈਦ ਤੋਂ 47 ਦਿਨਾਂ ਬਾਅਦ ਘਰ ਪਰਤਿਆ ਰਾਕੇਸ਼, 11 ਮਹੀਨਿਆਂ ਦੀ ਧੀ ਨੂੰ ਗਲ ਨਾਲ ਲਾ ਕੇ ਰੋ ਪਿਆ  

ਇਟਲੀ ਭੇਜਣ ਦੇ ਨਾਂ ’ਤੇ ਕੀਨੀਆ ਵਿੱਚ ਬਣਾਇਆ ਸੀ ਬੰਧਕ, ਪਰਿਵਾਰ ਤੋਂ 70 ਹਜ਼ਾਰ ਅਮਰੀਕੀ ਡਾਲਰ ਦੀ ਮੰਗੀ ਸੀ ਫਿਰੌਤੀ

ਜਲੰਧਰ ਦਾ ਨੌਜਵਾਨ ਰਾਕੇਸ਼ ਕੁਮਾਰ ਕਰੀਬ ਡੇਢ ਮਹੀਨੇ ਦੀ ਦਹਿਸ਼ਤ ਅਤੇ ਜੱਦੋ-ਜਹਿਦ ਤੋਂ ਬਾਅਦ 21 ਸਤੰਬਰ ਨੂੰ ਸਹੀ-ਸਲਾਮਤ ਆਪਣੇ ਘਰ ਪਰਤ ਆਇਆ। ਇਟਲੀ ਭੇਜਣ ਦਾ ਝਾਂਸਾ ਦੇ ਕੇ ਉਸ ਨੂੰ ਕੀਨੀਆ ਵਿੱਚ ਅਗਵਾ ਕਰਕੇ ਬੰਧਕ ਬਣਾ ਲਿਆ ਗਿਆ ਸੀ। ਘਰ ਪਹੁੰਚਣ ’ਤੇ ਜਦੋਂ ਰਾਕੇਸ਼ ਨੇ ਆਪਣੀ 11 ਮਹੀਨਿਆਂ ਦੀ ਮਾਸੂਮ ਧੀ ਨੂੰ ਛਾਤੀ ਨਾਲ ਲਾਇਆ ਤਾਂ ਉਹ ਭਾਵੁਕ ਹੋ ਗਿਆ ਅਤੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ। ਇਸ ਮੌਕੇ ਪੂਰਾ ਪਰਿਵਾਰ ਵੀ ਭਾਵੁਕ ਹੋ ਗਿਆ।

ਰਾਕੇਸ਼ ਨੇ ਆਪਣੇ ਨਾਲ ਵਾਪਰੀ ਦਹਿਸ਼ਤ ਭਰੀ ਘਟਨਾ ਬਾਰੇ ਦੱਸਦਿਆਂ ਕਿਹਾ ਕਿ ਉਸ ਦੇ ਨਾਲ ਦੋ ਹੋਰ ਪੰਜਾਬੀ ਨੌਜਵਾਨ ਅਵਤਾਰ ਸਿੰਘ ਅਤੇ ਸੁਰਿੰਦਰ ਸਿੰਘ ਵੀ ਇਸ ਘਟਨਾ ਦਾ ਸ਼ਿਕਾਰ ਹੋਏ। ਉਨ੍ਹਾਂ ਨੂੰ ਇੱਕ ਟਰੈਵਲ ਏਜੰਟ ਵੱਲੋਂ ਕਾਨੂੰਨੀ ਤਰੀਕੇ ਨਾਲ ਇਟਲੀ ਭੇਜਣ ਦਾ ਭਰੋਸਾ ਦਿੱਤਾ ਗਿਆ ਸੀ। ਪਰ ਕੀਨੀਆ ਪਹੁੰਚਣ ਤੋਂ ਬਾਅਦ ਉਨ੍ਹਾਂ ਨਾਲ ਜੋ ਕੁਝ ਵਾਪਰਿਆ, ਉਸ ਨੇ ਪਰਿਵਾਰਾਂ ਨੂੰ ਦਹਿਸ਼ਤ ਵਿੱਚ ਪਾ ਦਿੱਤਾ।

