HomeIndianਐੱਸਆਈਆਰ ਵਿਵਾਦ ਵਿਚਾਲੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਸੁਪਰੀਮ ਕੋਰਟ ਪਹੁੰਚੀ...

ਐੱਸਆਈਆਰ ਵਿਵਾਦ ਵਿਚਾਲੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਸੁਪਰੀਮ ਕੋਰਟ ਪਹੁੰਚੀ ਪਟੀਸ਼ਨ

ਚੋਣ ਕਮਿਸ਼ਨ ਦੇ ਨਾਂ ’ਤੇ ਲਗਪਗ 14 ਫੈਸਲੇ ਲੈਣ ਦੀਆਂ ਰਿਪੋਰਟਾਂ ਦਾ ਹਵਾਲਾ; ਮੁੱਖ ਚੋਣ ਕਮਿਸ਼ਨਰ ਨੂੰ ਅਹੁਦੇ ਤੋਂ ਰੋਕਣ ਅਤੇ ਨਿਆਂਇਕ ਜਾਂਚ ਦੀ ਮੰਗ

ਨਵੀਂ ਦਿੱਲੀ : ਚੋਣ ਕਮਿਸ਼ਨਰਾਂ ਸੁਖਬੀਰ ਸਿੰਘ ਸੰਧੂ ਅਤੇ ਵਿਵੇਕ ਜੋਸ਼ੀ ਵੱਲੋਂ ਦਰਜ ਕੀਤੇ ਗਏ ਇਤਰਾਜ਼ਾਂ ਦੇ ਬਾਵਜੂਦ ਅਕਤੂਬਰ 2025 ਅਤੇ ਅਗਸਤ 2026 ਦਰਮਿਆਨ ਚੋਣ ਕਮਿਸ਼ਨ ਦੇ ਨਾਂ ’ਤੇ ਲਗਪਗ 14 ਫੈਸਲੇ ਲੈਣ ਦੀਆਂ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਸੁਪਰੀਮ ਕੋਰਟ ਵਿੱਚ ਜਨਹਿੱਤ ਪਟੀਸ਼ਨ ਦਾਖ਼ਲ ਕੀਤੀ ਗਈ ਹੈ।

ਇਸ ਪਟੀਸ਼ਨ ਰਾਹੀਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਆਪਣੇ ਅਹੁਦੇ ’ਤੇ ਕੰਮ ਕਰਨ ਤੋਂ ਰੋਕਣ ਦੀ ਮੰਗ ਕੀਤੀ ਗਈ ਹੈ। ਪਟੀਸ਼ਨਰ ਰਾਕੇਸ਼ ਕੁਮਾਰ ਸਿੰਘ ਨੇ ਅਦਾਲਤ ਨੂੰ ਇਹ ਹੁਕਮ ਜਾਰੀ ਕਰਨ ਦੀ ਅਪੀਲ ਕੀਤੀ ਹੈ ਕਿ ਚੋਣ ਕਮਿਸ਼ਨ ਵਿੱਚ ਫੈਸਲੇ ਮੁੱਖ ਚੋਣ ਕਮਿਸ਼ਨਰ ਵੱਲੋਂ ਇਕਪਾਸੜ ਢੰਗ ਨਾਲ ਨਹੀਂ ਲਏ ਜਾ ਸਕਦੇ।

ਪਟੀਸ਼ਨਰ ਨੇ ਮੰਗ ਕੀਤੀ ਹੈ ਕਿ ਅਦਾਲਤ ਗਿਆਨੇਸ਼ ਕੁਮਾਰ ਤੋਂ ਇਹ ਸਪੱਸ਼ਟੀਕਰਨ ਮੰਗੇ ਕਿ ਉਨ੍ਹਾਂ ਨੇ ਕਿਸ ਅਧਿਕਾਰ ਤਹਿਤ ਅਜਿਹਾ ਕੰਮ ਕੀਤਾ ਅਤੇ ਕਿਸ ਤਰ੍ਹਾਂ ਉਹ ਇਹ ਮੰਨ ਕੇ ਕੰਮ ਕਰਦੇ ਰਹੇ ਜਿਵੇਂ ਸੰਵਿਧਾਨ ਦੀ ਧਾਰਾ 324 ਤਹਿਤ ਚੋਣ ਕਮਿਸ਼ਨ ਵਿੱਚ ਸਮੂਹਿਕ ਫੈਸਲੇ ਲੈਣ ਦਾ ਅਧਿਕਾਰ ਵਿਅਕਤੀਗਤ ਤੌਰ ’ਤੇ ਉਨ੍ਹਾਂ ਕੋਲ ਹੋਵੇ।

ਜਨਹਿੱਤ ਪਟੀਸ਼ਨ ਵਿੱਚ ਮਾਮਲੇ ਦਾ ਫੈਸਲਾ ਆਉਣ ਤੱਕ ਮੁੱਖ ਚੋਣ ਕਮਿਸ਼ਨਰ ਨੂੰ ਮੁਅੱਤਲ ਕਰਨ ਦੀ ਮੰਗ ਵੀ ਕੀਤੀ ਗਈ ਹੈ। ਇਸ ਤੋਂ ਇਲਾਵਾ ਚੋਣ ਪੈਨਲ ਦੇ ਅਸਲ ਰਿਕਾਰਡ ਅਦਾਲਤ ਸਾਹਮਣੇ ਪੇਸ਼ ਕਰਨ ਅਤੇ ਸੁਪਰੀਮ ਕੋਰਟ ਦੇ ਇੱਕ ਸੇਵਾਮੁਕਤ ਜੱਜ ਦੀ ਅਗਵਾਈ ਹੇਠ ਨਿਰਪੱਖ ਨਿਆਂਇਕ ਜਾਂਚ ਕਮਿਸ਼ਨ ਜਾਂ ਵਿਸ਼ੇਸ਼ ਜਾਂਚ ਟੀਮ ਬਣਾਉਣ ਦੀ ਮੰਗ ਕੀਤੀ ਗਈ ਹੈ।

ਰਾਕੇਸ਼ ਕੁਮਾਰ ਸਿੰਘ ਨੇ ਮੁੱਖ ਚੋਣ ਕਮਿਸ਼ਨਰ ਅਤੇ ਹੋਰ ਚੋਣ ਕਮਿਸ਼ਨਰ (ਨਿਯੁਕਤੀ, ਸੇਵਾ ਸ਼ਰਤਾਂ ਅਤੇ ਕਾਰਜਕਾਲ) ਐਕਟ-2023 ਦੀ ਧਾਰਾ 18 ਦਾ ਵੀ ਹਵਾਲਾ ਦਿੱਤਾ ਹੈ।

ਧਾਰਾ 18(1) ਅਨੁਸਾਰ, “ਚੋਣ ਕਮਿਸ਼ਨ, ਸਰਬਸੰਮਤੀ ਨਾਲ ਫੈਸਲੇ ਰਾਹੀਂ ਆਪਣੇ ਕੰਮਕਾਜ ਦੇ ਲੈਣ-ਦੇਣ ਦੀ ਪ੍ਰਕਿਰਿਆ ਅਤੇ ਮੁੱਖ ਚੋਣ ਕਮਿਸ਼ਨਰ ਤੇ ਹੋਰ ਚੋਣ ਕਮਿਸ਼ਨਰਾਂ ਵਿੱਚ ਆਪਣੇ ਕੰਮ ਦੀ ਵੰਡ ਨੂੰ ਵੀ ਕੰਟਰੋਲ ਕਰ ਸਕਦਾ ਹੈ।”

ਧਾਰਾ 18(2) ਵਿੱਚ ਕਿਹਾ ਗਿਆ ਹੈ ਕਿ ਚੋਣ ਕਮਿਸ਼ਨ ਦਾ ਸਾਰਾ ਕੰਮਕਾਜ ਜਿੱਥੋਂ ਤੱਕ ਸੰਭਵ ਹੋਵੇ, ਸਰਬਸੰਮਤੀ ਨਾਲ ਕੀਤਾ ਜਾਵੇਗਾ। ਜੇਕਰ ਮੁੱਖ ਚੋਣ ਕਮਿਸ਼ਨਰ ਅਤੇ ਹੋਰ ਚੋਣ ਕਮਿਸ਼ਨਰ ਕਿਸੇ ਮਾਮਲੇ ’ਤੇ ਵੱਖ-ਵੱਖ ਰਾਇ ਰੱਖਦੇ ਹਨ ਤਾਂ ਅਜਿਹੇ ਮਾਮਲੇ ਦਾ ਫੈਸਲਾ ਬਹੁਮਤ ਦੀ ਰਾਇ ਅਨੁਸਾਰ ਕੀਤਾ ਜਾਵੇਗਾ।

ਗਿਆਨੇਸ਼ ਤੋਂ ਅਜਿਹਾ ਕਰਾਉਣ ਵਾਲੇ ਸਿਸਟਮ ਨੂੰ ਜਵਾਬ ਦੇਣਾ ਪਵੇਗਾ: ਰਾਹੁਲ

ਇਸੇ ਦੌਰਾਨ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਚੱਲ ਰਹੀ ਐੱਸਆਈਆਰ ਵੋਟ ਚੋਰੀ ਦਾ ਇੱਕ ਤਰੀਕਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਚਲੇ ਜਾਣਗੇ, ਪਰ ਜਿਸ ਸਿਸਟਮ ਨੇ ਉਨ੍ਹਾਂ ਕੋਲੋਂ ਇਹ ਕਰਵਾਇਆ ਹੈ, ਉਸ ਨੂੰ ਵੀ ਜਵਾਬ ਦੇਣਾ ਪਵੇਗਾ।

ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਇਹ ਟਿੱਪਣੀਆਂ ਅੱਜ ਸ਼ਾਮ ਰਾਜਧਾਨੀ ਵਿੱਚ ਯਮੁਨਾ ਦੇ ਕੰਢੇ ਬੇਲਾ ਐਸਟੇਟ ਵਿੱਚ ਇੱਕ ਝੁੱਗੀ ਦੇ ਆਪਣੇ ਦੌਰੇ ਦੀ ਵੀਡੀਓ ਨਾਲ ਪਾਈ ਇੱਕ ਪੋਸਟ ਵਿੱਚ ਕੀਤੀਆਂ।

ਵੀਡੀਓ ਵਿੱਚ ਗਾਂਧੀ ਨੂੰ ਉਸ ਖੇਤਰ ਵਿੱਚ ਵੋਟਰਾਂ ਦੇ ਨਾਮ ਕੱਟੇ ਜਾਣ ਬਾਰੇ ਉਪ-ਮੰਡਲ ਮੈਜਿਸਟਰੇਟ ਨਾਲ ਗੱਲ ਕਰਦੇ ਹੋਏ ਸੁਣਿਆ ਜਾ ਸਕਦਾ ਹੈ। ਉਹ ਅਧਿਕਾਰੀ ਨੂੰ ਆਪਣਾ ਨਾਮ ਅਤੇ ਅਹੁਦਾ ਸਾਂਝਾ ਕਰਨ ਲਈ ਕਹਿੰਦੇ ਹਨ। ਇਸ ਦੇ ਨਾਲ ਹੀ ਉਹ ਇਹ ਵੀ ਕਹਿੰਦੇ ਹਨ ਕਿ ਉਹ ਉਸ ਅਧਿਕਾਰੀ ਨਾਲ ਹੋਰ ਤਰੀਕੇ ਨਾਲ ਨਜਿੱਠਣਗੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments