ਸਾਬਕਾ ਅੰਤਰਰਾਸ਼ਟਰੀ ਹਾਕੀ ਖਿਡਾਰੀ ਤਜਿੰਦਰ ਸਿੰਘ ਔਜਲਾ ਅਤੇ ਕੈਨੇਡਾ ਦੇ ਸਾਬਕਾ ਚੀਫ ਕੋਚ ਸ਼ਿਵ ਵੀਰਾ ਨੇ ਪੰਜਾਬ ਹਾਕੀ ਦੇ ਵਿਕਾਸ ਲਈ ਦਿੱਤੇ ਅਹਿਮ ਸੁਝਾਅ
ਸਿਆਟਲ ਤੋਂ ਜਗਰੂਪ ਸਿੰਘ ਜਰਖੜ ਦੀ ਵਿਸ਼ੇਸ਼ ਰਿਪੋਰਟ
ਏਸੀਅਨ ਖੇਡਾਂ ਵਿੱਚ ਭਾਰਤ ਦੀਆਂ ਮਰਦਾਂ ਤੇ ਇਸਤਰੀਆਂ ਦੀਆਂ ਸੋਨ ਤਮਗ਼ਾ ਜੇਤੂ ਟੀਮਾਂ ਨੂੰ ਵਧਾਈ ਦਿੰਦਿਆਂ ਆਖਿਆ ਭਾਰਤ ਦੀ ਹਾਕੀ ਦਾ ਇਤਿਹਾਸ ਪੰਜਾਬੀਆਂ ਤੋਂ ਬਿਨਾਂ ਅਧੂਰਾ ਹੈ। ਜੇਕਰ ਪੰਜਾਬ ਦੀ ਧਰਤੀ ਤੋਂ ਹਾਕੀ ਖਿਡਾਰੀ ਨਾ ਨਿਕਲਣ ਤਾਂ ਭਾਰਤੀ ਹਾਕੀ ਟੀਮ ਦਾ ਵਜੂਦ ਹੀ ਖਤਮ ਹੋ ਜਾਵੇਗਾ। ਇਸ ਲਈ ਪੰਜਾਬ ਸਰਕਾਰ ਨੂੰ ਪੰਜਾਬ ਦੀ ਹਾਕੀ ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਕਿਉਂਕਿ ਪੰਜਾਬ ਦੀ ਹਾਕੀ ਵਿੱਚ ਹੇਠਲੇ ਪੱਧਰ ਤੇ ਦਿਨੋ ਦਿਨ ਹਾਕੀ ਦਾ ਨਿਘਾਰ ਹੋ ਰਿਹਾ ਹੈ
ਇਹ ਵਿਚਾਰ ਸਾਬਕਾ ਅੰਤਰਰਾਸ਼ਟਰੀ ਹਾਕੀ ਖਿਡਾਰੀ ਬੀ.ਐਸ.ਐਫ ਦੇ ਤਜਿੰਦਰ ਸਿੰਘ ਔਜਲਾ ਉਰਫ ਤੇਜੀ ਨੇ ਖੇਡ ਲੇਖਕ ਜਗਰੂਪ ਸਿੰਘ ਜਰਖੜ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਪ੍ਰਗਟ ਕੀਤੇ।
ਉਹਨਾਂ ਕਿਹਾ ਕਿ ਅੱਜ ਪੰਜਾਬ ਦੇ ਵਿੱਚ ਹਾਕੀ ਦਾ ਢਾਂਚਾ ਕਮਜ਼ੋਰ ਹੁੰਦਾ ਜਾ ਰਿਹਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਸਰਕਾਰੀ ਤੌਰ ਤੇ ਘੱਟੋ-ਘੱਟ ਇੱਕ ਅਤਿ-ਆਧੁਨਿਕ ਹਾਕੀ ਸੈਂਟਰ ਸਥਾਪਿਤ ਕੀਤਾ ਜਾਵੇ, ਜਿੱਥੇ ਐਸਟਰੋਟਰਫ, ਹੋਸਟਲ ਅਤੇ ਚੰਗੇ ਕੋਚਾਂ ਦੀ ਸਹੂਲਤ ਹੋਵੇ।
ਬੱਚਿਆਂ ਦੀਆਂ ਉਮਰਾਂ ਦਾ ਮਸਲਾ ਗੰਭੀਰ*
ਤੇਜੀ ਔਜਲਾ ਨੇ ਇੱਕ ਬਹੁਤ ਹੀ ਅਹਿਮ ਮੁੱਦਾ ਉਠਾਉਂਦਿਆਂ ਕਿਹਾ ਕਿ ਪੰਜਾਬ ਵਿੱਚ ਬੱਚਿਆਂ ਦੀਆਂ ਜਨਮ ਤਰੀਕਾਂ ਸਹੀ ਰੱਖਣੀਆਂ ਬਹੁਤ ਜ਼ਰੂਰੀ ਹਨ। ਅੱਜ ਛੋਟੀ ਉਮਰ ਵਿੱਚ ਤਗਮਾ ਜਿੱਤਣ ਦੀ ਹੋੜ ਵਿੱਚ ਅਸੀਂ ਬੱਚਿਆਂ ਦੀ ਉਮਰ ਘਟਾ ਦਿੰਦੇ ਹਾਂ, ਜਿਸ ਨਾਲ ਉਹ 19-20 ਸਾਲ ਦੀ ਉਮਰ ਵਿੱਚ ਹੀ ਖਤਮ ਹੋ ਜਾਂਦੇ ਹਨ। ਜੇਕਰ ਜਨਮ ਤਰੀਕ ਸਹੀ ਹੋਵੇਗੀ ਤਾਂ ਸਾਡਾ ਖਿਡਾਰੀ ਅੰਤਰਰਾਸ਼ਟਰੀ ਪੱਧਰ ਤੇ 28-32 ਸਾਲ ਤੱਕ ਦੇਸ਼ ਦੀ ਸੇਵਾ ਕਰ ਸਕਦਾ ਹੈ, ਜਿਵੇਂ ਵਿਦੇਸ਼ੀ ਖਿਡਾਰੀ ਕਰਦੇ ਹਨ।
ਕੈਨੇਡਾ ਦੇ ਸਾਬਕਾ ਚੀਫ ਕੋਚ ਸ਼ਿਵ ਵੀਰਾ ਦਾ ਸੁਝਾਅ*
ਇਸ ਮੌਕੇ ਕੈਨੇਡਾ ਦੇ ਸਾਬਕਾ ਚੀਫ ਕੋਚ ਸ਼ਿਵ ਵੀਰਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਅੰਤਰਰਾਸ਼ਟਰੀ ਪੱਧਰ ਦੇ ਕੋਚਿੰਗ ਕੈਂਪ ਲੱਗਣੇ ਚਾਹੀਦੇ ਹਨ। ਇਹਨਾਂ ਕੈਂਪਾਂ ਵਿੱਚ ਸਿਰਫ ਖਿਡਾਰੀਆਂ ਨੂੰ ਹੀ ਨਹੀਂ, ਸਗੋਂ ਪੰਜਾਬ ਦੇ ਸਥਾਨਕ ਕੋਚਾਂ ਨੂੰ ਵੀ ਅੰਤਰਰਾਸ਼ਟਰੀ ਪੱਧਰ ਦੀ ਟ੍ਰੇਨਿੰਗ ਦਿੱਤੀ ਜਾਵੇ, ਤਾਂ ਜੋ ਉਹ ਆਧੁਨਿਕ ਹਾਕੀ ਦੀਆਂ ਬਾਰੀਕੀਆਂ ਸਿੱਖ ਸਕਣ।
ਦੋਹਾਂ ਆਗੂਆਂ ਸ: ਤੇਜੀ ਔਜਲਾ ਅਤੇ ਸ਼ਿਵ ਵੀਰਾ ਜੱਗਦੇ ਨੇ ਪੰਜਾਬ ਹਾਕੀ ਦੇ ਸੁਧਾਰ ਲਈ ਹੋਰ ਅਹਿਮ ਸੁਝਾਅ ਦਿੰਦਿਆਂ ਦੱਸਿਆ ਕਿ
