Google search engine
Home Punjab News ‘ਪੁੱਤ! ਅੱਜ ਤਾਂ ਚਿੱਤ ਖ਼ੁਸ਼ ਹੋ ਗਿਆ’—‘ਟੂੰ-ਟੂੰ ਆਲੀ ਬੇਬੇ’ ਮੇਲੋ ਨੂੰ ਮਿਲੇ...

‘ਪੁੱਤ! ਅੱਜ ਤਾਂ ਚਿੱਤ ਖ਼ੁਸ਼ ਹੋ ਗਿਆ’—‘ਟੂੰ-ਟੂੰ ਆਲੀ ਬੇਬੇ’ ਮੇਲੋ ਨੂੰ ਮਿਲੇ ਮੁੱਖ ਮੰਤਰੀ ਮਾਨ

ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਮਗਰੋਂ ਗੁਰਮੇਲ ਕੌਰ ਨੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ; ਭਗਵੰਤ ਮਾਨ ਨੇ ਸੂਟ ਤੇ ਫੁਲਕਾਰੀ ਭੇਟ ਕਰਕੇ ਕੀਤਾ ਸਨਮਾਨ

‘ਮਾਵਾਂ ਧੀਆਂ ਸਤਿਕਾਰ ਯੋਜਨਾ’ ਤਹਿਤ ਦੂਜੀ ਕਿਸ਼ਤ ਮਿਲਣ ’ਤੇ ਖ਼ੁਸ਼ੀ ਦਾ ਇਜ਼ਹਾਰ ਕਰਨ ਵਾਲੀ 75 ਸਾਲਾ ਗੁਰਮੇਲ ਕੌਰ ਉਰਫ਼ ਮੇਲੋ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ। ਸੋਸ਼ਲ ਮੀਡੀਆ ’ਤੇ ਆਪਣੀ ਸਾਦਗੀ ਅਤੇ ਖ਼ੁਸ਼ੀ ਭਰੀ ਵੀਡੀਓ ਕਾਰਨ ਚਰਚਾ ਵਿੱਚ ਆਈ ਪੇਂਡੂ ਬਜ਼ੁਰਗ ਔਰਤ ਅੱਜ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਪਹੁੰਚੀ, ਜਿੱਥੇ ਉਸ ਨੇ ਭਗਵੰਤ ਮਾਨ ਨੂੰ ਜੱਫੀ ਪਾ ਕੇ ਮਿਲਦਿਆਂ ਆਸ਼ੀਰਵਾਦ ਦਿੱਤਾ।

ਮੁੱਖ ਮੰਤਰੀ ਨਾਲ ਮੁਲਾਕਾਤ ਦੌਰਾਨ ਗੁਰਮੇਲ ਕੌਰ ਨੇ ਕਿਹਾ, “ਪੁੱਤ! ਅੱਜ ਚਿੱਤ ਖ਼ੁਸ਼ ਹੋ ਗਿਆ।” ਉਸ ਨੇ ਦੱਸਿਆ ਕਿ ਉਸ ਦੀ ਕਾਫ਼ੀ ਸਮੇਂ ਤੋਂ ਮੁੱਖ ਮੰਤਰੀ ਨੂੰ ਮਿਲਣ ਦੀ ਇੱਛਾ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਬਜ਼ੁਰਗ ਔਰਤ ਦਾ ਸਨਮਾਨ ਕਰਦਿਆਂ ਉਸ ਨੂੰ ਸੂਟ, ਫੁਲਕਾਰੀ ਅਤੇ ਹੋਰ ਸਾਮਾਨ ਭੇਟ ਕੀਤਾ।

ਬਠਿੰਡਾ ਜ਼ਿਲ੍ਹੇ ਦੇ ਪਿੰਡ ਆਦਮਪੁਰਾ ਨਾਲ ਸਬੰਧਤ ਦਲਿਤ ਪਰਿਵਾਰ ਦੀ ਗੁਰਮੇਲ ਕੌਰ ਉਰਫ਼ ਮੇਲੋ ਦੀ ਇੱਕ ਵੀਡੀਓ ਪਿਛਲੇ ਦਿਨੀਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋਈ ਸੀ। ਇਸ ਵੀਡੀਓ ਵਿੱਚ ਉਹ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੀ ਰਕਮ ਮਿਲਣ ’ਤੇ ਬੇਹੱਦ ਖ਼ੁਸ਼ ਨਜ਼ਰ ਆ ਰਹੀ ਸੀ।

