ਸਰੀ NOW ਵੱਲੋਂ ਕੌਂਸਲਰ ਉਮੀਦਵਾਰ ਵਜੋਂ ਮੈਦਾਨ ’ਚ, ਜਵਾਬਦੇਹ ਵਿਕਾਸ, ਰਿਹਾਇਸ਼ ਅਤੇ ਲੋਕਾਂ ਦੀ ਸਿਟੀ ਹਾਲ ’ਚ ਵੱਧ ਭਾਗੀਦਾਰੀ ’ਤੇ ਜ਼ੋਰ
ਸਰੀ ( ਬੀ ਸੀ ਪੰਜਾਬੀ ਨਿਊਜ਼ ਬਿਊਰੋ ) — ਰੀਅਲ ਅਸਟੇਟ ਕਾਰੋਬਾਰ ਵਿੱਚ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਸਰਗਰਮ ਰਾਹੁਲ ਗਿੱਲ ਹੁਣ ਸਰੀ ਦੀ ਮਿਉਂਸਪਲ ਰਾਜਨੀਤੀ ਵਿੱਚ ਆਪਣੀ ਨਵੀਂ ਪਾਰੀ ਸ਼ੁਰੂ ਕਰ ਰਹੇ ਹਨ। ਉਹ ਮੇਅਰ ਉਮੀਦਵਾਰ ਟਰੌਏ ਵੈਨ ਵਲੀਟ ਦੀ ਅਗਵਾਈ ਵਾਲੀ ਸਰੀ NOW ਸਲੇਟ ਵੱਲੋਂ ਸਿਟੀ ਕੌਂਸਲਰ ਦੀ ਚੋਣ ਲੜ ਰਹੇ ਹਨ।
ਇਮੀਗ੍ਰੈਂਟ ਮਾਪਿਆਂ ਦੇ ਘਰ ਵੈਨਕੂਵਰ ਵਿੱਚ ਜਨਮੇ ਰਾਹੁਲ ਗਿੱਲ ਦੀਆਂ ਪਰਿਵਾਰਕ ਜੜ੍ਹਾਂ ਪੰਜਾਬ ਦੇ ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਬੇਗਮਪੁਰ ਨਾਲ ਜੁੜੀਆਂ ਹੋਈਆਂ ਹਨ। ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਵਿਰਸੇ ਨਾਲ ਜੋੜੀ ਰੱਖਣ ਦੇ ਮਕਸਦ ਨਾਲ ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਦੀ ਮੁੱਢਲੀ ਪੜ੍ਹਾਈ ਪੰਜਾਬ ਵਿੱਚ ਕਰਵਾਈ। ਉਨ੍ਹਾਂ ਨੇ ਨਵਾਂਸ਼ਹਿਰ ਦੇ ਸ਼ਿਵਾਲਕ ਪਬਲਿਕ ਸਕੂਲ ਵਿੱਚ ਸੱਤਵੀਂ ਜਮਾਤ ਤੱਕ ਪੜ੍ਹਾਈ ਕੀਤੀ ਅਤੇ ਬਾਅਦ ਵਿੱਚ ਕੈਨੇਡਾ ਪਰਤ ਕੇ ਆਪਣੀ ਅਗਲੀ ਸਿੱਖਿਆ ਪੂਰੀ ਕੀਤੀ।
ਰੀਅਲ ਅਸਟੇਟ ਖੇਤਰ ਵਿੱਚ ਦੋ ਦਹਾਕਿਆਂ ਦਾ ਤਜਰਬਾ
