ਖੇਡਾਂ, ਕਾਰੋਬਾਰ ਤੇ ਕਮਿਊਨਿਟੀ ਸੇਵਾ ਦੇ ਤਜਰਬੇ ਨਾਲ ਕੰਸਰਵੇਟਿਵ ਸਰੀ ਵੱਲੋਂ ਚੋਣ ਮੈਦਾਨ ’ਚ
ਸਰੀ, ਬੀ.ਸੀ. — ਸਾਬਕਾ ਕੌਮਾਂਤਰੀ ਪੱਧਰ ਦੇ ਬੈਡਮਿੰਟਨ ਖਿਡਾਰੀ, ਸਪੋਰਟਸ ਕੋਚ, ਕਾਰੋਬਾਰੀ ਅਤੇ ਕਮਿਊਨਿਟੀ ਕਾਰਕੁਨ ਨਵਦੀਪ ਸਿੰਘ ਉਰਫ਼ ਰਿੱਕੀ ਬਾਜਵਾ ਸਰੀ ਸਿਟੀ ਕੌਂਸਲ ਦੀ ਚੋਣ ਲਈ ਕੰਸਰਵੇਟਿਵ ਸਰੀ ਸਲੇਟ ਵੱਲੋਂ ਕੌਂਸਲਰ ਉਮੀਦਵਾਰ ਵਜੋਂ ਮੈਦਾਨ ਵਿੱਚ ਹਨ।
ਮੇਅਰ ਉਮੀਦਵਾਰ ਹੋਣਵੀਰ ਰੰਧਾਵਾ ਦੀ ਟੀਮ ਨਾਲ ਚੋਣ ਲੜ ਰਹੇ ਰਿੱਕੀ ਬਾਜਵਾ ਪਿਛਲੇ ਕਰੀਬ 16 ਸਾਲਾਂ ਤੋਂ ਸਰੀ ਵਿੱਚ ਰਹਿ ਰਹੇ ਹਨ। ਪਰਿਵਾਰ ਸਮੇਤ ਸਰੀ ਵਿੱਚ ਵੱਸਦਿਆਂ ਉਨ੍ਹਾਂ ਨੇ ਖੇਡਾਂ, ਕਾਰੋਬਾਰ ਅਤੇ ਵੱਖ-ਵੱਖ ਸਮਾਜਿਕ ਤੇ ਸੱਭਿਆਚਾਰਕ ਸੰਸਥਾਵਾਂ ਨਾਲ ਜੁੜ ਕੇ ਕਮਿਊਨਿਟੀ ਵਿੱਚ ਆਪਣੀ ਸਰਗਰਮੀ ਬਣਾਈ ਹੈ।
ਸਾਬਕਾ ਅੰਤਰਰਾਸ਼ਟਰੀ ਬੈਡਮਿੰਟਨ ਖਿਡਾਰੀ ਹੋਣ ਦੇ ਨਾਲ ਰਿੱਕੀ ਬਾਜਵਾ ਬ੍ਰਿਟਿਸ਼ ਕੋਲੰਬੀਆ ਵਿੱਚ ਪ੍ਰਮਾਣਿਤ ਬੈਡਮਿੰਟਨ ਕੋਚ ਵੀ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਖੇਡਾਂ ਨੌਜਵਾਨਾਂ ਵਿੱਚ ਅਨੁਸ਼ਾਸਨ ਅਤੇ ਲੀਡਰਸ਼ਿਪ ਪੈਦਾ ਕਰਨ ਦੇ ਨਾਲ ਉਨ੍ਹਾਂ ਨੂੰ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰਦੀਆਂ ਹਨ।
ਕਾਰੋਬਾਰੀ ਖੇਤਰ ਵਿੱਚ ਵੀ ਬਾਜਵਾ ਕੋਲ ਲੰਮਾ ਤਜਰਬਾ ਹੈ। ਉਨ੍ਹਾਂ ਨੇ ਆਟੋਮੋਬਾਈਲ ਉਦਯੋਗ ਵਿੱਚ 10 ਸਾਲਾਂ ਤੋਂ ਵੱਧ ਸਮਾਂ ਕੰਮ ਕੀਤਾ ਹੈ ਅਤੇ ਸਰੀ ਵਿੱਚ ਕੁਝ ਸਮੇਂ ਲਈ ਫਰਨੀਚਰ ਸਟੋਰ ਵੀ ਚਲਾਇਆ। ਇਸ ਤੋਂ ਇਲਾਵਾ ਡੈਲਟਾ ਵਿੱਚ ਲੋਕਲ 502 ਨਾਲ ਲੌਂਗਸ਼ੋਰਮੈਨ ਵਜੋਂ ਕੰਮ ਕਰਨ ਦੇ ਤਜਰਬੇ ਨੇ ਉਨ੍ਹਾਂ ਨੂੰ ਕਾਮਕਾਜੀ ਪਰਿਵਾਰਾਂ ਅਤੇ ਸਥਾਨਕ ਕਾਰੋਬਾਰਾਂ ਨਾਲ ਜੁੜੇ ਮੁੱਦਿਆਂ ਨੂੰ ਨੇੜਿਓਂ ਸਮਝਣ ਦਾ ਮੌਕਾ ਦਿੱਤਾ।
