ਭਾਜਪਾ ਸੰਸਦ ਮੈਂਬਰ ਨੇ ਆਪਣੀ ਗਲਤੀ ਮੰਨੀ, ਕਿਹਾ- ਸਿੱਖ ਕਤਲੇਆਮ ਦੇ ਦੋਸ਼ੀ ਦੇ ਘਰ ਅਫ਼ਸੋਸ ਲਈ ਜਾਣਾ ਨਹੀਂ ਸੀ ਚਾਹੀਦਾ
ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਰਾਮਵੀਰ ਸਿੰਘ ਬਿਧੂੜੀ ਨੇ ਸਿੱਖ ਕਤਲੇਆਮ ਦੇ ਦੋਸ਼ੀ ਕਰਾਰ ਦਿੱਤੇ ਗਏ ਕਾਂਗਰਸੀ ਆਗੂ ਸੱਜਣ ਕੁਮਾਰ ਦੇ ਘਰ ਅਫ਼ਸੋਸ ਪ੍ਰਗਟ ਕਰਨ ਲਈ ਜਾਣ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਕੇ ਖਿਮਾ ਜਾਚਨਾ ਕੀਤੀ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਪਾਸੋਂ ਖਿਮਾ ਮੰਗੀ ਅਤੇ ਕੜਾਹ ਪ੍ਰਸਾਦ ਦੀ ਦੇਗ ਕਰਵਾਈ।
ਇਸ ਤੋਂ ਪਹਿਲਾਂ ਰਾਮਵੀਰ ਸਿੰਘ ਬਿਧੂੜੀ ਨੇ 5 ਸਤੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਲਿਖਤੀ ਰੂਪ ਵਿੱਚ ਆਪਣੀ ਖਿਮਾ ਜਾਚਨਾ ਸਬੰਧੀ ਪੱਤਰ ਭੇਜਿਆ ਸੀ। ਇਸ ਤੋਂ ਬਾਅਦ ਉਹ ਅੱਜ ਨਿੱਜੀ ਤੌਰ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੇ ਅਤੇ ਆਪਣੀ ਗਲਤੀ ਲਈ ਖਿਮਾ ਜਾਚਨਾ ਕੀਤੀ।
ਨਤਮਸਤਕ ਹੋਣ ਤੋਂ ਬਾਅਦ ਰਾਮਵੀਰ ਸਿੰਘ ਬਿਧੂੜੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਮਿਲੇ। ਉਨ੍ਹਾਂ ਜਥੇਦਾਰ ਨੂੰ ਆਪਣਾ ਖਿਮਾ ਜਾਚਨਾ ਪੱਤਰ ਸੌਂਪਿਆ ਅਤੇ ਸੱਜਣ ਕੁਮਾਰ ਦੇ ਘਰ ਜਾਣ ਸਬੰਧੀ ਆਪਣਾ ਪੱਖ ਵੀ ਰੱਖਿਆ।
ਬਿਧੂੜੀ ਨੇ ਦੱਸਿਆ ਕਿ ਉਹ ਆਪਣੇ ਕੁਝ ਸੰਸਦ ਮੈਂਬਰ ਸਾਥੀਆਂ ਦੇ ਕਹਿਣ ’ਤੇ ਸੱਜਣ ਕੁਮਾਰ ਦੇ ਘਰ ਅਫ਼ਸੋਸ ਪ੍ਰਗਟ ਕਰਨ ਲਈ ਗਏ ਸਨ। ਉਨ੍ਹਾਂ ਕਿਹਾ ਕਿ ਸਿੱਖ ਕਤਲੇਆਮ ਦੇ ਮਾਮਲੇ ਕਾਰਨ ਉਹ ਖੁਦ ਹਮੇਸ਼ਾ ਸੱਜਣ ਕੁਮਾਰ ਦੇ ਸਖ਼ਤ ਵਿਰੋਧੀ ਰਹੇ ਹਨ। ਉਨ੍ਹਾਂ ਦੇ ਅਨੁਸਾਰ, ਸੱਜਣ ਕੁਮਾਰ ਦੇ ਘਰ ਜਾਣ ਦਾ ਫੈਸਲਾ ਉਨ੍ਹਾਂ ਦੇ ਸਿਆਸੀ ਰੁਖ ਜਾਂ ਸੱਜਣ ਕੁਮਾਰ ਪ੍ਰਤੀ ਸਮਰਥਨ ਦਾ ਪ੍ਰਗਟਾਵਾ ਨਹੀਂ ਸੀ।
ਆਪਣੀ ਖਿਮਾ ਜਾਚਨਾ ਵਿੱਚ ਰਾਮਵੀਰ ਸਿੰਘ ਬਿਧੂੜੀ ਨੇ ਕਿਹਾ ਕਿ ਉਹ ਹਮੇਸ਼ਾ ਸੱਜਣ ਕੁਮਾਰ ਦੇ ਵਿਰੁੱਧ ਬੋਲਦੇ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਸਿੱਖ ਕਤਲੇਆਮ ਦੇ ਮਾਮਲੇ ਵਿੱਚ ਦੋਸ਼ੀ ਮੰਨਿਆ ਗਿਆ ਹੈ। ਉਨ੍ਹਾਂ ਮੰਨਿਆ ਕਿ ਅਜਿਹੇ ਵਿਅਕਤੀ ਦੇ ਘਰ ਅਫ਼ਸੋਸ ਪ੍ਰਗਟ ਕਰਨ ਲਈ ਜਾਣਾ ਵੀ ਗਲਤ ਸੀ, ਜਿਸ ’ਤੇ ਸਿੱਖ ਕਤਲੇਆਮ ਵਿੱਚ ਸ਼ਾਮਲ ਹੋਣ ਦੇ ਦੋਸ਼ ਲੱਗੇ ਹੋਣ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਸੰਸਦ ਮੈਂਬਰ ਰਾਮਵੀਰ ਸਿੰਘ ਬਿਧੂੜੀ ਨੇ ਆਪਣੀ ਗਲਤੀ ਦਾ ਅਹਿਸਾਸ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਕੇ ਖਿਮਾ ਜਾਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਬਿਧੂੜੀ ਵੱਲੋਂ ਆਪਣੀ ਗਲਤੀ ਨੂੰ ਸਵੀਕਾਰ ਕਰਦਿਆਂ ਆਪਣਾ ਪੱਖ ਰੱਖਿਆ ਗਿਆ ਹੈ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਹ ਵੀ ਕਿਹਾ ਕਿ ਸੱਜਣ ਕੁਮਾਰ ਦੇ ਘਰ ਅਫ਼ਸੋਸ ਪ੍ਰਗਟ ਕਰਨ ਲਈ ਹੋਰ ਵੀ ਕਈ ਸਿਆਸੀ ਆਗੂ, ਖ਼ਾਸ ਕਰਕੇ ਕਾਂਗਰਸ ਪਾਰਟੀ ਨਾਲ ਸਬੰਧਤ ਆਗੂ ਗਏ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵੀ ਰਾਮਵੀਰ ਸਿੰਘ ਬਿਧੂੜੀ ਵੱਲੋਂ ਕੀਤੀ ਖਿਮਾ ਜਾਚਨਾ ਤੋਂ ਸੇਧ ਲੈਣੀ ਚਾਹੀਦੀ ਹੈ ਅਤੇ ਸਿੱਖ ਕੌਮ ਪਾਸੋਂ ਮੁਆਫ਼ੀ ਮੰਗਣੀ ਚਾਹੀਦੀ ਹੈ।
ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੀ ਮੌਜੂਦ ਸਨ।