ਰਾਹੁਲ ਗਿੱਲ ਨੇ 2004 ਵਿੱਚ ਰੀਅਲ ਅਸਟੇਟ ਖੇਤਰ ਵਿੱਚ ਆਪਣਾ ਪੇਸ਼ੇਵਰ ਸਫ਼ਰ ਸ਼ੁਰੂ ਕੀਤਾ। ਆਪਣੀ ਪਤਨੀ ਅਮਨ ਗਿੱਲ ਨਾਲ ਮਿਲ ਕੇ ਉਹ ‘ਦਿ ਗਿੱਲ ਟੀਮ’ ਨਾਲ ਜੁੜੇ ਹੋਏ ਹਨ। ਸਰੀ, ਵ੍ਹਾਈਟ ਰੌਕ, ਸਾਊਥ ਸਰੀ, ਡੈਲਟਾ ਅਤੇ ਲੈਂਗਲੀ ਸਮੇਤ ਲੋਅਰ ਮੇਨਲੈਂਡ ਦੇ ਵੱਖ-ਵੱਖ ਇਲਾਕਿਆਂ ਵਿੱਚ ਉਨ੍ਹਾਂ ਨੇ ਰੀਅਲ ਅਸਟੇਟ ਕਾਰੋਬਾਰ ਵਿੱਚ ਕੰਮ ਕੀਤਾ ਹੈ।
ਗਿੱਲ ਦਾ ਕਹਿਣਾ ਹੈ ਕਿ ਉਨ੍ਹਾਂ ਲਈ ਰੀਅਲ ਅਸਟੇਟ ਸਿਰਫ਼ ਜਾਇਦਾਦ ਖਰੀਦਣ ਜਾਂ ਵੇਚਣ ਤੱਕ ਸੀਮਤ ਨਹੀਂ, ਸਗੋਂ ਪਰਿਵਾਰਾਂ ਦੀ ਲੰਬੇ ਸਮੇਂ ਦੀ ਆਰਥਿਕ ਸੁਰੱਖਿਆ ਅਤੇ ਭਵਿੱਖ ਨਾਲ ਵੀ ਜੁੜਿਆ ਮਾਮਲਾ ਹੈ। ਇਸੇ ਸੋਚ ਨੂੰ ਉਹ ਆਪਣੇ ਕਾਰੋਬਾਰੀ ਸਫ਼ਰ ਦਾ ਅਹਿਮ ਹਿੱਸਾ ਦੱਸਦੇ ਹਨ।ਕਾਰੋਬਾਰੀ ਖੇਤਰ ਦੇ ਨਾਲ-ਨਾਲ ਵੱਖ-ਵੱਖ ਸਮਾਜਿਕ ਅਤੇ ਭਾਈਚਾਰਕ ਸਰਗਰਮੀਆਂ ਨਾਲ ਜੁੜੇ ਰਹਿਣ ਤੋਂ ਬਾਅਦ ਹੁਣ ਉਨ੍ਹਾਂ ਨੇ ਸਥਾਨਕ ਸਰਕਾਰ ਵਿੱਚ ਸਰਗਰਮ ਭੂਮਿਕਾ ਨਿਭਾਉਣ ਦਾ ਫ਼ੈਸਲਾ ਕੀਤਾ ਹੈ।
ਹੁਣ ਲੋਕ ਸੇਵਾ ਨੂੰ ਬਣਾਇਆ ਅਗਲਾ ਟੀਚਾ
ਰਾਹੁਲ ਗਿੱਲ ਆਪਣੀ ਸਿਟੀ ਕੌਂਸਲ ਉਮੀਦਵਾਰੀ ਨੂੰ ਕਾਰੋਬਾਰ ਅਤੇ ਭਾਈਚਾਰਕ ਜੀਵਨ ਦੌਰਾਨ ਹਾਸਲ ਕੀਤੇ ਤਜਰਬੇ ਦੇ ਅਗਲੇ ਪੜਾਅ ਵਜੋਂ ਪੇਸ਼ ਕਰਦੇ ਹਨ। ਉਨ੍ਹਾਂ ਮੁਤਾਬਕ ਤੇਜ਼ੀ ਨਾਲ ਵਧ ਰਹੇ ਸਰੀ ਲਈ ਵਿਕਾਸ ਦੇ ਨਾਲ-ਨਾਲ ਬੁਨਿਆਦੀ ਢਾਂਚੇ, ਰਿਹਾਇਸ਼ ਅਤੇ ਜਨਤਕ ਸੇਵਾਵਾਂ ਨੂੰ ਵੀ ਉਸੇ ਰਫ਼ਤਾਰ ਨਾਲ ਅੱਗੇ ਲਿਜਾਣ ਦੀ ਲੋੜ ਹੈ। ਉਨ੍ਹਾਂ ਵੱਲੋਂ ਉਭਾਰੀਆਂ ਜਾ ਰਹੀਆਂ ਤਰਜੀਹਾਂ ਵਿੱਚ ਜਵਾਬਦੇਹ ਅਤੇ ਯੋਜਨਾਬੱਧ ਵਿਕਾਸ, ਭੂਮੀ ਦੀ ਸੁਚੱਜੀ ਵਰਤੋਂ, ਰਿਹਾਇਸ਼ ਦੀ ਉਪਲਬਧਤਾ, ਬੁਨਿਆਦੀ ਢਾਂਚੇ ਵਿੱਚ ਸੁਧਾਰ ਅਤੇ ਪਰਿਵਾਰਾਂ ਲਈ ਜਨਤਕ ਸੁਰੱਖਿਆ ਸ਼ਾਮਲ ਹਨ।
ਇਸ ਤੋਂ ਇਲਾਵਾ ਉਹ ਸਰੀ, ਕਲੋਵਰਡੇਲ ਅਤੇ ਸਾਊਥ ਸਰੀ ਸਮੇਤ ਵੱਖ-ਵੱਖ ਇਲਾਕਿਆਂ ਵਿੱਚ ਮਜ਼ਬੂਤ ਗੁਆਂਢੀ ਭਾਈਚਾਰਿਆਂ ਅਤੇ ਬਿਹਤਰ ਕਮਿਊਨਿਟੀ ਸੇਵਾਵਾਂ ਦੀ ਲੋੜ ਉੱਪਰ ਵੀ ਜ਼ੋਰ ਦੇ ਰਹੇ ਹਨ।
ਸਿਟੀ ਹਾਲ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ’ਤੇ ਜ਼ੋਰ
ਰਾਹੁਲ ਗਿੱਲ ਦਾ ਕਹਿਣਾ ਹੈ ਕਿ ਸਿਟੀ ਹਾਲ ਦੇ ਫ਼ੈਸਲਿਆਂ ਅਤੇ ਪ੍ਰਸ਼ਾਸਨ ਵਿੱਚ ਆਮ ਲੋਕਾਂ ਦੀ ਆਵਾਜ਼ ਅਤੇ ਭਾਗੀਦਾਰੀ ਹੋਰ ਸਪੱਸ਼ਟ ਹੋਣੀ ਚਾਹੀਦੀ ਹੈ। ਉਨ੍ਹਾਂ ਅਨੁਸਾਰ ਸ਼ਹਿਰ ਵਿੱਚ ਹੋਣ ਵਾਲੇ ਰੀਅਲ ਅਸਟੇਟ ਅਤੇ ਹੋਰ ਵਿਕਾਸ ਦਾ ਲਾਭ ਸਿਰਫ਼ ਵਿਕਾਸ ਤੱਕ ਸੀਮਤ ਨਾ ਰਹੇ, ਸਗੋਂ ਇਸ ਦਾ ਫ਼ਾਇਦਾ ਆਮ ਵਸਨੀਕਾਂ ਤੱਕ ਵੀ ਪਹੁੰਚਣਾ ਚਾਹੀਦਾ ਹੈ।
ਉਹ ਕਹਿੰਦੇ ਹਨ ਕਿ ਜੇ ਉਨ੍ਹਾਂ ਨੂੰ ਸਿਟੀ ਕੌਂਸਲ ਵਿੱਚ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਤਾਂ ਉਹ ਆਪਣੇ ਕਾਰੋਬਾਰੀ ਅਤੇ ਭਾਈਚਾਰਕ ਤਜਰਬੇ ਨੂੰ ਸਿਟੀ ਹਾਲ ਵਿੱਚ ਲੈ ਕੇ ਜਾਣ ਅਤੇ ਲੋਕਾਂ ਲਈ ਪਹੁੰਚਯੋਗ ਤੇ ਜਵਾਬਦੇਹ ਪ੍ਰਤੀਨਿਧ ਵਜੋਂ ਕੰਮ ਕਰਨ ਦਾ ਯਤਨ ਕਰਨਗੇ।
