ਮੁੱਖ ਮੰਤਰੀ ਦੇ ਅਸਤੀਫ਼ੇ, ਡੀਜੀਪੀ ਦੀ ਬਰਖ਼ਾਸਤਗੀ ਅਤੇ ਸੀਬੀਆਈ ਜਾਂਚ ਦੀ ਮੰਗ ’ਤੇ ਅੜਿਆ ਪਰਿਵਾਰ; ਬੱਚਿਆਂ ਲਈ ਸ਼੍ਰੋਮਣੀ ਕਮੇਟੀ ਦੀ ਵਿੱਤੀ ਸਹਾਇਤਾ ਦੀ ਪੇਸ਼ਕਸ਼ ਵੀ ਠੁਕਰਾਈ
ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਮਾਨਸਾ ਵਿੱਚ ਚੱਲ ਰਿਹਾ ਧਰਨਾ ਪੰਜਵੇਂ ਦਿਨ ਵੀ ਜਾਰੀ ਰਿਹਾ। ਪਰਿਵਾਰ ਨੇ ਪ੍ਰਸ਼ਾਸਨ ਦੀਆਂ ਅਪੀਲਾਂ ਦੇ ਬਾਵਜੂਦ ਆਪਣੇ ਪੁੱਤਰ ਦੀ ਦੇਹ ਲੈਣ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਸ਼ਨਿੱਚਰਵਾਰ ਨੂੰ ਵੀ ਉਸ ਦਾ ਸਸਕਾਰ ਨਹੀਂ ਹੋ ਸਕਿਆ। ਪਰਿਵਾਰ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਹ ਅੰਤਿਮ ਸੰਸਕਾਰ ਨਹੀਂ ਕਰਨਗੇ। ਜ਼ਬਰਦਸਤੀ ਸਸਕਾਰ ਕੀਤੇ ਜਾਣ ਦੇ ਖ਼ਦਸ਼ੇ ਕਾਰਨ ਨਿਹੰਗ ਸਿੰਘ ਹਸਪਤਾਲ ਦੇ ਮੁਰਦਾਘਰ ਦੇ ਬਾਹਰ ਪਹਿਰਾ ਦੇ ਰਹੇ ਹਨ।
ਮਾਨਸਾ ਸ਼ਹਿਰ ਵਿੱਚ ਥਾਂ-ਥਾਂ ਪੁਲੀਸ ਬਲ ਤਾਇਨਾਤ ਹੋਣ ਦੇ ਬਾਵਜੂਦ ਧਰਨੇ ਵਿੱਚ ਲੋਕਾਂ ਦੇ ਪਹੁੰਚਣ ਦਾ ਸਿਲਸਿਲਾ ਜਾਰੀ ਹੈ। ਪੰਜਾਬ ਤੋਂ ਇਲਾਵਾ ਰਾਜਸਥਾਨ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਤੋਂ ਵੀ ਲੋਕ ਆਪਣੇ ਪਰਿਵਾਰਾਂ ਸਮੇਤ ਧਰਨੇ ਵਿੱਚ ਸ਼ਾਮਲ ਹੋਣ ਲਈ ਪਹੁੰਚ ਰਹੇ ਹਨ। ਪ੍ਰਦਰਸ਼ਨਕਾਰੀਆਂ ਵੱਲੋਂ ਧਰਨਾਕਾਰੀਆਂ ਲਈ ਰਾਸ਼ਨ, ਪਾਣੀ ਅਤੇ ਵਾਹਨਾਂ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ। ਧਰਨੇ ਵਾਲੀ ਥਾਂ ’ਤੇ ਲਗਾਤਾਰ ਇਨਸਾਫ਼ ਦੀ ਮੰਗ ਉੱਠ ਰਹੀ ਹੈ।
