Google search engine
Home Global 183 ਦੇਸ਼ਾਂ ਦੇ ਇੱਕ ਲੱਖ ਤੋਂ ਵੱਧ ਉਮੀਦਵਾਰਾਂ ਵਿੱਚੋਂ ਪਟਿਆਲਾ ਦੇ ਕਬੀਰ...

183 ਦੇਸ਼ਾਂ ਦੇ ਇੱਕ ਲੱਖ ਤੋਂ ਵੱਧ ਉਮੀਦਵਾਰਾਂ ਵਿੱਚੋਂ ਪਟਿਆਲਾ ਦੇ ਕਬੀਰ ਸ਼ੇਰਗਿੱਲ ਨੇ ਰਚਿਆ ਇਤਿਹਾਸ

ਜੌਨ ਲੌਕ ਇੰਸਟੀਚਿਊਟ ਦੇ ਗਲੋਬਲ ਲੇਖ ਮੁਕਾਬਲੇ ਵਿੱਚ ਜੂਨੀਅਰ ਵਰਗ ਦੇ ਇਤਿਹਾਸ ਵਿਸ਼ੇ ’ਚ ਤੀਜਾ ਸਥਾਨ; ਆਕਸਫੋਰਡ ਸਮਰ ਪ੍ਰੋਗਰਾਮ ਲਈ ਮਿਲੀ ਵਜ਼ੀਫ਼ਾ

ਪਟਿਆਲਾ – ਯਾਦਵਿੰਦਰਾ ਪਬਲਿਕ ਸਕੂਲ, ਪਟਿਆਲਾ ਦੇ ਵਿਦਿਆਰਥੀ ਕਬੀਰ ਸਿੰਘ ਸ਼ੇਰਗਿੱਲ ਨੇ ਜੌਨ ਲੌਕ ਇੰਸਟੀਚਿਊਟ ਦੇ ਗਲੋਬਲ ਲੇਖ ਮੁਕਾਬਲੇ ਦੇ ਜੂਨੀਅਰ ਵਰਗ ਵਿੱਚ ਇਤਿਹਾਸ ਵਿਸ਼ੇ ’ਚ ਇਨਾਮ ਜਿੱਤ ਕੇ ਦੇਸ਼ ਦਾ ਨਾਮ ਵਿਸ਼ਵ ਪੱਧਰ ’ਤੇ ਰੌਸ਼ਨ ਕੀਤਾ ਹੈ। ਕਬੀਰ ਇਹ ਉਪਲੱਬਧੀ ਹਾਸਲ ਕਰਨ ਵਾਲਾ ਭਾਰਤ ਦਾ ਪਹਿਲਾ ਵਿਦਿਆਰਥੀ ਬਣ ਗਿਆ ਹੈ।

ਪਿਛਲੇ ਹਫ਼ਤੇ ਲੰਡਨ ਵਿੱਚ ਕਰਵਾਏ ਗਏ ਇਨਾਮ ਵੰਡ ਸਮਾਰੋਹ ਦੌਰਾਨ ਕਬੀਰ ਨੇ ਤੀਜਾ ਸਥਾਨ ਹਾਸਲ ਕੀਤਾ। ਉਸ ਨੂੰ ਜੌਨ ਲੌਕ ਇੰਸਟੀਚਿਊਟ ਦੇ ਡਾਇਰੈਕਟਰ ਜਨਰਲ ਮਾਰਟਿਨ ਕੋਕਸ ਵੱਲੋਂ ਇਨਾਮ ਪ੍ਰਦਾਨ ਕੀਤਾ ਗਿਆ। ਇਸ ਉਪਲੱਬਧੀ ਨਾਲ ਕਬੀਰ ਭਾਰਤ ਦੇ ਉਨ੍ਹਾਂ ਚਾਰ ਚੋਣਵੇਂ ਜੇਤੂਆਂ ਵਿੱਚ ਸ਼ਾਮਲ ਹੋ ਗਿਆ ਹੈ ਜਿਨ੍ਹਾਂ ਨੇ ਇਸ ਮੁਕਾਬਲੇ ਵਿੱਚ ਪਹਿਲਾਂ ਜਿੱਤ ਦਰਜ ਕੀਤੀ ਹੈ।

