HomeSportਏਸ਼ਿਆਈ ਖੇਡਾਂ: ਹਰਿਤਾ ਭੱਦਰਾ ਨੇ 200 ਮੀਟਰ ਦੌੜ ’ਚ ਜਿੱਤਿਆ ਕਾਂਸੀ, ਭਾਰਤੀ...

ਏਸ਼ਿਆਈ ਖੇਡਾਂ: ਹਰਿਤਾ ਭੱਦਰਾ ਨੇ 200 ਮੀਟਰ ਦੌੜ ’ਚ ਜਿੱਤਿਆ ਕਾਂਸੀ, ਭਾਰਤੀ ਐਥਲੈਟਿਕਸ ’ਚ ਸੱਟਾਂ ਦੀ ਚਿੰਤਾ ਵਧੀ

23.20 ਸੈਕਿੰਡ ਦੇ ਸਮੇਂ ਨਾਲ ਤੀਜੇ ਸਥਾਨ ’ਤੇ ਰਹੀ ਭੱਦਰਾ; ਯਸ਼ਸ ਪਲਾਕਸ਼ਾ ਦੇ ਦੌੜ ’ਚੋਂ ਹਟਣ ਨਾਲ ਜ਼ਖ਼ਮੀ ਖਿਡਾਰੀਆਂ ਦੀ ਸੂਚੀ ਹੋਰ ਲੰਮੀ

ਭਾਰਤ ਦੀ ਹਰਿਤਾ ਭੱਦਰਾ ਨੇ ਐਤਵਾਰ ਨੂੰ ਇੱਥੇ ਏਸ਼ਿਆਈ ਖੇਡਾਂ ਵਿੱਚ ਮਹਿਲਾਵਾਂ ਦੀ 200 ਮੀਟਰ ਦੌੜ ਦੇ ਫਾਈਨਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਮਗਾ ਜਿੱਤਿਆ। ਭੱਦਰਾ ਨੇ 23.20 ਸੈਕਿੰਡ ਦਾ ਸਮਾਂ ਕੱਢਦਿਆਂ ਤੀਜਾ ਸਥਾਨ ਹਾਸਲ ਕੀਤਾ।

ਭੱਦਰਾ ਜਾਪਾਨ ਦੀ ਇਡੋ ਅਬੀਗੇਇਰੂਫੁਕਾ ਤੋਂ ਮਾਮੂਲੀ ਫਰਕ ਨਾਲ ਅੱਗੇ ਰਹੀ। ਇਡੋ ਨੇ 23.21 ਸੈਕਿੰਡ ਦਾ ਸਮਾਂ ਕੱਢ ਕੇ ਚੌਥਾ ਸਥਾਨ ਹਾਸਲ ਕੀਤਾ। ਸਿੰਗਾਪੁਰ ਦੀ ਸ਼ਾਂਤੀ ਪਰੇਰਾ ਨੇ ਸੀਜ਼ਨ ਦੇ ਸਰਵੋਤਮ 22.78 ਸੈਕਿੰਡ ਦੇ ਸਮੇਂ ਨਾਲ ਸੋਨੇ ਦਾ ਤਮਗਾ ਜਿੱਤਿਆ, ਜਦਕਿ ਚੀਨ ਦੀ ਚੇਨ ਯੂਜੀ ਨੇ 22.93 ਸੈਕਿੰਡ ਦੇ ਸਮੇਂ ਨਾਲ ਚਾਂਦੀ ਦਾ ਤਮਗਾ ਆਪਣੇ ਨਾਂ ਕੀਤਾ।

ਫਾਈਨਲ ਵਿੱਚ ਸ਼ਾਮਲ ਦੂਜੀ ਭਾਰਤੀ ਖਿਡਾਰਨ ਉੱਨਤੀ ਅਯੱਪਾ ਬੋਲੈਂਡ 23.48 ਸੈਕਿੰਡ ਦੇ ਸਮੇਂ ਨਾਲ ਛੇਵੇਂ ਸਥਾਨ ’ਤੇ ਰਹੀ।

ਭਾਰਤ ਦੇ ਜ਼ਖ਼ਮੀ ਖਿਡਾਰੀਆਂ ਦੀ ਸੂਚੀ ਹੋਰ ਲੰਮੀ

ਇਸ ਦੌਰਾਨ ਏਸ਼ਿਆਈ ਖੇਡਾਂ ਵਿੱਚ ਹਿੱਸਾ ਲੈ ਰਹੇ ਭਾਰਤ ਦੇ ਟ੍ਰੈਕ ਅਤੇ ਫੀਲਡ ਦੇ ਜ਼ਖ਼ਮੀ ਖਿਡਾਰੀਆਂ ਦੀ ਸੂਚੀ ਐਤਵਾਰ ਨੂੰ ਉਸ ਵੇਲੇ ਹੋਰ ਲੰਮੀ ਹੋ ਗਈ, ਜਦੋਂ 400 ਮੀਟਰ ਅੜਿੱਕਾ ਦੌੜ ਦੇ ਖਿਡਾਰੀ ਯਸ਼ਸ ਪਲਾਕਸ਼ਾ ਆਪਣੇ ਸ਼ੁਰੂਆਤੀ ਗੇੜ ਦੇ ਵਿਚਕਾਰ ਹੀ ਮੁਕਾਬਲੇ ਤੋਂ ਹਟ ਗਏ। ਇਸ ਘਟਨਾ ਤੋਂ ਬਾਅਦ ਇਨ੍ਹਾਂ ਖਿਡਾਰੀਆਂ ਦੀ ਚੋਣ ਪ੍ਰਕਿਰਿਆ ਅਤੇ ਇਸ ਦੀ ਜਵਾਬਦੇਹੀ ਨੂੰ ਲੈ ਕੇ ਸਵਾਲ ਉੱਠਣ ਲੱਗੇ ਹਨ।