ਕਮਿਊਨਿਟੀ ਸੇਵਾ ਵੀ ਉਨ੍ਹਾਂ ਦੀਆਂ ਸਰਗਰਮੀਆਂ ਦਾ ਅਹਿਮ ਹਿੱਸਾ ਰਹੀ ਹੈ। ਉਹ ਦੱਖਣੀ ਏਸ਼ੀਆਈ ਭਾਈਚਾਰੇ ਦੀਆਂ ਵੱਖ-ਵੱਖ ਪਹਿਲਕਦਮੀਆਂ ਨਾਲ ਜੁੜੇ ਰਹੇ ਹਨ ਅਤੇ ਇਸ ਵੇਲੇ ਜੀਵੇ ਪੰਜਾਬ ਅਦਬੀ ਸੰਗਤ ਫਾਊਂਡੇਸ਼ਨ ਦੇ ਡਾਇਰੈਕਟਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ।
ਸਰੀ ਵਿੱਚ ਗੈਂਗ ਹਿੰਸਾ, ਗੋਲੀਬਾਰੀ ਅਤੇ ਜਬਰੀ ਵਸੂਲੀ ਨਾਲ ਜੁੜੀਆਂ ਘਟਨਾਵਾਂ ਨੂੰ ਲੈ ਕੇ ਵੀ ਬਾਜਵਾ ਜਨਤਕ ਸੁਰੱਖਿਆ ਸਬੰਧੀ ਮੁਹਿੰਮਾਂ ਵਿੱਚ ਸਰਗਰਮ ਰਹੇ ਹਨ। ਉਨ੍ਹਾਂ ਨੇ ਅਜਿਹੀਆਂ ਘਟਨਾਵਾਂ ਖ਼ਿਲਾਫ਼ ਹੋਏ ਵਿਰੋਧ ਪ੍ਰਦਰਸ਼ਨਾਂ ਅਤੇ ਕਮਿਊਨਿਟੀ ਪੱਧਰ ਦੀਆਂ ਪਹਿਲਕਦਮੀਆਂ ਵਿੱਚ ਹਿੱਸਾ ਲਿਆ ਹੈ।
ਆਪਣੀ ਚੋਣ ਮੁਹਿੰਮ ਦੌਰਾਨ ਬਾਜਵਾ ਮੌਜੂਦਾ ਅਤੇ ਪਿਛਲੀ ਸਿਟੀ ਲੀਡਰਸ਼ਿਪ ਦੀ ਕਾਰਗੁਜ਼ਾਰੀ ਦੀ ਆਲੋਚਨਾ ਕਰਦਿਆਂ ਦਾਅਵਾ ਕਰਦੇ ਹਨ ਕਿ ਸਰੀ ਨੂੰ ਅਜਿਹੀ ਸਿਟੀ ਕੌਂਸਲ ਦੀ ਲੋੜ ਹੈ ਜੋ ਜਨਤਕ ਸੁਰੱਖਿਆ, ਬੁਨਿਆਦੀ ਸਹੂਲਤਾਂ, ਕਾਰੋਬਾਰਾਂ, ਨੌਜਵਾਨਾਂ ਅਤੇ ਸ਼ਹਿਰ ਦੇ ਲੰਬੇ ਸਮੇਂ ਦੇ ਵਿਕਾਸ ’ਤੇ ਧਿਆਨ ਕੇਂਦਰਿਤ ਕਰੇ।
ਉਨ੍ਹਾਂ ਦਾ ਕਹਿਣਾ ਹੈ ਕਿ ਮੇਅਰ ਉਮੀਦਵਾਰ ਹੋਣਵੀਰ ਰੰਧਾਵਾ ਦੀ ਅਗਵਾਈ ਵਾਲੀ ਕੰਸਰਵੇਟਿਵ ਸਰੀ ਟੀਮ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਆਪਣੀਆਂ ਯੋਜਨਾਵਾਂ ਵੋਟਰਾਂ ਸਾਹਮਣੇ ਰੱਖ ਰਹੀ ਹੈ। ਬਾਜਵਾ ਨੇ ਸਰੀ ਨਿਵਾਸੀਆਂ ਨੂੰ ਉਨ੍ਹਾਂ ਦੀ ਟੀਮ ਦੀਆਂ ਨੀਤੀਆਂ ਅਤੇ ਤਜਵੀਜ਼ਾਂ ਦਾ ਮੁਲਾਂਕਣ ਕਰਕੇ ਚੋਣ ਵਿੱਚ ਆਪਣੀ ਵੋਟ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ।