1. ਹਾਕੀ ਨੂੰ ਸਕੂਲ ਪੱਧਰ ਤੇ ਲਾਜ਼ਮੀ:* ਸਰਕਾਰੀ ਸਕੂਲਾਂ ਵਿੱਚ ਹਾਕੀ ਨੂੰ ਦੁਬਾਰਾ ਸ਼ੁਰੂ ਕੀਤਾ ਜਾਵੇ ਅਤੇ ਇੰਟਰ-ਸਕੂਲ ਲੀਗ ਕਰਵਾਈ ਜਾਵੇ।
2. ਖਿਡਾਰੀਆਂ ਲਈ ਸਰਕਾਰੀ ਨੌਕਰੀ:* ਜਿਵੇਂ ਪੁਰਾਣੇ ਸਮਿਆਂ ਵਿੱਚ ਪੰਜਾਬ ਪੁਲਿਸ, ਬੀ.ਐਸ.ਐਫ ਅਤੇ ਰੇਲਵੇ ਵਿੱਚ ਹਾਕੀ ਖਿਡਾਰੀਆਂ ਨੂੰ ਸਿੱਧੀ ਭਰਤੀ ਕੀਤਾ ਜਾਂਦਾ ਸੀ, ਉਹ ਨੀਤੀ ਦੁਬਾਰਾ ਸ਼ੁਰੂ ਕੀਤੀ ਜਾਵੇ।
3. ਸਿੰਥੈਟਿਕ ਟਰਫਾਂ ਦੀ ਸਾਂਭ ਸੰਭਾਲ:* ਪੰਜਾਬ ਵਿੱਚ ਜੋ ਐਸਟਰੋਟਰਫ ਲੱਗੀਆਂ ਹਨ, ਉਹਨਾਂ ਦੀ ਸਾਂਭ ਸੰਭਾਲ ਨਹੀਂ ਹੁੰਦੀ। ਇਹਨਾਂ ਲਈ ਵੱਖਰਾ ਬਜਟ ਅਤੇ ਸਟਾਫ ਰੱਖਿਆ ਜਾਵੇ।
4. ਡਾਈਟ ਅਤੇ ਵਿਦੇਸ਼ੀ ਦੌਰੇ:* ਜੂਨੀਅਰ ਖਿਡਾਰੀਆਂ ਨੂੰ ਚੰਗੀ ਖੁਰਾਕ ਅਤੇ ਹਰ ਸਾਲ ਘੱਟੋ-ਘੱਟ ਇੱਕ ਵਿਦੇਸ਼ੀ ਦੌਰਾ ਦਿੱਤਾ ਜਾਵੇ ਤਾਂ ਜੋ ਉਹਨਾਂ ਦਾ ਮਨੋਬਲ ਉੱਚਾ ਹੋਵੇ।
ਅੰਤ ਵਿੱਚ ਦੋਵਾਂ ਮਾਹਰਾਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਇਹਨਾਂ ਸੁਝਾਵਾਂ ਤੇ ਅਮਲ ਕਰੇ ਤਾਂ ਪੰਜਾਬ ਦੀ ਹਾਕੀ ਫਿਰ ਤੋਂ ਆਪਣੇ ਸੁਨਹਿਰੀ ਦੌਰ ਵਿੱਚ ਪਰਤ ਸਕਦੀ ਹੈ ਅਤੇ ਭਾਰਤ ਨੂੰ ਹੋਰ ਵੀ ਬਹੁਤ ਸਾਰੇ ਉਲੰਪੀਅਨ ਦੇ ਸਕਦੀ ਹੈ।
ਇਸ ਮੌਕੇ ਸ: ਔਜਲਾ ਅਤੇ ਸ਼ਿਵ ਵੀਰਾ ਜੱਗਦੇ ਦਾ ਖੇਡ ਪ੍ਰਮੋਟਰ ਜਗਰੂਪ ਸਿੰਘ ਜਰਖੜ ਨੇ ਵਿਸ਼ੇਸ਼ ਸਨਮਾਨ ਵੀ ਕੀਤਾ |