ਯਸ਼ਸ ਐਤਵਾਰ ਨੂੰ 400 ਮੀਟਰ ਅੜਿੱਕਾ ਦੌੜ ਦੇ ਸ਼ੁਰੂਆਤੀ ਗੇੜ ਵਿੱਚ ਪਹਿਲੀ ਰੁਕਾਵਟ ਪਾਰ ਕਰਨ ਤੋਂ ਪਹਿਲਾਂ ਹੀ ਲੱਤ ਦੀਆਂ ਮਾਸਪੇਸ਼ੀਆਂ ਵਿੱਚ ਸੰਭਾਵੀ ਸੱਟ ਕਾਰਨ ਦੌੜ ਤੋਂ ਹਟ ਗਏ। ਇਸ ਕਾਰਨ ਉਨ੍ਹਾਂ ਦਾ ਨਤੀਜਾ ਡੀ ਐੱਨ ਐੱਫ (ਦੌੜ ਪੂਰੀ ਨਹੀਂ ਕੀਤੀ) ਦਰਜ ਕੀਤਾ ਗਿਆ।

ਯਸ਼ਸ ਨੇ 10 ਸਤੰਬਰ ਨੂੰ ਨਵੀਂ ਦਿੱਲੀ ਵਿੱਚ ਹੋਈ ਇੰਡੀਅਨ ਐਥਲੈਟਿਕਸ ਸੀਰੀਜ਼ ਫਾਈਨਲ ਵਿੱਚ ਹਿੱਸਾ ਨਹੀਂ ਲਿਆ ਸੀ। ਇਸ ਮੁਕਾਬਲੇ ਵਿੱਚ ਏਸ਼ਿਆਈ ਖੇਡਾਂ ਲਈ ਚੁਣੇ ਗਏ ਲਗਪਗ ਸਾਰੇ ਖਿਡਾਰੀਆਂ ਨੇ ਭਾਗ ਲਿਆ ਸੀ। ਉਸ ਸਮੇਂ ਇਹ ਅੰਦਾਜ਼ੇ ਲਗਾਏ ਜਾ ਰਹੇ ਸਨ ਕਿ ਯਸ਼ਸ ਸੱਟ ਨਾਲ ਜੂਝ ਰਹੇ ਹਨ।

ਇਸ ਤੋਂ ਇਲਾਵਾ ਮਹਿਲਾ 100 ਮੀਟਰ ਅੜਿੱਕਾ ਦੌੜ ਦੀ ਖਿਡਾਰਨ ਜਿਓਤੀ ਯਾਰਾਜੀ ਅਤੇ ਤੀਹਰੀ ਛਾਲ ਦੇ ਖਿਡਾਰੀ ਪ੍ਰਵੀਨ ਚਿਤਰਾਵੇਲ ਨੇ ਵੀ ਨਵੀਂ ਦਿੱਲੀ ਵਿੱਚ ਹੋਏ ਮੁਕਾਬਲੇ ਵਿੱਚ ਹਿੱਸਾ ਨਹੀਂ ਲਿਆ ਸੀ। ਦੋਵਾਂ ਨੇ ਸ਼ਨਿੱਚਰਵਾਰ ਨੂੰ ਸੱਟ ਕਾਰਨ ਏਸ਼ਿਆਈ ਖੇਡਾਂ ਵਿੱਚੋਂ ਹਟਣ ਦਾ ਫੈਸਲਾ ਕੀਤਾ।

ਜਿਓਤੀ ਯਾਰਾਜੀ ਗੋਡੇ ਦੀ ਸਮੱਸਿਆ ਨਾਲ ਜੂਝ ਰਹੀ ਸੀ, ਜਦਕਿ ਪ੍ਰਵੀਨ ਚਿਤਰਾਵੇਲ ਪਿੰਨੀ ਦੀਆਂ ਮਾਸਪੇਸ਼ੀਆਂ ਵਿੱਚ ਖਿੱਚ ਕਾਰਨ ਪਰੇਸ਼ਾਨ ਸਨ।

ਹਾਲਾਂਕਿ, ਭਾਰਤੀ ਐਥਲੈਟਿਕਸ ਮਹਾਸੰਘ ਨੇ ਉਨ੍ਹਾਂ ਦੇ ਕੋਚਾਂ ਵੱਲੋਂ ਫਿਟਨੈਸ ਸਬੰਧੀ ਭਰੋਸਾ ਦਿੱਤੇ ਜਾਣ ਅਤੇ ਮੈਡੀਕਲ ਸਰਟੀਫਿਕੇਟ ਪੇਸ਼ ਕੀਤੇ ਜਾਣ ਤੋਂ ਬਾਅਦ ਦੋਵਾਂ ਖਿਡਾਰੀਆਂ ਨੂੰ ਏਸ਼ਿਆਈ ਖੇਡਾਂ ਵਿੱਚ ਹਿੱਸਾ ਲੈਣ ਦੀ ਮਨਜ਼ੂਰੀ ਦੇ ਦਿੱਤੀ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments