ਕੋਟ ਈਸੇ ਖਾਂ ਦੀ ਐੱਸ.ਐੱਚ.ਓ. ਸੁਨੀਤਾ ਬਾਵਾ ਅਤੇ ਗੰਨਮੈਨ ਗੁਰਅਵਤਾਰ ਸਿੰਘ ਵਿਜੀਲੈਂਸ ਵੱਲੋਂ ਕਾਬੂ; ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ
ਪੰਜਾਬ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਨੇ ਕੋਟ ਈਸੇ ਖਾਂ ਥਾਣੇ ਦੀ ਮੁੱਖ ਅਫਸਰ ਇੰਸਪੈਕਟਰ ਸੁਨੀਤਾ ਬਾਵਾ ਅਤੇ ਉਸ ਦੇ ਗੰਨਮੈਨ ਹੋਮਗਾਰਡ ਜਵਾਨ ਗੁਰਅਵਤਾਰ ਸਿੰਘ ਨੂੰ 50,000 ਰੁਪਏ ਦੀ ਕਥਿਤ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਗ੍ਰਿਫ਼ਤਾਰੀ ਤੋਂ ਬਾਅਦ ਮਹਿਲਾ ਇੰਸਪੈਕਟਰ ਵੱਲੋਂ ਦਿੱਤੇ ਗਏ ਬੇਬਾਕ ਬਿਆਨਾਂ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਕੋਟ ਈਸੇ ਖਾਂ ਪੁਲੀਸ ਨੇ ਕੁਝ ਦਿਨ ਪਹਿਲਾਂ ਖੋਸਾ ਰਣਧੀਰ ਦੇ ਇੱਕ ਵਿਅਕਤੀ ਨੂੰ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਸੀ। ਇਸ ਮਾਮਲੇ ਦੇ ਆਧਾਰ ’ਤੇ ਥਾਣਾ ਮੁਖੀ ਇੰਸਪੈਕਟਰ ਸੁਨੀਤਾ ਬਾਵਾ ਵੱਲੋਂ ਪਿੰਡ ਨੂਰਪੁਰ ਹਕੀਮਾਂ ਦੇ ਰਾਜਵਿੰਦਰ ਸਿੰਘ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਫਸਾਉਣ ਦੀ ਧਮਕੀ ਦੇ ਕੇ ਪੈਸਿਆਂ ਦੀ ਮੰਗ ਕੀਤੇ ਜਾਣ ਦਾ ਦੋਸ਼ ਹੈ।
ਸੂਤਰਾਂ ਅਨੁਸਾਰ ਥਾਣਾ ਮੁਖੀ ਵੱਲੋਂ ਪਹਿਲਾਂ ਹੀ 50,000 ਰੁਪਏ ਲਏ ਜਾ ਚੁੱਕੇ ਸਨ ਅਤੇ ਇਸ ਤੋਂ ਬਾਅਦ ਹੋਰ 50,000 ਰੁਪਏ ਦੀ ਮੰਗ ਕੀਤੀ ਜਾ ਰਹੀ ਸੀ। ਇਸ ਸਬੰਧੀ ਰਾਜਵਿੰਦਰ ਸਿੰਘ ਵੱਲੋਂ ਵਿਜੀਲੈਂਸ ਬਿਊਰੋ ਕੋਲ ਸ਼ਿਕਾਇਤ ਕੀਤੀ ਗਈ।
ਸ਼ਿਕਾਇਤ ਮਿਲਣ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਫਿਰੋਜ਼ਪੁਰ ਰੇਂਜ ਦੀ ਇੰਸਪੈਕਟਰ ਗਗਨਦੀਪ ਕੌਰ ਦੀ ਅਗਵਾਈ ਹੇਠ ਟੀਮ ਬਣਾਈ। ਟੀਮ ਨੇ ਯੋਜਨਾ ਤਹਿਤ ਜਾਲ ਵਿਛਾਇਆ ਅਤੇ ਸ਼ਨਿੱਚਰਵਾਰ ਦੇਰ ਰਾਤ ਕਰੀਬ 9 ਵਜੇ ਜੀਰਾ ਰੋਡ ’ਤੇ ਕਾਰਵਾਈ ਕੀਤੀ।
ਵਿਜੀਲੈਂਸ ਬਿਊਰੋ ਦੀ ਟੀਮ ਨੇ ਗਵਾਹਾਂ ਦੀ ਹਾਜ਼ਰੀ ਵਿੱਚ ਇੰਸਪੈਕਟਰ ਸੁਨੀਤਾ ਬਾਵਾ ਅਤੇ ਉਸ ਦੇ ਗੰਨਮੈਨ ਹੋਮਗਾਰਡ ਜਵਾਨ ਗੁਰਅਵਤਾਰ ਸਿੰਘ ਨੂੰ 50,000 ਰੁਪਏ ਦੀ ਕਥਿਤ ਰਿਸ਼ਵਤ ਲੈਂਦਿਆਂ ਕਾਬੂ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਇੰਸਪੈਕਟਰ ਸੁਨੀਤਾ ਬਾਵਾ ਪਹਿਲਾਂ ਤੋਂ ਹੀ ਵਿਜੀਲੈਂਸ ਦੀ ਨਿਗਰਾਨੀ ਹੇਠ ਸੀ।
