HomeCanadaਡੈਲਟਾ ਦੀ ਮੇਅਰ ਚੋਣ ’ਚ ਵੱਡਾ ਉਲਟਫੇਰ, ਮੇਲੀਸਾ ਗ੍ਰੈਨਮ ਨੇ ਦੋ ਸਿਆਸੀ...

ਡੈਲਟਾ ਦੀ ਮੇਅਰ ਚੋਣ ’ਚ ਵੱਡਾ ਉਲਟਫੇਰ, ਮੇਲੀਸਾ ਗ੍ਰੈਨਮ ਨੇ ਦੋ ਸਿਆਸੀ ਦਿੱਗਜਾਂ ਨੂੰ ਦਿੱਤੀ ਮਾਤ

ਭਾਰਤੀ ਮੂਲ ਦੇ ਜਤਿੰਦਰ ਕੁਮਾਰ ਪੁਰੀ ਕੌਂਸਲਰ ਚੁਣੇ ਗਏ, ਮੌਜੂਦਾ ਕੌਂਸਲਰ ਜੈਸੀ ਦੋਸਾਂਝ ਨੂੰ ਮਿਲੀ ਹਾਰ

ਡੈਲਟਾ, ਕੈਨੇਡਾ (ਮਹੇਸ਼ਇੰਦਰ ਸਿੰਘ ਮਾਂਗਟ): ਬ੍ਰਿਟਿਸ਼ ਕੋਲੰਬੀਆ ਵਿੱਚ ਹੋਈਆਂ ਮਿਊਂਸੀਪਲ ਚੋਣਾਂ ਦੌਰਾਨ ਸਰੀ ਦੇ ਗੁਆਂਢੀ ਸ਼ਹਿਰ ਡੈਲਟਾ ਦੇ ਚੋਣ ਨਤੀਜਿਆਂ ਨੇ ਸਿਆਸੀ ਹਲਕਿਆਂ ਨੂੰ ਹੈਰਾਨ ਕਰ ਦਿੱਤਾ ਹੈ। ਮੇਅਰ ਦੇ ਅਹੁਦੇ ਲਈ ਹੋਏ ਤਿਕੋਣੇ ਮੁਕਾਬਲੇ ਵਿੱਚ ਮੇਲੀਸਾ ਗ੍ਰੈਨਮ ਨੇ ਦੋ ਵਾਰ ਮੇਅਰ ਰਹਿ ਚੁੱਕੇ ਜਾਰਜ ਹਾਰਵੀ ਅਤੇ ਉਨ੍ਹਾਂ ਦੇ ਸਾਬਕਾ ਸਿਆਸੀ ਸਾਥੀ ਡਾਇਲਨ ਕਰੂਗਰ ਨੂੰ ਪਛਾੜਦਿਆਂ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਇਸ ਦੇ ਨਾਲ ਹੀ ਭਾਰਤੀ ਮੂਲ ਦੇ ਜਤਿੰਦਰ ਕੁਮਾਰ ਪੁਰੀ ਨੇ ਸਿਟੀ ਕੌਂਸਲ ਦੀ ਚੋਣ ਜਿੱਤ ