ਚੰਗੀ ਨੌਕਰੀ ਦਾ ਝਾਂਸਾ ਦੇ ਕੇ ਓਮਾਨ ਭੇਜਣ ਤੋਂ ਬਾਅਦ ਪਾਸਪੋਰਟ ਖੋਹਣ, ਕੁੱਟਮਾਰ ਅਤੇ ਲੱਖਾਂ ਰੁਪਏ ਦੀ ਮੰਗ ਦੇ ਦੋਸ਼; ਮਸਕਟ ’ਚ ਅਜੇ ਵੀ ਲਗਭਗ 130 ਭਾਰਤੀ ਔਰਤਾਂ ਦੇ ਫਸੇ ਹੋਣ ਦਾ ਦਾਅਵਾ
ਵਿਦੇਸ਼ ਵਿੱਚ ਚੰਗੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਓਮਾਨ ਭੇਜੀਆਂ ਗਈਆਂ ਜਲੰਧਰ ਅਤੇ ਕਪੂਰਥਲਾ ਦੀਆਂ ਦੋ ਪੰਜਾਬੀ ਔਰਤਾਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਮਦਦ ਨਾਲ ਸੁਰੱਖਿਅਤ ਆਪਣੇ ਘਰ ਵਾਪਸ ਪਰਤ ਆਈਆਂ ਹਨ। ਭਾਰਤ ਪਰਤਣ ਤੋਂ ਬਾਅਦ ਦੋਵਾਂ ਔਰਤਾਂ ਨੇ ਓਮਾਨ ਵਿੱਚ ਆਪਣੇ ਨਾਲ ਵਾਪਰੀਆਂ ਘਟਨਾਵਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ।
ਉਨ੍ਹਾਂ ਦੱਸਿਆ ਕਿ ਓਮਾਨ ਦੀ ਰਾਜਧਾਨੀ ਮਸਕਟ ਵਿੱਚ ਅਜੇ ਵੀ ਲਗਭਗ 130 ਭਾਰਤੀ ਔਰਤਾਂ ਫਸੀਆਂ ਹੋਈਆਂ ਹਨ ਅਤੇ ਉਹ ਆਪਣੇ ਵਤਨ ਪਰਤਣ ਦੀ ਉਡੀਕ ਕਰ ਰਹੀਆਂ ਹਨ। ਪੀੜਤ ਔਰਤਾਂ ਵੱਲੋਂ ਏਜੰਟਾਂ ’ਤੇ ਪਾਸਪੋਰਟ ਖੋਹਣ, ਕੁੱਟਮਾਰ ਕਰਨ, ਦਬਾਅ ਬਣਾਉਣ ਅਤੇ ਪਰਿਵਾਰਾਂ ਤੋਂ ਲੱਖਾਂ ਰੁਪਏ ਦੀ ਮੰਗ ਕਰਨ ਦੇ ਦੋਸ਼ ਲਗਾਏ ਗਏ ਹਨ।
ਜਲੰਧਰ ਜ਼ਿਲ੍ਹੇ ਦੀ ਔਰਤ ਨੇ ਦੱਸਿਆ ਕਿ ਉਸ ਨੂੰ ਬਿਊਟੀ ਪਾਰਲਰ ਵਿੱਚ 25 ਤੋਂ 30 ਹਜ਼ਾਰ ਰੁਪਏ ਮਹੀਨਾ ਤਨਖ਼ਾਹ ਵਾਲੀ ਨੌਕਰੀ ਦਾ ਲਾਲਚ ਦੇ ਕੇ ਓਮਾਨ ਭੇਜਿਆ ਗਿਆ ਸੀ। ਓਮਾਨ ਪਹੁੰਚਣ ਤੋਂ ਬਾਅਦ ਏਜੰਟ ਨੇ ਵੀਜ਼ਾ ਵਧਾਉਣ ਦੇ ਬਹਾਨੇ ਉਸ ਦਾ ਪਾਸਪੋਰਟ ਆਪਣੇ ਕਬਜ਼ੇ ਵਿੱਚ ਲੈ ਲਿਆ। ਇਸ ਤੋਂ ਬਾਅਦ ਉਸ ’ਤੇ ਗਲਤ ਕੰਮ ਕਰਨ ਲਈ ਦਬਾਅ ਬਣਾਇਆ ਗਿਆ। ਵਿਰੋਧ ਕਰਨ ’ਤੇ ਉਸ ਨਾਲ ਮਾਰ-ਕੁੱਟ ਕੀਤੇ ਜਾਣ ਦਾ ਵੀ ਦੋਸ਼ ਹੈ।
ਪੀੜਤ ਔਰਤ ਅਨੁਸਾਰ, ਜਦੋਂ ਉਸ ਨੇ ਵਾਪਸ ਭਾਰਤ ਆਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਤੋਂ 2 ਲੱਖ ਰੁਪਏ ਦੀ ਮੰਗ ਕੀਤੀ ਗਈ। ਪਰਿਵਾਰ ਨੇ ਧੀ ਨੂੰ ਵਾਪਸ ਲਿਆਉਣ ਲਈ ਆਪਣਾ ਮੋਟਰਸਾਈਕਲ ਵੇਚ ਕੇ ਪੈਸਿਆਂ ਦਾ ਪ੍ਰਬੰਧ ਕੀਤਾ। ਇਸ ਤੋਂ ਬਾਅਦ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਮਦਦ ਨਾਲ ਉਹ 7 ਸਤੰਬਰ ਨੂੰ ਸੁਰੱਖਿਅਤ ਭਾਰਤ ਵਾਪਸ ਆ ਗਈ।
ਦੂਜੇ ਮਾਮਲੇ ਵਿੱਚ ਕਪੂਰਥਲਾ ਜ਼ਿਲ੍ਹੇ ਦੀ ਔਰਤ ਨੂੰ ਘਰੇਲੂ ਕੰਮ ਕਰਨ ਲਈ ਓਮਾਨ ਭੇਜਿਆ ਗਿਆ ਸੀ। ਉੱਥੇ ਪਹੁੰਚਣ ਤੋਂ ਬਾਅਦ ਉਸ ਦੀ ਸਿਹਤ ਵਿਗੜ ਗਈ, ਪਰ ਬੀਮਾਰ ਹੋਣ ਦੇ ਬਾਵਜੂਦ ਉਸ ਨੂੰ ਦਵਾਈ ਮੁਹੱਈਆ ਨਾ ਕਰਵਾਉਣ ਦੇ ਦੋਸ਼ ਲਗਾਏ ਗਏ। ਇਸ ਦੌਰਾਨ ਉਸ ਦੀ ਵਾਪਸੀ ਲਈ ਪਰਿਵਾਰ ਤੋਂ 1 ਲੱਖ ਰੁਪਏ ਦੀ ਮੰਗ ਕੀਤੀ ਗਈ।
ਪਰਿਵਾਰ ਨੇ ਆਪਣਾ ਘਰ ਗਹਿਣੇ ਧਰ ਕੇ ਪੈਸਿਆਂ ਦਾ ਪ੍ਰਬੰਧ ਕੀਤਾ ਅਤੇ ਰਕਮ ਭੇਜ ਦਿੱਤੀ। ਇਸ ਦੇ ਬਾਵਜੂਦ ਏਜੰਟਾਂ ਵੱਲੋਂ ਹੋਰ ਪੈਸਿਆਂ ਦੀ ਮੰਗ ਕੀਤੀ ਜਾਣ ਲੱਗੀ। ਇਸ ਦੇ ਨਾਲ ਹੀ ਪਰਿਵਾਰ ’ਤੇ ਹੋਰ ਲੜਕੀਆਂ ਨੂੰ ਓਮਾਨ ਭੇਜਣ ਲਈ ਵੀ ਦਬਾਅ ਪਾਉਣ ਦੇ ਦੋਸ਼ ਹਨ। ਆਖ਼ਰਕਾਰ ਪਰਿਵਾਰ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਕੋਲ ਮਦਦ ਲਈ ਗੁਹਾਰ ਲਗਾਈ, ਜਿਸ ਤੋਂ ਬਾਅਦ ਇਹ ਔਰਤ 23 ਅਗਸਤ ਨੂੰ ਸੁਰੱਖਿਅਤ ਭਾਰਤ ਵਾਪਸ ਆ ਗਈ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਨ੍ਹਾਂ ਮਾਮਲਿਆਂ ’ਤੇ ਚਿੰਤਾ ਪ੍ਰਗਟ ਕਰਦਿਆਂ ਅਜਿਹੇ ਧੋਖੇਬਾਜ਼ ਏਜੰਟਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਸਰਕਾਰ ਕੋਲ ਰੱਖੀ ਹੈ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਵਿਦੇਸ਼ ਭੇਜਣ ਤੋਂ ਪਹਿਲਾਂ ਨੌਕਰੀ, ਏਜੰਟ ਅਤੇ ਕੰਪਨੀ ਸਬੰਧੀ ਪੂਰੀ ਜਾਂਚ-ਪੜਤਾਲ ਜ਼ਰੂਰ ਕਰਨ।
ਸੰਤ ਸੀਚੇਵਾਲ ਦੇ ਦਫ਼ਤਰ ਅਨੁਸਾਰ, ਵਿਦੇਸ਼ਾਂ ਵਿੱਚ ਠੱਗੀ ਅਤੇ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਲਗਭਗ 190 ਭਾਰਤੀ ਔਰਤਾਂ ਨੂੰ ਉਨ੍ਹਾਂ ਦੇ ਯਤਨਾਂ ਸਦਕਾ ਹੁਣ ਤੱਕ ਸੁਰੱਖਿਅਤ ਭਾਰਤ ਲਿਆਂਦਾ ਜਾ ਚੁੱਕਾ ਹੈ।