ਗ੍ਰਿਫ਼ਤਾਰੀ ਤੋਂ ਬਾਅਦ ਇੰਸਪੈਕਟਰ ਦੀ ਵੀਡੀਓ ਵਾਇਰਲ
ਇਸ ਮਾਮਲੇ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਇੰਸਪੈਕਟਰ ਸੁਨੀਤਾ ਬਾਵਾ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜੋ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਵੀਡੀਓ ਵਿੱਚ ਪੱਤਰਕਾਰਾਂ ਵੱਲੋਂ ਸਵਾਲ ਪੁੱਛੇ ਜਾਣ ’ਤੇ ਮਹਿਲਾ ਇੰਸਪੈਕਟਰ ਕਾਫ਼ੀ ਬੇਫਿਕਰ ਅੰਦਾਜ਼ ਵਿੱਚ ਜਵਾਬ ਦਿੰਦੀ ਨਜ਼ਰ ਆ ਰਹੀ ਹੈ।
ਜਦੋਂ ਉਸ ਤੋਂ ਉਸ ਦੀ ਸਥਿਤੀ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ, “ਆਲ ਇਜ਼ ਵੈੱਲ, ਆਲ ਇਜ਼ ਵੈੱਲ।”
ਰਿਸ਼ਵਤ ਦੇ ਮਾਮਲੇ ਸਬੰਧੀ ਸਵਾਲ ਪੁੱਛੇ ਜਾਣ ’ਤੇ ਉਸ ਨੇ ਕਿਹਾ, “ਦੇਖੋ ਜੀ, ਜੇਲ੍ਹ ਦਾ ਨਵਾਂ ਮਾਡਿਊਲ ਸਟਾਰਟ ਹੋ ਗਿਆ, ਅੱਗੇ ਦੇਖਦੇ ਹਾਂ ਕੀ ਹੁੰਦਾ ਹੈ।”
ਪੱਤਰਕਾਰਾਂ ਨੇ ਜਦੋਂ ਉਸ ਤੋਂ ਪੁੱਛਿਆ ਕਿ ਅਜਿਹੀ ਸਥਿਤੀ ਦੇ ਬਾਵਜੂਦ ਉਸ ਦੇ ਚਿਹਰੇ ’ਤੇ ਮੁਸਕਰਾਹਟ ਕਿਵੇਂ ਹੈ ਤਾਂ ਇੰਸਪੈਕਟਰ ਨੇ ਜਵਾਬ ਦਿੱਤਾ, “ਬਿਲਕੁੱਲ ਜੀ, ਬੋਲਡ ਰਹਿਣਾ ਚਾਹੀਦਾ, ਘਾਟੇ ਵਾਧੇ ਚਲਦੇ ਰਹਿੰਦੇ ਆ, ਨੋ ਇਸ਼ੂ। ਹੋਪ ਫਾਰ ਦੀ ਬੈਸਟ।”
ਉਸ ਦੇ ਇਸ ਬਿਆਨ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵੱਡੇ ਪੱਧਰ ’ਤੇ ਸਾਂਝੀ ਕੀਤੀ ਜਾ ਰਹੀ ਹੈ। ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਲੋਕਾਂ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ।
ਕੁਝ ਸੋਸ਼ਲ ਮੀਡੀਆ ਵਰਤੋਂਕਾਰ ਮਹਿਲਾ ਇੰਸਪੈਕਟਰ ਦੇ ਗ੍ਰਿਫ਼ਤਾਰੀ ਸਮੇਂ ਦੇ ਰਵੱਈਏ ਅਤੇ ਉਸ ਵੱਲੋਂ ਦਿੱਤੇ ਗਏ ਬਿਆਨਾਂ ’ਤੇ ਸਵਾਲ ਚੁੱਕ ਰਹੇ ਹਨ। ਦੂਜੇ ਪਾਸੇ ਕੁਝ ਲੋਕਾਂ ਵੱਲੋਂ ਇਸ ਘਟਨਾ ਨੂੰ ਲੈ ਕੇ ਪੁਲੀਸ ਪ੍ਰਬੰਧ ਅਤੇ ਭ੍ਰਿਸ਼ਟਾਚਾਰ ਨਾਲ ਸਬੰਧਤ ਵਿਆਪਕ ਸਵਾਲ ਉਠਾਏ ਜਾ ਰਹੇ ਹਨ।
ਵਿਜੀਲੈਂਸ ਬਿਊਰੋ ਵੱਲੋਂ ਕੀਤੀ ਗਈ ਇਸ ਕਾਰਵਾਈ ਤੋਂ ਬਾਅਦ ਹੁਣ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ਵਿੱਚ ਕਥਿਤ ਰਿਸ਼ਵਤ ਦੀ ਮੰਗ, ਪੈਸਿਆਂ ਦੇ ਲੈਣ-ਦੇਣ ਅਤੇ ਇਸ ਨਾਲ ਜੁੜੇ ਹੋਰ ਤੱਥਾਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ।