ਪਰਵਿੰਦਰ ਸਿੰਘ ਦੇ ਪਿਤਾ ਭੀਮ ਸਿੰਘ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਮੁੜ ਦੁਹਰਾਇਆ ਕਿ ਜਦੋਂ ਤੱਕ ਮੁੱਖ ਮੰਤਰੀ ਭਗਵੰਤ ਮਾਨ ਅਸਤੀਫ਼ਾ ਨਹੀਂ ਦਿੰਦੇ, ਡੀਜੀਪੀ ਨੂੰ ਅਹੁਦੇ ਤੋਂ ਬਰਖ਼ਾਸਤ ਨਹੀਂ ਕੀਤਾ ਜਾਂਦਾ ਅਤੇ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪਣ ਦੇ ਹੁਕਮ ਨਹੀਂ ਦਿੱਤੇ ਜਾਂਦੇ, ਉਦੋਂ ਤੱਕ ਉਹ ਆਪਣੇ ਪੁੱਤਰ ਦਾ ਸਸਕਾਰ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਭਾਵੇਂ ਉਨ੍ਹਾਂ ਦੇ ਪੁੱਤਰ ਦੀ ਦੇਹ ਦੀ ਥਾਂ ਸਿਰਫ਼ ਹੱਡੀਆਂ ਹੀ ਕਿਉਂ ਨਾ ਰਹਿ ਜਾਣ, ਉਹ ਆਪਣੀਆਂ ਮੰਗਾਂ ਪੂਰੀਆਂ ਹੋਣ ਤੱਕ ਅੰਤਿਮ ਸੰਸਕਾਰ ਨਹੀਂ ਕਰਨਗੇ।
ਭੀਮ ਸਿੰਘ ਨੇ ਮਾਨਸਾ ਦੇ ਅਗਰਵਾਲ ਭਾਈਚਾਰੇ ਨੂੰ ਦਸਹਿਰਾ ਨਾ ਮਨਾਉਣ ਦੇ ਫ਼ੈਸਲੇ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਦਸਹਿਰਾ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ ਅਤੇ ਸਾਲ ਵਿੱਚ ਇੱਕ ਵਾਰ ਆਉਣ ਵਾਲੇ ਇਸ ਤਿਉਹਾਰ ਨੂੰ ਜ਼ਰੂਰ ਮਨਾਇਆ ਜਾਣਾ ਚਾਹੀਦਾ ਹੈ।
ਧਰਨੇ ਵਿੱਚ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪਰਵਿੰਦਰ ਸਿੰਘ ਦੀ ਤਸਵੀਰ ਅਜਾਇਬ ਘਰ ਵਿੱਚ ਲਾਉਣ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਪਰਵਿੰਦਰ ਸਿੰਘ ਦੇ ਬੱਚਿਆਂ ਦੇ ਨਾਂ ’ਤੇ 10-10 ਲੱਖ ਰੁਪਏ ਦੀਆਂ ਸਥਾਈ ਜਮ੍ਹਾਂ ਰਕਮਾਂ ਕਰਵਾਉਣ ਦੀ ਪੇਸ਼ਕਸ਼ ਵੀ ਕੀਤੀ। ਪਰਵਿੰਦਰ ਦੇ ਪਿਤਾ ਭੀਮ ਸਿੰਘ ਨੇ ਇਹ ਵਿੱਤੀ ਸਹਾਇਤਾ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਪਰਿਵਾਰ ਦਾ ਜ਼ੋਰ ਰਿਹਾ ਕਿ ਉਨ੍ਹਾਂ ਦੀ ਪਹਿਲੀ ਮੰਗ ਇਨਸਾਫ਼ ਅਤੇ ਮਾਮਲੇ ਦੀ ਨਿਰਪੱਖ ਜਾਂਚ ਹੈ।
ਇਸ ਮੌਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਪ੍ਰਧਾਨ ਸੁਰਜੀਤ ਸਿੰਘ ਫੂਲ ਅਤੇ ਕਿਸਾਨ ਆਗੂ ਹਮੀਰ ਸਿੰਘ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਮੌਜੂਦਾ ਪ੍ਰਬੰਧ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਲੋਕਾਂ ਵਿੱਚ ਵਧ ਰਹੇ ਰੋਸ ਨੇ ਸਰਕਾਰਾਂ ਦੀ ਚਿੰਤਾ ਵਧਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਜ਼ਮੀਰ ਵਾਲੇ ਲੋਕ ਇਕੱਠੇ ਹੋ ਕੇ ਆਪਣੇ ਹੱਕਾਂ ਅਤੇ ਇਨਸਾਫ਼ ਲਈ ਆਵਾਜ਼ ਬੁਲੰਦ ਕਰਦੇ ਹਨ ਤਾਂ ਸਰਕਾਰਾਂ ਨੂੰ ਜਵਾਬ ਦੇਣਾ ਪੈਂਦਾ ਹੈ।
ਧਰਨੇ ਦੌਰਾਨ ਐਕਸ਼ਨ ਕਮੇਟੀ ਨੇ ਪੰਜਾਬ ਪੁਲੀਸ ਵੱਲੋਂ ਪਰਵਿੰਦਰ ਸਿੰਘ ਝੋਟਾ ਦੇ ਹੱਕ ਵਿੱਚ ਵੱਖ-ਵੱਖ ਥਾਵਾਂ ’ਤੇ ਰੋਸ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਖ਼ਿਲਾਫ਼ ਦਰਜ ਕੀਤੇ ਗਏ ਪਰਚੇ ਤੁਰੰਤ ਰੱਦ ਕਰਨ ਦੀ ਮੰਗ ਵੀ ਕੀਤੀ। ਕਮੇਟੀ ਦਾ ਕਹਿਣਾ ਹੈ ਕਿ ਇਨਸਾਫ਼ ਦੀ ਮੰਗ ਨੂੰ ਲੈ ਕੇ ਆਵਾਜ਼ ਉਠਾਉਣ ਵਾਲਿਆਂ ਵਿਰੁੱਧ ਦਰਜ ਕੀਤੇ ਗਏ ਮਾਮਲੇ ਵਾਪਸ ਲਏ ਜਾਣੇ ਚਾਹੀਦੇ ਹਨ।
ਇਸ ਮੌਕੇ ਨਰਿੰਦਰ ਸਿੰਘ ਮੁਲਤਾਨੀ, ਤਰਸੇਮ ਸਿੰਘ, ਸੁਖਦੇਵ ਸਿੰਘ ਭੁਪਾਲ, ਗੁਰਮੁਖ ਸਿੰਘ ਮਾਨ, ਹਰਗੋਬਿੰਦ ਕੌਰ, ਪੱਤਰਕਾਰ ਪ੍ਰਭਜੀਤ ਸਿੰਘ, ਐਡਵੋਕੇਟ ਅਭੈ ਗੋਦਾਰਾ, ਮਨਿਕ ਗੋਇਲ, ਕੁਲਵਿੰਦਰ ਸਿੰਘ ਉਡਤ, ਭਗਵੰਤ ਸਿੰਘ ਸਮਾਓਂ, ਬੋਘ ਸਿੰਘ, ਜਸਬੀਰ ਕੌਰ ਨੱਤ, ਵਿਨਰਜੀਤ ਗੋਲਡੀ, ਗੁਰਜੀਤ ਸਿੰਘ ਧਨੌਲਾ, ਜਸਵੀਰ ਸਿੰਘ ਰੋਡੇ, ਲੱਖਾ ਸਿਧਾਣਾ, ਸੰਤ ਦਰਸ਼ਨ ਸਿੰਘ ਟੱਕੀਵਾਲੇ, ਬਲਦੇਵ ਸਿੰਘ ਸਿਰਸਾ, ਪੱਗੜੀ ਸੰਭਾਲ ਜੱਟਾ ਦੇ ਆਗੂ ਮਨਦੀਪ ਸਿੰਘ ਨਥਵਾਨ, ਬਿਕਰਮਦੇਵ ਸਿੰਘ, ਹਰਦੀਪ ਸਿੰਘ ਸਿੱਧੂ ਅਤੇ ਕਰਮਜੀਤ ਸਿੰਘ ਮਾਣੂੰਕੇ ਸਮੇਤ ਹੋਰ ਆਗੂਆਂ ਨੇ ਵੀ ਆਪਣੇ ਵਿਚਾਰ ਰੱਖੇ।
