Google search engine
Home Sport ਹਰਮਨਪ੍ਰੀਤ ਕੌਰ ਨੇ ਛੱਡੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨੀ, ਖਿਡਾਰੀ ਵਜੋਂ...

ਹਰਮਨਪ੍ਰੀਤ ਕੌਰ ਨੇ ਛੱਡੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨੀ, ਖਿਡਾਰੀ ਵਜੋਂ ਜਾਰੀ ਰੱਖੇਗੀ ਸਫ਼ਰ

ਤਿੰਨੋਂ ਫਾਰਮੈਟਾਂ ਦੀ ਅਗਵਾਈ ਤੋਂ ਦਿੱਤਾ ਅਸਤੀਫ਼ਾ; ਕਿਹਾ—ਕਪਤਾਨੀ ਖ਼ਤਮ ਹੋਈ ਹੈ, ਪਰ ਕ੍ਰਿਕਟ ਦਾ ਸਫ਼ਰ ਜਾਰੀ ਰਹੇਗਾ

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਲੰਮੇ ਸਮੇਂ ਤੋਂ ਕਪਤਾਨ ਰਹੀ ਹਰਮਨਪ੍ਰੀਤ ਕੌਰ ਨੇ ਮੰਗਲਵਾਰ ਨੂੰ ਤਿੰਨੋਂ ਫਾਰਮੈਟਾਂ ਦੀ ਕਪਤਾਨੀ ਛੱਡਣ ਦਾ ਐਲਾਨ ਕਰ ਦਿੱਤਾ। ਉਨ੍ਹਾਂ ਨੇ ਇਹ ਫ਼ੈਸਲਾ ਗੁਹਾਟੀ ਵਿੱਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੀ ਸਮੀਖਿਆ ਬੈਠਕ ਤੋਂ ਬਾਅਦ ਲਿਆ। ਹਰਮਨਪ੍ਰੀਤ ਨੇ ਕਿਹਾ ਕਿ ਇੱਕ ਆਗੂ ਵਜੋਂ ਉਹ ਆਪਣਾ ਫ਼ਰਜ਼ ਨਿਭਾ ਚੁੱਕੇ ਹਨ ਅਤੇ ਹੁਣ ਉਹ ਦੁਬਾਰਾ ਸਿਰਫ਼ ਖੇਡ ਦੇ ਪਿਆਰ ਲਈ ਕ੍ਰਿਕਟ ਖੇਡਣਾ ਚਾਹੁੰਦੀ ਹਨ।

ਗੁਹਾਟੀ ਵਿੱਚ ਹੋਈ ਬੀ.ਸੀ.ਸੀ.ਆਈ. ਦੀ ਸਮੀਖਿਆ ਬੈਠਕ ਟੀਮ ਦੇ ਪਿਛਲੇ ਮਹੀਨਿਆਂ ਦੇ ਪ੍ਰਦਰਸ਼ਨ ਦਾ ਮੁਲਾਂਕਣ ਕਰਨ ਲਈ ਬੁਲਾਈ ਗਈ ਸੀ। ਬੀ.ਸੀ.ਸੀ.ਆਈ. ਦੇ ਸਕੱਤਰ ਦੇਵਜੀਤ ਸੈਕੀਆ ਦੀ ਅਗਵਾਈ ਹੇਠ ਹੋਈ ਇਸ ਬੈਠਕ ਵਿੱਚ ਹਰਮਨਪ੍ਰੀਤ ਕੌਰ, ਉਪ-ਕਪਤਾਨ ਸਮ੍ਰਿਤੀ ਮੰਧਾਨਾ ਅਤੇ ਮੁੱਖ ਕੋਚ ਅਮੋਲ ਮਜੂਮਦਾਰ ਵੀ ਸ਼ਾਮਲ ਹੋਏ।

37 ਸਾਲਾ ਹਰਮਨਪ੍ਰੀਤ ਨੇ 2016 ਵਿੱਚ ਭਾਰਤੀ ਟੀ-20 ਟੀਮ ਦੀ ਕਪਤਾਨੀ ਸੰਭਾਲੀ ਸੀ ਅਤੇ ਲਗਪਗ ਇੱਕ ਦਹਾਕੇ ਤੱਕ ਇਸ ਭੂਮਿਕਾ ਵਿੱਚ ਰਹੀ। ਇਸ ਤੋਂ ਬਾਅਦ 2022 ਵਿੱਚ ਉਨ੍ਹਾਂ ਨੂੰ ਇਕ ਰੋਜ਼ਾ ਟੀਮ ਦੀ ਕਪਤਾਨੀ ਸੌਂਪੀ ਗਈ ਅਤੇ 2023 ਵਿੱਚ ਉਹ ਭਾਰਤੀ ਮਹਿਲਾ ਟੀਮ ਦੇ ਤਿੰਨਾਂ ਫਾਰਮੈਟਾਂ ਦੀ ਕਪਤਾਨ ਬਣ ਗਈ।

ਹਰਮਨਪ੍ਰੀਤ ਨੇ ਆਪਣੇ ਇੰਸਟਾਗ੍ਰਾਮ ਖਾਤੇ ’ਤੇ ਕਪਤਾਨੀ ਛੱਡਣ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਲਈ ਆਸਾਨ ਫ਼ੈਸਲਾ ਨਹੀਂ ਸੀ। ਉਨ੍ਹਾਂ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਇਸ ਫ਼ੈਸਲੇ ਨਾਲ ਸਾਲਾਂ ਦੀਆਂ ਯਾਦਾਂ, ਭਾਵਨਾਵਾਂ, ਕੁਰਬਾਨੀਆਂ ਅਤੇ ਅਜਿਹੇ ਕਈ ਪਲ ਜੁੜੇ ਹੋਏ ਹਨ, ਜੋ ਉਨ੍ਹਾਂ ਦੀ ਬਾਕੀ ਜ਼ਿੰਦਗੀ ਦਾ ਹਿੱਸਾ ਰਹਿਣਗੇ।

ਉਨ੍ਹਾਂ ਕਿਹਾ ਕਿ ਹੁਣ ਉਹ ਖੇਡ ਦੇ ਪਿਆਰ ਲਈ ਦੁਬਾਰਾ ਖੇਡਣ ਲਈ ਤਿਆਰ ਹਨ। ਹਰਮਨਪ੍ਰੀਤ ਨੇ ਸਪੱਸ਼ਟ ਕੀਤਾ ਕਿ ਕਪਤਾਨੀ ਦੀ ਜ਼ਿੰਮੇਵਾਰੀ ਖ਼ਤਮ ਹੋ ਰਹੀ ਹੈ, ਪਰ ਉਨ੍ਹਾਂ ਦਾ ਕ੍ਰਿਕਟ ਸਫ਼ਰ ਜਾਰੀ ਰਹੇਗਾ। ਉਨ੍ਹਾਂ ਇਹ ਵੀ ਕਿਹਾ ਕਿ ਉਹ ਭਰੇ ਮਨ ਨਾਲ ਪਰ ਪੂਰੇ ਸਕੂਨ ਨਾਲ ਕਪਤਾਨੀ ਛੱਡ ਰਹੀ ਹਨ, ਕਿਉਂਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਭਾਰਤੀ ਮਹਿਲਾ ਟੀਮ ਇਸ ਸਮੇਂ ਚੰਗੀ ਸਥਿਤੀ ਵਿੱਚ ਹੈ।

ਹਰਮਨਪ੍ਰੀਤ ਦੀ ਕਪਤਾਨੀ ਵਿੱਚ ਭਾਰਤੀ ਮਹਿਲਾ ਟੀਮ ਨੇ ਕਈ ਮਹੱਤਵਪੂਰਨ ਉਪਲਬਧੀਆਂ ਹਾਸਲ ਕੀਤੀਆਂ। ਉਨ੍ਹਾਂ ਦੀ ਅਗਵਾਈ ਹੇਠ ਭਾਰਤ ਨੇ ਪਿਛਲੇ ਸਾਲ ਨਵੰਬਰ ਵਿੱਚ ਆਪਣਾ ਪਹਿਲਾ ਇਕ ਰੋਜ਼ਾ ਵਿਸ਼ਵ ਕੱਪ ਜਿੱਤਿਆ ਸੀ। ਇਸ ਤੋਂ ਇਲਾਵਾ ਟੀ-20 ਫਾਰਮੈਟ ਵਿੱਚ ਭਾਰਤੀ ਟੀਮ ਨੇ ਲਗਾਤਾਰ ਦੂਜੀ ਵਾਰ ਏਸ਼ਿਆਈ ਖੇਡਾਂ ਵਿੱਚ ਸੋਨ ਤਗਮਾ ਹਾਸਲ ਕੀਤਾ।

