Google search engine
Home Indian ਹਾੜ੍ਹੀ ਦੀਆਂ ਛੇ ਫ਼ਸਲਾਂ ਦੀ ਐੱਮਐੱਸਪੀ ਵਧੀ, ਕਣਕ ਦੇ ਭਾਅ ’ਚ 25...

ਹਾੜ੍ਹੀ ਦੀਆਂ ਛੇ ਫ਼ਸਲਾਂ ਦੀ ਐੱਮਐੱਸਪੀ ਵਧੀ, ਕਣਕ ਦੇ ਭਾਅ ’ਚ 25 ਰੁਪਏ ਦਾ ਵਾਧਾ

ਕੁਸੁੰਭ ਨੂੰ ਸਭ ਤੋਂ ਵੱਧ 675 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ; ਸਰ੍ਹੋਂ, ਮਸਰ, ਜੌਂ ਅਤੇ ਛੋਲਿਆਂ ਦੀ ਐੱਮਐੱਸਪੀ ਵਿੱਚ ਵੀ ਇਜ਼ਾਫ਼ਾ

ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਖਰੀਦ ਸੀਜ਼ਨ 2027-28 ਲਈ ਹਾੜ੍ਹੀ ਦੀਆਂ ਸਾਰੀਆਂ ਛੇ ਫ਼ਸਲਾਂ ਦੀ ਘੱਟੋ-ਘੱਟ ਸਮਰਥਨ ਕੀਮਤ (ਐੱਮਐੱਸਪੀ) ਵਿੱਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਵੱਲੋਂ ਕੀਤੇ ਗਏ ਐਲਾਨ ਅਨੁਸਾਰ ਕੁਸੁੰਭ ਦੀ ਐੱਮਐੱਸਪੀ ਵਿੱਚ ਸਭ ਤੋਂ ਵੱਧ 675 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ, ਜਦਕਿ ਕਣਕ ਦੀ ਐੱਮਐੱਸਪੀ ਵਿੱਚ 25 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਹੋਇਆ ਹੈ।

ਸਰਕਾਰ ਮੁਤਾਬਕ ਐੱਮਐੱਸਪੀ ਵਿੱਚ ਇਹ ਵਾਧਾ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦਾ ਲਾਹੇਵੰਦ ਭਾਅ ਯਕੀਨੀ ਬਣਾਉਣ ਅਤੇ ਰਵਾਇਤੀ ਅਨਾਜ ਵਾਲੀਆਂ ਫ਼ਸਲਾਂ ਤੋਂ ਇਲਾਵਾ ਦਾਲਾਂ ਅਤੇ ਤੇਲ-ਬੀਜਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕੀਤਾ ਗਿਆ ਹੈ।

ਨਵੀਆਂ ਦਰਾਂ ਮੁਤਾਬਕ ਰੇਪਸੀਡ ਅਤੇ ਸਰ੍ਹੋਂ ਦੀ ਐੱਮਐੱਸਪੀ ਵਿੱਚ 413 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ। ਇਸ ਵਾਧੇ ਤੋਂ ਬਾਅਦ ਸਰ੍ਹੋਂ ਦੀ ਐੱਮਐੱਸਪੀ 6,613 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ।

ਮਸਰ ਦੀ ਦਾਲ ਦੀ ਐੱਮਐੱਸਪੀ ਵਿੱਚ 390 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ। ਇਸ ਨਾਲ ਮਸਰ ਦੀ ਨਵੀਂ ਐੱਮਐੱਸਪੀ 7,390 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ।

ਇਸੇ ਤਰ੍ਹਾਂ ਜੌਂ ਦੀ ਐੱਮਐੱਸਪੀ ਵਿੱਚ 136 ਰੁਪਏ ਦਾ ਵਾਧਾ ਕਰਕੇ ਇਸ ਨੂੰ 2,286 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਛੋਲਿਆਂ ਦੀ ਐੱਮਐੱਸਪੀ ਵਿੱਚ 83 ਰੁਪਏ ਦਾ ਵਾਧਾ ਹੋਇਆ ਹੈ ਅਤੇ ਹੁਣ ਇਸ ਦੀ ਨਵੀਂ ਦਰ 5,958 ਰੁਪਏ ਪ੍ਰਤੀ ਕੁਇੰਟਲ ਹੋਵੇਗੀ।

ਹਾੜ੍ਹੀ ਦੀ ਮੁੱਖ ਫ਼ਸਲ ਕਣਕ ਦੀ ਐੱਮਐੱਸਪੀ ਵਿੱਚ 25 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ। ਇਸ ਤੋਂ ਬਾਅਦ ਕਣਕ ਦੀ ਨਵੀਂ ਐੱਮਐੱਸਪੀ 2,610 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ।

ਸਰਕਾਰ ਨੇ ਦਾਲਾਂ ਅਤੇ ਤੇਲ-ਬੀਜਾਂ ਦੀਆਂ ਫ਼ਸਲਾਂ ਦੀ ਐੱਮਐੱਸਪੀ ਵਿੱਚ ਤੁਲਨਾਤਮਕ ਤੌਰ ’ਤੇ ਵੱਧ ਵਾਧਾ ਕਰਦਿਆਂ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ’ਤੇ ਵੀ ਜ਼ੋਰ ਦਿੱਤਾ ਹੈ। ਇਸ ਦਾ ਉਦੇਸ਼ ਕਿਸਾਨਾਂ ਨੂੰ ਕਣਕ ਸਮੇਤ ਰਵਾਇਤੀ ਫ਼ਸਲਾਂ ਤੋਂ ਇਲਾਵਾ ਹੋਰ ਫ਼ਸਲਾਂ ਦੀ ਕਾਸ਼ਤ ਵੱਲ ਉਤਸ਼ਾਹਿਤ ਕਰਨਾ ਹੈ।

ਅਧਿਕਾਰਤ ਅੰਕੜਿਆਂ ਅਨੁਸਾਰ 2014-15 ਤੋਂ 2025-26 ਦੇ ਸਮੇਂ ਦੌਰਾਨ ਕਣਕ ਦੀ ਸਰਕਾਰੀ ਖਰੀਦ 3,715 ਲੱਖ ਮੀਟ੍ਰਿਕ ਟਨ ਰਹੀ। ਇਸ ਦੇ ਮੁਕਾਬਲੇ 2004-05 ਤੋਂ 2013-14 ਦੇ ਦੌਰਾਨ ਕਣਕ ਦੀ ਸਰਕਾਰੀ ਖਰੀਦ 2,254 ਲੱਖ ਮੀਟ੍ਰਿਕ ਟਨ ਸੀ।

ਇਸੇ ਤਰ੍ਹਾਂ 2014-15 ਤੋਂ 2025-26 ਦੇ ਸਮੇਂ ਦੌਰਾਨ ਕਣਕ ਉਤਪਾਦਕ ਕਿਸਾਨਾਂ ਨੂੰ ਐੱਮਐੱਸਪੀ ਦੇ ਰੂਪ ਵਿੱਚ 7.31 ਲੱਖ ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ। ਇਸ ਦੇ ਮੁਕਾਬਲੇ 2004-05 ਤੋਂ 2013-14 ਦੇ ਦੌਰਾਨ ਕਣਕ ਦੀ ਐੱਮਐੱਸਪੀ ਦੇ ਰੂਪ ਵਿੱਚ ਕਿਸਾਨਾਂ ਨੂੰ 2.56 ਲੱਖ ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ।

ਸਰਕਾਰ ਵੱਲੋਂ ਜਾਰੀ ਵੇਰਵਿਆਂ ਅਨੁਸਾਰ ਹਾੜ੍ਹੀ ਦੀਆਂ ਛੇ ਮੁੱਖ ਫ਼ਸਲਾਂ ਲਈ ਐੱਮਐੱਸਪੀ ਦੇ ਰੂਪ ਵਿੱਚ ਕੀਤੀ ਗਈ ਕੁੱਲ ਅਦਾਇਗੀ ਵੀ ਪਿਛਲੇ ਸਾਲਾਂ ਦੇ ਮੁਕਾਬਲੇ ਵਧੀ ਹੈ। ਬਿਆਨ ਮੁਤਾਬਕ ਹਾੜ੍ਹੀ ਦੀਆਂ ਛੇ ਫ਼ਸਲਾਂ ਉਗਾਉਣ ਵਾਲੇ ਕਿਸਾਨਾਂ ਲਈ ਇਹ ਰਕਮ 2.65 ਲੱਖ ਕਰੋੜ ਰੁਪਏ ਤੋਂ ਵਧ ਕੇ 8.36 ਲੱਖ ਕਰੋੜ ਰੁਪਏ ਹੋ ਗਈ ਹੈ।

ਕੇਂਦਰ ਸਰਕਾਰ ਵੱਲੋਂ ਐਲਾਨੀਆਂ ਨਵੀਆਂ ਐੱਮਐੱਸਪੀ ਦਰਾਂ ਖਰੀਦ ਸੀਜ਼ਨ 2027-28 ਲਈ ਲਾਗੂ ਹੋਣਗੀਆਂ ਅਤੇ ਇਨ੍ਹਾਂ ਵਿੱਚ ਕਣਕ, ਜੌਂ, ਛੋਲੇ, ਮਸਰ, ਰੇਪਸੀਡ-ਸਰ੍ਹੋਂ ਅਤੇ ਕੁਸੁੰਭ ਸ਼ਾਮਲ ਹਨ।

 

Exit mobile version