ਨਿਊਟਨ ਵਿੱਚ ਜਨਰਲ ਹਸਪਤਾਲ, ਨਿਊਟਨ ਤੱਕ ਸਕਾਈਟ੍ਰੇਨ ਅਤੇ ਪੁਲਿਸ ਹੈਲੀਕਾਪਟਰ ਲਈ ਸੂਬਾਈ ਪਾਰਟੀਆਂ ਤੋਂ ਮੰਗੀ ਵਚਨਬੱਧਤਾ
ਸਰੀ, ਬੀ.ਸੀ. — ਸੇਫ ਸਰੀ ਕੋਲੀਸ਼ਨ ਦੇ ਆਗੂ ਅਤੇ ਮੇਅਰ ਅਹੁਦੇ ਦੇ ਉਮੀਦਵਾਰ ਡੱਗ ਮੈਕਲਮ ਨੇ ਕਿਹਾ ਹੈ ਕਿ ਆਉਣ ਵਾਲੀਆਂ ਸੂਬਾਈ ਚੋਣਾਂ ਸਰੀ ਵਾਸੀਆਂ ਲਈ ਸ਼ਹਿਰ ਦੀਆਂ ਤਿੰਨ ਅਹਿਮ ਮੰਗਾਂ ਸੂਬਾਈ ਪਾਰਟੀਆਂ ਅੱਗੇ ਮਜ਼ਬੂਤੀ ਨਾਲ ਰੱਖਣ ਦਾ ਮਹੱਤਵਪੂਰਣ ਮੌਕਾ ਹਨ।
ਮੈਕਲਮ ਮੁਤਾਬਕ ਇਨ੍ਹਾਂ ਮੰਗਾਂ ਵਿੱਚ ਨਿਊਟਨ ਵਿੱਚ ਪੂਰੀਆਂ ਸਹੂਲਤਾਂ ਵਾਲਾ ਸਰੀ ਜਨਰਲ ਹਸਪਤਾਲ, ਕਿੰਗ ਜਾਰਜ ਬੁਲੇਵਾਰਡ ਰਾਹੀਂ ਨਿਊਟਨ ਤੱਕ ਸਕਾਈਟ੍ਰੇਨ ਦਾ ਵਿਸਥਾਰ ਅਤੇ ਅਪਰਾਧ ਨਾਲ ਨਜਿੱਠਣ ਲਈ ਪੁਲਿਸ ਹੈਲੀਕਾਪਟਰ ਤੇ ਡਰੋਨ ਫਲੀਟ ਲਈ ਸੂਬਾਈ ਸਹਿਯੋਗ ਸ਼ਾਮਲ ਹੈ।
ਉਨ੍ਹਾਂ ਕਿਹਾ ਕਿ ਸਰੀ ਦੀਆਂ ਸੀਟਾਂ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸੂਬਾਈ ਪਾਰਟੀਆਂ ਦੇ ਆਗੂਆਂ ਤੋਂ ਇਨ੍ਹਾਂ ਤਿੰਨਾਂ ਮੁੱਦਿਆਂ ਬਾਰੇ ਸਪੱਸ਼ਟ ਵਚਨਬੱਧਤਾ ਮੰਗੀ ਜਾਣੀ ਚਾਹੀਦੀ ਹੈ।
ਨਿਊਟਨ ਵਿੱਚ ਨਵੇਂ ਜਨਰਲ ਹਸਪਤਾਲ ਦੀ ਮੰਗ
ਮੈਕਲਮ ਨੇ ਕਿਹਾ ਕਿ ਸਰੀ ਦੀ ਤੇਜ਼ੀ ਨਾਲ ਵਧ ਰਹੀ ਆਬਾਦੀ ਦੇ ਮੱਦੇਨਜ਼ਰ ਸ਼ਹਿਰ ਨੂੰ ਹੋਰ ਸਿਹਤ ਸਹੂਲਤਾਂ ਦੀ ਲੋੜ ਹੈ। ਉਨ੍ਹਾਂ ਦੀ ਤਜਵੀਜ਼ ਅਨੁਸਾਰ, ਜੇ ਸੇਫ ਸਰੀ ਕੋਲੀਸ਼ਨ ਸਿਟੀ ਚੋਣਾਂ ਵਿੱਚ ਜਿੱਤਦੀ ਹੈ ਤਾਂ 6965 ਕਿੰਗ ਜਾਰਜ ਬੁਲੇਵਾਰਡ ਸਥਿਤ ਸ਼ਹਿਰ ਦੀ ਮਲਕੀਅਤ ਵਾਲੀ 7.2 ਏਕੜ ਜ਼ਮੀਨ ਪ੍ਰਸਤਾਵਿਤ ਜਨਰਲ ਹਸਪਤਾਲ ਲਈ ਮੁਹੱਈਆ ਕਰਵਾਈ ਜਾਵੇਗੀ। ਮੈਕਲਮ ਨੇ ਇਹ ਵੀ ਕਿਹਾ ਕਿ ਸਿਟੀ ਪੱਧਰ ਦੇ ਲੋੜੀਂਦੇ ਪਰਮਿਟ 60 ਦਿਨਾਂ ਅੰਦਰ ਜਾਰੀ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਉਨ੍ਹਾਂ ਨੇ ਸੂਬਾਈ ਪਾਰਟੀਆਂ ਅੱਗੇ ਸਵਾਲ ਰੱਖਿਆ ਕਿ ਕੀ ਉਹ ਨਿਊਟਨ ਵਿੱਚ ਪੂਰੀਆਂ ਸਹੂਲਤਾਂ ਵਾਲੇ ਨਵੇਂ ਜਨਰਲ ਹਸਪਤਾਲ ਲਈ ਫੰਡ ਮੁਹੱਈਆ ਕਰਵਾਉਣ ਲਈ ਵਚਨਬੱਧ ਹੋਣਗੀਆਂ।
ਕਿੰਗ ਜਾਰਜ ਤੋਂ ਨਿਊਟਨ ਤੱਕ ਸਕਾਈਟ੍ਰੇਨ
ਦੂਜੀ ਵੱਡੀ ਮੰਗ ਵਜੋਂ ਮੈਕਲਮ ਨੇ ਕਿੰਗ ਜਾਰਜ ਬੁਲੇਵਾਰਡ ਰਾਹੀਂ ਨਿਊਟਨ ਤੱਕ ਸਕਾਈਟ੍ਰੇਨ ਦੇ ਵਿਸਥਾਰ ਲਈ ਸੂਬਾਈ ਫੰਡਿੰਗ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਨਿਊਟਨ ਸਰੀ ਦੇ ਸਭ ਤੋਂ ਵੱਡੇ ਇਲਾਕਿਆਂ ਵਿੱਚੋਂ ਇੱਕ ਹੈ ਅਤੇ ਵਧਦੀ ਆਬਾਦੀ ਦੇ ਮੱਦੇਨਜ਼ਰ ਇੱਥੇ ਤੇਜ਼ ਅਤੇ ਭਰੋਸੇਯੋਗ ਜਨਤਕ ਆਵਾਜਾਈ ਦੀ ਲੋੜ ਹੈ। ਮੈਕਲਮ ਨੇ ਕਿਹਾ ਕਿ ਉਹ ਸੂਬਾਈ ਆਗੂਆਂ ਤੋਂ ਇਸ ਮੁੱਦੇ ’ਤੇ ਵੀ ਸਪੱਸ਼ਟ ‘ਹਾਂ’ ਜਾਂ ‘ਨਾਂਹ’ ਵਿੱਚ ਜਵਾਬ ਚਾਹੁੰਦੇ ਹਨ।
ਪੁਲਿਸ ਹੈਲੀਕਾਪਟਰ ਅਤੇ ਡਰੋਨ ਫਲੀਟ ਲਈ ਸਹਿਯੋਗ
ਤੀਜੀ ਮੰਗ ਜਨਤਕ ਸੁਰੱਖਿਆ ਨਾਲ ਸਬੰਧਤ ਹੈ। ਮੈਕਲਮ ਨੇ ਸਰੀ ਵਿੱਚ ਅਪਰਾਧ ਅਤੇ ਫਿਰੌਤੀ ਨਾਲ ਸਬੰਧਤ ਘਟਨਾਵਾਂ ਦਾ ਹਵਾਲਾ ਦਿੰਦਿਆਂ ਪੁਲਿਸ ਲਈ ਹੈਲੀਕਾਪਟਰ ਅਤੇ ਡਰੋਨ ਫਲੀਟ ਦੀ ਤਜਵੀਜ਼ ਨੂੰ ਸੂਬਾਈ ਸਹਿਯੋਗ ਦੇਣ ਦੀ ਮੰਗ ਕੀਤੀ।
ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਦੌਰਾਨ ਸਰੀ ਦੇ ਵੋਟਰਾਂ ਕੋਲ ਆਪਣੀਆਂ ਤਰਜੀਹਾਂ ਸੂਬਾਈ ਆਗੂਆਂ ਅੱਗੇ ਰੱਖਣ ਦਾ ਮੌਕਾ ਹੈ ਅਤੇ ਸੂਬਾਈ ਪਾਰਟੀਆਂ ਨੂੰ ਇਨ੍ਹਾਂ ਮੁੱਦਿਆਂ ਬਾਰੇ ਆਪਣਾ ਰੁਖ ਸਪੱਸ਼ਟ ਕਰਨਾ ਚਾਹੀਦਾ ਹੈ।
ਸਰੀ ਵਿੱਚ ਮੇਅਰ, ਕੌਂਸਲਰਾਂ ਅਤੇ ਸਕੂਲ ਟਰੱਸਟੀਆਂ ਦੀ ਚੋਣ ਲਈ ਵੋਟਾਂ ਸ਼ਨੀਵਾਰ, 17 ਅਕਤੂਬਰ 2026 ਨੂੰ ਪੈਣਗੀਆਂ। ਮੈਕਲਮ ਨੇ ਸਰੀ ਵਾਸੀਆਂ ਨੂੰ ਚੋਣ ਮੁਹਿੰਮ ਦੌਰਾਨ ਸਿਹਤ ਸੇਵਾਵਾਂ, ਜਨਤਕ ਆਵਾਜਾਈ ਅਤੇ ਜਨਤਕ ਸੁਰੱਖਿਆ ਨਾਲ ਸਬੰਧਤ ਇਨ੍ਹਾਂ ਤਿੰਨਾਂ ਮੁੱਦਿਆਂ ਬਾਰੇ ਸੂਬਾਈ ਆਗੂਆਂ ਤੋਂ ਸਪੱਸ਼ਟ ਵਚਨਬੱਧਤਾ ਮੰਗਣ ਦਾ ਸੱਦਾ ਦਿੱਤਾ ਹੈ।