ਹਰਮਨਪ੍ਰੀਤ ਖੁਦ ਵੀ ਭਾਰਤੀ ਮਹਿਲਾ ਕ੍ਰਿਕਟ ਦੀਆਂ ਪ੍ਰਮੁੱਖ ਖਿਡਾਰਨਾਂ ਵਿੱਚੋਂ ਇੱਕ ਰਹੀ ਹੈ। 2017 ਦੇ ਵਿਸ਼ਵ ਕੱਪ ਵਿੱਚ ਆਸਟਰੇਲੀਆ ਖ਼ਿਲਾਫ਼ ਸੈਮੀਫਾਈਨਲ ਵਿੱਚ ਉਨ੍ਹਾਂ ਨੇ ਨਾਬਾਦ 171 ਦੌੜਾਂ ਦੀ ਯਾਦਗਾਰ ਪਾਰੀ ਖੇਡੀ ਸੀ। ਉਹ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸੈਂਕੜਾ ਲਗਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਵੀ ਹਨ।

ਸਾਲ 2026 ਵਿੱਚ ਹਰਮਨਪ੍ਰੀਤ ਨੇ ਪੁਰਸ਼ ਜਾਂ ਮਹਿਲਾ ਕ੍ਰਿਕਟ ਵਿੱਚ 200 ਅੰਤਰਰਾਸ਼ਟਰੀ ਟੀ-20 ਮੈਚ ਖੇਡਣ ਵਾਲੀ ਦੁਨੀਆ ਦੀ ਪਹਿਲੀ ਕ੍ਰਿਕਟਰ ਬਣਨ ਦਾ ਮਾਣ ਹਾਸਲ ਕੀਤਾ। ਫਰਵਰੀ 2026 ਵਿੱਚ 356ਵਾਂ ਅੰਤਰਰਾਸ਼ਟਰੀ ਮੈਚ ਖੇਡ ਕੇ ਉਨ੍ਹਾਂ ਨੇ ਮਹਿਲਾ ਕ੍ਰਿਕਟ ਵਿੱਚ ਸਭ ਤੋਂ ਵੱਧ ਅੰਤਰਰਾਸ਼ਟਰੀ ਮੈਚ ਖੇਡਣ ਦਾ ਰਿਕਾਰਡ ਵੀ ਆਪਣੇ ਨਾਮ ਕੀਤਾ।

ਸਤੰਬਰ 2026 ਵਿੱਚ ਹਰਮਨਪ੍ਰੀਤ ਨੇ ਇੱਕ ਹੋਰ ਵੱਡਾ ਰਿਕਾਰਡ ਆਪਣੇ ਨਾਮ ਕੀਤਾ ਅਤੇ ਉਹ ਦੁਨੀਆ ਦੀ ਪਹਿਲੀ ਖਿਡਾਰੀ ਬਣੀ, ਜਿਸ ਨੇ 150 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਕਪਤਾਨੀ ਕੀਤੀ। ਉਨ੍ਹਾਂ ਨੂੰ 2017 ਵਿੱਚ ਖੇਡਾਂ ਦੇ ਵੱਕਾਰੀ ਅਰਜੁਨ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਕਪਤਾਨੀ ਤੋਂ ਅਸਤੀਫ਼ਾ ਦੇਣ ਦੇ ਬਾਵਜੂਦ ਹਰਮਨਪ੍ਰੀਤ ਕੌਰ ਭਾਰਤੀ ਮਹਿਲਾ ਕ੍ਰਿਕਟ ਟੀਮ ਨਾਲ ਇੱਕ ਖਿਡਾਰੀ ਵਜੋਂ ਆਪਣਾ ਸਫ਼ਰ ਜਾਰੀ ਰੱਖੇਗੀ।

Exit mobile version