ਇਸ ਸਾਲ ਹੋਏ ਇਸ ਵੱਕਾਰੀ ਮੁਕਾਬਲੇ ਵਿੱਚ 183 ਦੇਸ਼ਾਂ ਤੋਂ ਕੁੱਲ 1,00,227 ਉਮੀਦਵਾਰਾਂ ਨੇ ਹਿੱਸਾ ਲਿਆ ਸੀ। ਮੁਕਾਬਲੇ ਵਿੱਚ ਸਫ਼ਲਤਾ ਹਾਸਲ ਕਰਨ ਦੇ ਨਾਲ ਕਬੀਰ ਨੂੰ ਆਕਸਫੋਰਡ ਵਿਖੇ ਗਰਮੀਆਂ ਦੇ ਵਿਸ਼ੇਸ਼ ਅਕਾਦਮਿਕ ਪ੍ਰੋਗਰਾਮ ਲਈ ਵਜ਼ੀਫ਼ਾ ਵੀ ਮਿਲਿਆ ਹੈ।

ਕਬੀਰ ਨੇ ਲੰਡਨ ਵਿੱਚ ਜੌਨ ਲੌਕ ਇੰਸਟੀਚਿਊਟ ਦੀ ਤਿੰਨ ਰੋਜ਼ਾ ਵਿਸ਼ੇਸ਼ ਅਕਾਦਮਿਕ ਕਾਨਫਰੰਸ ਅਤੇ ਇਨਾਮ ਸਮਾਰੋਹ ਵਿੱਚ ਦੁਨੀਆ ਭਰ ਤੋਂ ਪਹੁੰਚੇ ਫਾਈਨਲਿਸਟਾਂ ਨਾਲ ਹਿੱਸਾ ਲਿਆ। ਇਸ ਸਮਾਗਮ ਵਿੱਚ ਬਰਾਊਨ ਯੂਨੀਵਰਸਿਟੀ ਦੇ ਦਾਖ਼ਲਾ ਵਿਭਾਗ ਦੇ ਡੀਨ ਅਤੇ ਆਕਸਫੋਰਡ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਸਮੇਤ ਕਈ ਪ੍ਰਮੁੱਖ ਅਕਾਦਮਿਕ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ।

ਚੇ ਗਵੇਰਾ ਦੀ ਤਸਵੀਰ ’ਤੇ ਕੀਤਾ ਇਤਿਹਾਸਕ ਵਿਸ਼ਲੇਸ਼ਣ

ਕਬੀਰ ਦੇ ਜੇਤੂ ਲੇਖ ਦਾ ਵਿਸ਼ਾ ਸੀ ਕਿ ਕੀ ਚੇ ਗਵੇਰਾ ਆਪਣੀ ਟੀ-ਸ਼ਰਟ ’ਤੇ ਛਪੀ ਪ੍ਰਸਿੱਧ ਤਸਵੀਰ ਵਾਲੇ ਸੱਭਿਆਚਾਰਕ ਪ੍ਰਤੀਕ ਦੇ ਰੂਪ ਵਿੱਚ ਪੇਸ਼ ਕੀਤੇ ਜਾਣ ਦਾ ਹੱਕਦਾਰ ਹੈ। ਆਪਣੇ ਲੇਖ ਵਿੱਚ ਉਸ ਨੇ ਦਲੀਲ ਦਿੱਤੀ ਕਿ ਚੇ ਗਵੇਰਾ ਦੀ ਇਹ ਬੇਹੱਦ ਜਾਣੀ-ਪਛਾਣੀ ਤਸਵੀਰ ਉਸ ਦੀ ਅਸਲ ਸ਼ਖ਼ਸੀਅਤ ਅਤੇ ਵਿਚਾਰਧਾਰਾ ਨੂੰ ਦਰਸਾਉਣ ਦੀ ਬਜਾਏ ਉਸ ਨੂੰ ਇੱਕ ਸਰਲ ਸੱਭਿਆਚਾਰਕ ਪ੍ਰਤੀਕ ਵਿੱਚ ਬਦਲ ਦਿੰਦੀ ਹੈ।