ਵਾਇਰਲ ਵੀਡੀਓ ਵਿੱਚ ਗੁਰਮੇਲ ਕੌਰ ਕਹਿੰਦੀ ਸੁਣਾਈ ਦਿੰਦੀ ਹੈ, “ਅੱਜ ਫੇਰ ਹੋ ਗਈ ਟੂੰ-ਟੂੰ, ਬਹੁਤ ਚਾਅ ਚੜ੍ਹ ਗਿਆ।” ਇਸ ਤੋਂ ਬਾਅਦ ਉਹ ਖ਼ੁਸ਼ੀ ਨਾਲ ਕਹਿੰਦੀ ਹੈ, “ਅੱਜ ਤਿੰਨ ਹਜ਼ਾਰ ਆ ਗਏ।” ਵੀਡੀਓ ਵਿੱਚ ਉਸ ਦੀ ਖ਼ੁਸ਼ੀ ਅਤੇ ਉਤਸ਼ਾਹ ਸਾਫ਼ ਨਜ਼ਰ ਆ ਰਿਹਾ ਸੀ। ਇਸ ਵੀਡੀਓ ਨੇ ਸੋਸ਼ਲ ਮੀਡੀਆ ’ਤੇ ਲੋਕਾਂ ਦਾ ਧਿਆਨ ਖਿੱਚਿਆ ਸੀ।

ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇੱਕ ਸਮਾਗਮ ਦੌਰਾਨ ਇਸ ਬਜ਼ੁਰਗ ਔਰਤ ਦਾ ਜ਼ਿਕਰ ਕੀਤਾ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਮੁੱਖ ਮੰਤਰੀ ਦਫ਼ਤਰ ਵੱਲੋਂ ਲੰਘੇ ਕੱਲ੍ਹ ਗੁਰਮੇਲ ਕੌਰ ਦੇ ਪਰਿਵਾਰ ਨਾਲ ਸੰਪਰਕ ਕੀਤਾ ਗਿਆ। ਮੁੱਖ ਮੰਤਰੀ ਮਾਨ ਨੇ ਬਜ਼ੁਰਗ ਔਰਤ ਨਾਲ ਖ਼ੁਦ ਮਿਲਣ ਦੀ ਇੱਛਾ ਜ਼ਾਹਿਰ ਕੀਤੀ, ਜਿਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਉਸ ਨੂੰ ਮੁੱਖ ਮੰਤਰੀ ਨਾਲ ਮਿਲਾਉਣ ਲਈ ਵਿਸ਼ੇਸ਼ ਗੱਡੀ ਭੇਜੀ ਗਈ।

ਮਾਰਕਫੈੱਡ ਦੇ ਚੇਅਰਮੈਨ ਇੰਦਰਜੀਤ ਸਿੰਘ ਮਾਨ ਨੇ ਦੱਸਿਆ ਕਿ ਗੁਰਮੇਲ ਕੌਰ ਉਨ੍ਹਾਂ ਦੇ ਹਲਕੇ ਰਾਮਪੁਰਾ ਫੂਲ ਦੇ ਪਿੰਡ ਆਦਮਪੁਰਾ ਦੀ ਰਹਿਣ ਵਾਲੀ ਹੈ। ਉਨ੍ਹਾਂ ਦੱਸਿਆ ਕਿ ਬਜ਼ੁਰਗ ਔਰਤ ਦਾ ਪਤੀ ਚੌਕੀਦਾਰ ਹੈ, ਜਦਕਿ ਉਸ ਦੇ ਦੋਵੇਂ ਲੜਕੇ ਦਿਹਾੜੀ-ਮਜ਼ਦੂਰੀ ਅਤੇ ਡਰਾਈਵਰੀ ਦਾ ਕੰਮ ਕਰਦੇ ਹਨ।

ਦੱਸਣਯੋਗ ਹੈ ਕਿ ਗੁਰਮੇਲ ਕੌਰ ਦਾ ਪਰਿਵਾਰ ਕਾਂਗਰਸ ਨਾਲ ਸਬੰਧ ਰੱਖਦਾ ਹੈ। ਇਸ ਦੇ ਬਾਵਜੂਦ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੀ ਰਕਮ ਮਿਲਣ ’ਤੇ ਉਸ ਵੱਲੋਂ ਪ੍ਰਗਟਾਈ ਗਈ ਖ਼ੁਸ਼ੀ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣੀ ਅਤੇ ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਖ਼ੁਦ ਉਸ ਨਾਲ ਮੁਲਾਕਾਤ ਕੀਤੀ।

Exit mobile version