ਹਰਿਆਣਾ ਵਿੱਚ ਜੰਮੂ-ਕਸ਼ਮੀਰ ਦੇ ਮੁਸਾਫ਼ਰਾਂ ਨਾਲ ਭਰੀ ਨਿੱਜੀ ਬੱਸ ’ਤੇ ਪੱਥਰਾਂ ਅਤੇ ਇੱਟਾਂ ਨਾਲ ਹਮਲਾ ਹੋਣ ਤੋਂ ਅਗਲੇ ਹੀ ਦਿਨ ਪੰਜਾਬ ਵਿੱਚ ਵੀ ਅਜਿਹੀ ਘਟਨਾ ਸਾਹਮਣੇ ਆਈ ਹੈ। ਐਤਵਾਰ ਦੇਰ ਰਾਤ ਲੁਧਿਆਣਾ ਨੇੜੇ ਦਿੱਲੀ-ਜੰਮੂ ਕੌਮੀ ਮਾਰਗ ’ਤੇ ਸ੍ਰੀਨਗਰ ਜਾ ਰਹੀ ਇੱਕ ਨਿੱਜੀ ਸਲੀਪਰ ਵੋਲਵੋ ਬੱਸ ਨੂੰ ਅਣਪਛਾਤੇ ਵਿਅਕਤੀਆਂ ਨੇ ਨਿਸ਼ਾਨਾ ਬਣਾਇਆ। ਹਮਲੇ ਸਮੇਂ ਬੱਸ ਵਿੱਚ ਸਵਾਰ ਮੁਸਾਫ਼ਰ ਸੁੱਤੇ ਹੋਏ ਸਨ, ਜਿਸ ਕਾਰਨ ਘਟਨਾ ਤੋਂ ਬਾਅਦ ਉਨ੍ਹਾਂ ਵਿੱਚ ਡਰ ਦਾ ਮਾਹੌਲ ਬਣ ਗਿਆ।
‘ਸਟਾਰ ਵਰਲਡ ਵੈਂਚਰਜ਼’ ਦੀ ਬੱਸ ਦੇ ਚਾਲਕ ਇਸ਼ਫਾਕ ਅਹਿਮਦ ਨੇ ਦੱਸਿਆ ਕਿ ਇਹ ਘਟਨਾ ਰਾਤ ਕਰੀਬ 11 ਵਜੇ ਵਾਪਰੀ, ਜਦੋਂ ਬੱਸ ਸ੍ਰੀਨਗਰ ਵੱਲ ਜਾ ਰਹੀ ਸੀ। ਉਨ੍ਹਾਂ ਮੁਤਾਬਕ, ਅਚਾਨਕ ਕੁਝ ਵਿਅਕਤੀਆਂ ਨੇ ਬੱਸ ’ਤੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਹਮਲੇ ਦੌਰਾਨ ਜਿਨ੍ਹਾਂ ਸੀਟਾਂ ਵੱਲ ਪੱਥਰ ਸੁੱਟੇ ਗਏ, ਉੱਥੇ ਔਰਤਾਂ ਅਤੇ ਬੱਚੇ ਸੁੱਤੇ ਪਏ ਸਨ। ਖੁਸ਼ਕਿਸਮਤੀ ਨਾਲ ਇਸ ਘਟਨਾ ਵਿੱਚ ਕਿਸੇ ਵੀ ਮੁਸਾਫ਼ਰ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ।
ਬੱਸ ਚਾਲਕ ਨੇ ਕਿਹਾ ਕਿ ਸਾਰੀਆਂ ਸਵਾਰੀਆਂ ਸੁਰੱਖਿਅਤ ਹਨ, ਪਰ ਘਟਨਾ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਡਰਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪੱਥਰਬਾਜ਼ੀ ਤੋਂ ਤੁਰੰਤ ਬਾਅਦ ਪੰਜਾਬ ਪੁਲੀਸ ਨਾਲ ਸੰਪਰਕ ਕੀਤਾ ਗਿਆ। ਇਸ ਪਿੱਛੋਂ ਪੁਲੀਸ ਮੁਲਾਜ਼ਮਾਂ ਨੇ ਬੱਸ ਨੂੰ ਕਈ ਕਿਲੋਮੀਟਰ ਤੱਕ ਸੁਰੱਖਿਆ ਪ੍ਰਦਾਨ ਕੀਤੀ ਅਤੇ ਉਸ ਨੂੰ ਅੱਗੇ ਲੰਘਾਇਆ। ਘਟਨਾ ਤੋਂ ਬਾਅਦ ਬੱਸ ਸ੍ਰੀਨਗਰ ਲਈ ਰਵਾਨਾ ਹੋ ਗਈ।
ਇਸ ਤੋਂ ਪਹਿਲਾਂ ਸ਼ਨਿਚਰਵਾਰ ਰਾਤ ਹਰਿਆਣਾ ਦੇ ਨਿਲੋਖੇੜੀ ਨੇੜੇ ਇੱਕ ਢਾਬੇ ’ਤੇ ਜੰਮੂ-ਕਸ਼ਮੀਰ ਦੇ ਮੁਸਾਫ਼ਰਾਂ ਨਾਲ ਭਰੀ ਨਿੱਜੀ ਸਲੀਪਰ ਬੱਸ ’ਤੇ ਪੱਥਰਾਂ ਅਤੇ ਇੱਟਾਂ ਨਾਲ ਹਮਲਾ ਕੀਤਾ ਗਿਆ ਸੀ। ਇਸ ਘਟਨਾ ਵਿੱਚ ਇੱਕ ਯਾਤਰੀ ਅਤੇ ਇੱਕ ਕਰਮਚਾਰੀ ਜ਼ਖ਼ਮੀ ਹੋ ਗਏ ਸਨ। ਮਾਮਲੇ ਵਿੱਚ ਪੁਲੀਸ ਵੱਲੋਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਹਰਿਆਣਾ ਵਿੱਚ ਵਾਪਰੀ ਘਟਨਾ ਨੇ ਕਸ਼ਮੀਰ ਘਾਟੀ ਵਿੱਚ ਸਿਆਸੀ ਅਤੇ ਸਮਾਜਿਕ ਪੱਧਰ ’ਤੇ ਵਿਵਾਦ ਛੇੜ ਦਿੱਤਾ ਹੈ। ਵੱਖ-ਵੱਖ ਧਾਰਮਿਕ ਅਤੇ ਸਿਆਸੀ ਆਗੂਆਂ ਨੇ ਹਮਲੇ ਦੀ ਨਿੰਦਾ ਕਰਦਿਆਂ ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਹਰਿਆਣਾ ਵਿੱਚ ਹਮਲੇ ਦਾ ਸ਼ਿਕਾਰ ਹੋਈ ਬੱਸ ਦੇ ਚਾਲਕ ਨੇ ਦੋਸ਼ ਲਾਇਆ ਸੀ ਕਿ ਹਮਲਾਵਰਾਂ ਨੇ ਬੱਸ ਦੀ ਨੰਬਰ ਪਲੇਟ ਦੇਖਣ ਤੋਂ ਬਾਅਦ ਉਸ ਨੂੰ ‘ਅਤਿਵਾਦੀ’ ਵੀ ਕਿਹਾ ਸੀ।
ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਹਰਿਆਣਾ ਵਿੱਚ ਵਾਪਰੀ ਘਟਨਾ ਦੀ ਸਖ਼ਤ ਨਿੰਦਾ ਕੀਤੀ ਅਤੇ ਹਰਿਆਣਾ ਸਰਕਾਰ ਨੂੰ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੀ ਮੰਗ ਹੈ ਕਿ ਅਜਿਹੀਆਂ ਘਟਨਾਵਾਂ ਵਿੱਚ ਸ਼ਾਮਲ ਲੋਕਾਂ ਵਿਰੁੱਧ ਕਾਰਵਾਈ ਕੀਤੀ ਜਾਵੇ, ਤਾਂ ਜੋ ਮੁਸਾਫ਼ਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।
ਦੂਜੇ ਪਾਸੇ, ਹਰਿਆਣਾ ਪੁਲੀਸ ਨੇ ਇਸ ਮਾਮਲੇ ਵਿੱਚ ਨਫ਼ਰਤੀ ਹਿੰਸਾ ਦੇ ਪਹਿਲੂ ਤੋਂ ਇਨਕਾਰ ਕੀਤਾ ਹੈ। ਪੁਲੀਸ ਦਾ ਦਾਅਵਾ ਹੈ ਕਿ ਘਟਨਾ ਦੀ ਸ਼ੁਰੂਆਤ ਸੜਕ ’ਤੇ ਹੋਈ ਮਾਮੂਲੀ ਬਹਿਸਬਾਜ਼ੀ ਤੋਂ ਹੋਈ ਸੀ। ਹਾਲਾਂਕਿ, ਹਰਿਆਣਾ ਤੋਂ ਬਾਅਦ ਪੰਜਾਬ ਵਿੱਚ ਵੀ ਸ੍ਰੀਨਗਰ ਜਾ ਰਹੀ ਬੱਸ ’ਤੇ ਪਥਰਾਅ ਦੀ ਘਟਨਾ ਸਾਹਮਣੇ ਆਉਣ ਕਾਰਨ ਮੁਸਾਫ਼ਰਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧ ਗਈ ਹੈ।