ਨਵੀਂ ਦਿੱਲੀ ਦੇ ਇੱਕ ਅਜਾਇਬ ਘਰ ਵਿੱਚ ਕੀਤੀ ਆਪਣੀ ਖੋਜ ਦੇ ਹਵਾਲੇ ਨਾਲ ਕਬੀਰ ਨੇ ਇਸ ਤਸਵੀਰ ਦੀ ਤੁਲਨਾ ਵਾਇਸਰਾਏ ਦੇ ਉਨ੍ਹਾਂ ਚਿੱਤਰਾਂ ਨਾਲ ਕੀਤੀ, ਜਿਨ੍ਹਾਂ ਰਾਹੀਂ ਇਤਿਹਾਸਕ ਘਟਨਾਵਾਂ ਦਾ ਸਿਰਫ਼ ਇੱਕ ਪੱਖ ਸਾਹਮਣੇ ਆਉਂਦਾ ਹੈ।

ਕਬੀਰ ਨੇ ਆਪਣੇ ਲੇਖ ਵਿੱਚ ਸਿੱਟਾ ਕੱਢਿਆ ਕਿ ਟੀ-ਸ਼ਰਟ ’ਤੇ ਛਪੀ ਚੇ ਗਵੇਰਾ ਦੀ ਤਸਵੀਰ ਉਸ ਇਨਕਲਾਬੀ ਨੂੰ ਸ਼ਰਧਾਂਜਲੀ ਦੇਣ ਦੀ ਬਜਾਏ ਉਪਭੋਗਤਾਵਾਦ ਦਾ ਪ੍ਰਤੀਕ ਬਣ ਕੇ ਰਹਿ ਗਈ ਹੈ।

ਆਪਣੀ ਸਫ਼ਲਤਾ ਬਾਰੇ ਕਬੀਰ ਨੇ ਕਿਹਾ ਕਿ ਜਦੋਂ ਲੰਡਨ ਵਿੱਚ ਉਸ ਦਾ ਨਾਮ ਜੇਤੂ ਵਜੋਂ ਪੁਕਾਰਿਆ ਗਿਆ ਤਾਂ ਉਸ ਨੂੰ ਕੁਝ ਪਲਾਂ ਲਈ ਯਕੀਨ ਹੀ ਨਹੀਂ ਹੋਇਆ। ਉਸ ਨੇ ਕਿਹਾ ਕਿ ਮੁਕਾਬਲਾ ਬਹੁਤ ਸਖ਼ਤ ਸੀ ਅਤੇ ਉਸ ਨੂੰ ਜਿੱਤਣ ਦੀ ਉਮੀਦ ਨਹੀਂ ਸੀ।

ਕਬੀਰ ਨੇ ਕਿਹਾ ਕਿ ਦੁਨੀਆ ਭਰ ਦੇ ਉੱਘੇ ਅਕਾਦਮਿਕ ਮਾਹਰਾਂ ਅਤੇ ਵਿਦਿਆਰਥੀਆਂ ਨਾਲ ਤਿੰਨ ਦਿਨ ਬਿਤਾਉਣਾ, ਆਗੂਪਣ ਅਤੇ ਸਮਕਾਲੀ ਮੁੱਦਿਆਂ ਬਾਰੇ ਵਿਚਾਰ-ਵਟਾਂਦਰਾ ਕਰਨਾ ਉਸ ਲਈ ਅਜਿਹਾ ਤਜਰਬਾ ਹੈ ਜਿਸ ਨੂੰ ਉਹ ਜ਼ਿੰਦਗੀ ਭਰ ਯਾਦ ਰੱਖੇਗਾ। ਉਸ ਨੇ ਇਸ ਉਪਲੱਬਧੀ ਲਈ ਆਪਣੇ ਅਧਿਆਪਕਾਂ ਅਤੇ ਪਰਿਵਾਰ ਦਾ ਸਹਿਯੋਗ ਲਈ ਧੰਨਵਾਦ ਕੀਤਾ।

ਦਸ ਵਿਸ਼ਿਆਂ ’ਚ ਮੌਲਿਕ ਵਿਚਾਰ ਪੇਸ਼ ਕਰਨ ਦਾ ਮੌਕਾ

ਆਕਸਫੋਰਡ ਸਥਿਤ ਜੌਨ ਲੌਕ ਇੰਸਟੀਚਿਊਟ ਵੱਲੋਂ ਸਕੂਲੀ ਵਿਦਿਆਰਥੀਆਂ ਨੂੰ ਦਰਸ਼ਨ, ਰਾਜਨੀਤੀ, ਅਰਥ ਸ਼ਾਸਤਰ, ਇਤਿਹਾਸ ਅਤੇ ਕਾਨੂੰਨ ਸਮੇਤ ਦਸ ਵੱਖ-ਵੱਖ ਵਿਸ਼ਿਆਂ ’ਤੇ ਮੌਲਿਕ ਦਲੀਲਾਂ ਅਤੇ ਵਿਚਾਰ ਪੇਸ਼ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।

ਇੰਸਟੀਚਿਊਟ ਦੇ ਬੋਰਡ ਆਫ਼ ਐਗਜ਼ਾਮੀਨਰਜ਼ ਦੇ ਚੇਅਰਮੈਨ ਪ੍ਰੋਫੈਸਰ ਟੇਰੈਂਸ ਕੀਲੇ ਨੇ ਇਸ ਮੁਕਾਬਲੇ ਨੂੰ ਦੁਨੀਆ ਦਾ ਸਭ ਤੋਂ ਵੱਕਾਰੀ ਲੇਖ ਮੁਕਾਬਲਾ ਕਰਾਰ ਦਿੱਤਾ ਹੈ।

ਮੁਕਾਬਲੇ ਵਿੱਚ ਭੇਜੇ ਜਾਣ ਵਾਲੇ ਲੇਖਾਂ ਦੀ ਜਾਂਚ ਗੁਪਤ ਤਰੀਕੇ ਨਾਲ ਕੀਤੀ ਜਾਂਦੀ ਹੈ। ਇਸ ਪ੍ਰਕਿਰਿਆ ਵਿੱਚ ਕੈਂਬਰਿਜ, ਹਾਰਵਰਡ, ਪ੍ਰਿੰਸਟਨ ਅਤੇ ਸਟੈਨਫੋਰਡ ਸਮੇਤ ਦੁਨੀਆ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਦੇ ਸੀਨੀਅਰ ਅਕਾਦਮਿਕ ਮਾਹਰ ਸ਼ਾਮਲ ਹੁੰਦੇ ਹਨ। ਇੰਨੇ ਵੱਡੇ ਪੱਧਰ ’ਤੇ ਹੋਏ ਮੁਕਾਬਲੇ ਵਿੱਚ ਤੀਜਾ ਸਥਾਨ ਹਾਸਲ ਕਰਕੇ ਕਬੀਰ ਸ਼ੇਰਗਿੱਲ ਨੇ ਪਟਿਆਲਾ ਅਤੇ ਭਾਰਤ ਲਈ ਵੱਡੀ ਅਕਾਦਮਿਕ ਉਪਲੱਬਧੀ ਦਰਜ ਕੀਤੀ ਹੈ।

Exit mobile version