ਰਾਕੇਸ਼ ਅਨੁਸਾਰ, ਫਿਲੌਰ ਨੇੜਲੇ ਪਿੰਡ ਭਾਰਸਿੰਘਪੁਰਾ ਦੇ ਟਰੈਵਲ ਏਜੰਟ ਬਲਵਿੰਦਰ ਕੁਮਾਰ ਨਾਲ 95 ਲੱਖ ਰੁਪਏ ਵਿੱਚ ਇਟਲੀ ਦਾ ਵੀਜ਼ਾ ਲਗਵਾਉਣ ਦਾ ਸੌਦਾ ਹੋਇਆ ਸੀ। ਪਰਿਵਾਰ ਵੱਲੋਂ ਇਸ ਲਈ 2 ਲੱਖ ਰੁਪਏ ਅਗਾਊਂ ਦਿੱਤੇ ਗਏ ਸਨ। ਏਜੰਟ ਨੇ ਕਿਹਾ ਸੀ ਕਿ ਕੀਨੀਆ ਪਹੁੰਚਣ ਤੋਂ ਬਾਅਦ ਨੈਰੋਬੀ ਸਥਿਤ ਇਟਲੀ ਦੇ ਦੂਤਾਵਾਸ ਤੋਂ ਦੋ ਦਿਨਾਂ ਅੰਦਰ ਪਾਸਪੋਰਟ ’ਤੇ ਵੀਜ਼ਾ ਲਗਵਾ ਦਿੱਤਾ ਜਾਵੇਗਾ।

ਰਾਕੇਸ਼ 4 ਅਗਸਤ 2026 ਨੂੰ ਭਾਰਤ ਤੋਂ ਰਵਾਨਾ ਹੋਇਆ ਅਤੇ 5 ਅਗਸਤ ਨੂੰ ਨੈਰੋਬੀ ਹਵਾਈ ਅੱਡੇ ’ਤੇ ਪਹੁੰਚਿਆ। ਹਵਾਈ ਅੱਡੇ ਤੋਂ ਬਾਹਰ ਇੱਕ ਡਰਾਈਵਰ ਨੇ ਉਸ ਨੂੰ ਅਤੇ ਹੋਰ ਨੌਜਵਾਨਾਂ ਨੂੰ ਗੱਡੀ ਵਿੱਚ ਬਿਠਾ ਲਿਆ। ਰਸਤੇ ਵਿੱਚ ਕੁਝ ਹੋਰ ਵਿਅਕਤੀ ਵੀ ਗੱਡੀ ਵਿੱਚ ਸਵਾਰ ਹੋ ਗਏ ਅਤੇ ਉਨ੍ਹਾਂ ਨੂੰ ਨੈਰੋਬੀ ਨੇੜੇ ਇੱਕ ਸੁੰਨਸਾਨ ਇਲਾਕੇ ਵਿੱਚ ਸਥਿਤ ਲੁਕੇ ਹੋਏ ਮਕਾਨ ਵਿੱਚ ਲਿਜਾਇਆ ਗਿਆ।

ਰਾਕੇਸ਼ ਨੇ ਦੱਸਿਆ ਕਿ ਉੱਥੇ 3 ਪਾਕਿਸਤਾਨੀ ਅਤੇ 3 ਕੀਨੀਆਈ ਨਾਗਰਿਕ ਮੌਜੂਦ ਸਨ, ਜਿਨ੍ਹਾਂ ਵਿੱਚ ਦੋ ਔਰਤਾਂ ਵੀ ਸ਼ਾਮਲ ਸਨ। ਗਿਰੋਹ ਨੇ ਉਨ੍ਹਾਂ ਦੇ ਪਾਸਪੋਰਟ, ਨਕਦੀ ਅਤੇ ਹੋਰ ਦਸਤਾਵੇਜ਼ ਆਪਣੇ ਕਬਜ਼ੇ ਵਿੱਚ ਲੈ ਲਏ। ਇਸ ਤੋਂ ਬਾਅਦ ਤਿੰਨੋਂ ਪੰਜਾਬੀ ਨੌਜਵਾਨਾਂ ਨੂੰ ਬੰਧਕ ਬਣਾ ਕੇ ਉਨ੍ਹਾਂ ਨਾਲ ਕਥਿਤ ਤੌਰ ’ਤੇ ਭਾਰੀ ਸਰੀਰਕ ਤਸ਼ੱਦਦ ਕੀਤਾ ਗਿਆ।

ਕੈਦ ਦੇ ਦੂਜੇ ਦਿਨ ਅਗਵਾਕਾਰਾਂ ਨੇ ਰਾਕੇਸ਼ ਦੇ ਹੱਥ-ਪੈਰ ਬੰਨ੍ਹ ਦਿੱਤੇ ਅਤੇ ਉਸ ਦੇ ਮੂੰਹ ਵਿੱਚ ਕੱਪੜਾ ਠੋਸ ਦਿੱਤਾ। ਉਸ ਦੇ ਚਿਹਰੇ ’ਤੇ ਲਾਲ ਰੰਗ ਲਗਾ ਕੇ ਉਸ ਨੂੰ ਖ਼ੂਨ ਨਾਲ ਲਥਪਥ ਦਿਖਾਇਆ ਗਿਆ। ਰਾਕੇਸ਼ ਮੁਤਾਬਕ ਗਿਰੋਹ ਦੇ ਸਰਗਨੇ ‘ਖ਼ਾਨ ਬਾਬਾ’ ਦੇ ਇਸ਼ਾਰੇ ’ਤੇ ਇਸ ਪੂਰੀ ਘਟਨਾ ਦੀ ਵੀਡੀਓ ਬਣਾਈ ਗਈ। ਵੀਡੀਓ ਰਾਹੀਂ ਪਰਿਵਾਰ ਨੂੰ 70 ਹਜ਼ਾਰ ਅਮਰੀਕੀ ਡਾਲਰ, ਜੋ ਲਗਭਗ 58 ਲੱਖ ਰੁਪਏ ਬਣਦੇ ਹਨ, ਨਾ ਦੇਣ ’ਤੇ ਰਾਕੇਸ਼ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ।

ਇਹ ਵੀਡੀਓ ਫਰਾਂਸ ਵਿੱਚ ਰਹਿੰਦੇ ਰਾਕੇਸ਼ ਦੇ ਮਾਮੇ ਸੋਮਨਾਥ ਨੂੰ ਭੇਜੀ ਗਈ। ਵੀਡੀਓ ਦੇਖ ਕੇ ਪਰਿਵਾਰ ਬੁਰੀ ਤਰ੍ਹਾਂ ਡਰ ਗਿਆ ਅਤੇ ਮਦਦ ਲਈ ‘ਇੰਡੀਅਨ ਮਾਇਨੌਰਟੀ ਫੈਡਰੇਸ਼ਨ’ ਦੇ ਕੁਲਵਿੰਦਰ ਸਿੰਘ ਅਤੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨਾਲ ਸੰਪਰਕ ਕੀਤਾ ਗਿਆ।

ਇਸ ਤੋਂ ਬਾਅਦ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਅਤੇ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਕੀਨੀਆ ਪੁਲੀਸ ਨਾਲ ਤਾਲਮੇਲ ਕੀਤਾ ਗਿਆ। 10 ਸਤੰਬਰ ਦੀ ਰਾਤ ਕਰੀਬ 2 ਵਜੇ ਕੀਨੀਆ ਪੁਲੀਸ ਨੇ ਦੱਸੇ ਗਏ ਟਿਕਾਣੇ ’ਤੇ ਛਾਪਾ ਮਾਰਿਆ। ਕਾਰਵਾਈ ਦੌਰਾਨ ਛੇ ਕਥਿਤ ਅਗਵਾਕਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਤਿੰਨੋਂ ਭਾਰਤੀ ਨੌਜਵਾਨਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ।

ਕੀਨੀਆ ਦੀ ਅਦਾਲਤ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ 14 ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜਿਆ ਗਿਆ। ਇਸ ਤੋਂ ਬਾਅਦ ਭਾਰਤੀ ਦੂਤਾਵਾਸ ਦੀ ਮਦਦ ਨਾਲ ਲੋੜੀਂਦੀ ਕਾਨੂੰਨੀ ਕਾਰਵਾਈ ਪੂਰੀ ਕੀਤੀ ਗਈ ਅਤੇ ਰਾਕੇਸ਼ ਦੀ ਭਾਰਤ ਵਾਪਸੀ ਸੰਭਵ ਹੋ ਸਕੀ।

ਘਰ ਪਰਤਣ ਤੋਂ ਬਾਅਦ ਰਾਕੇਸ਼ ਨੇ ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ ਜਾਣ ਸਮੇਂ ਪੂਰੀ ਸਾਵਧਾਨੀ ਵਰਤਣ ਦੀ ਅਪੀਲ ਕੀਤੀ। ਉਸ ਨੇ ਕਿਹਾ ਕਿ ਅਨਪਰਮਾਣਿਤ ਟਰੈਵਲ ਏਜੰਟਾਂ ਦੇ ਝਾਂਸੇ ਵਿੱਚ ਆਉਣ ਤੋਂ ਬਚਣਾ ਚਾਹੀਦਾ ਹੈ ਅਤੇ ਕਿਸੇ ਤੀਜੇ ਦੇਸ਼ ਰਾਹੀਂ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਜਾਣ ਵਾਲੇ ‘ਡੌਂਕੀ’ ਰਸਤੇ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ।

ਪੀੜਤ ਪਰਿਵਾਰ ਨੇ ਵੀ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਵਿਦੇਸ਼ ਭੇਜਣ ਦੇ ਨਾਂ ’ਤੇ ਲੋਕਾਂ ਨਾਲ ਧੋਖਾਧੜੀ ਕਰਨ ਵਾਲੇ ਸਥਾਨਕ ਏਜੰਟਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਦੋਸ਼ੀ ਪਾਏ ਜਾਣ ਵਾਲੇ ਏਜੰਟਾਂ ਦੇ ਲਾਇਸੈਂਸ ਰੱਦ ਕੀਤੇ ਜਾਣ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments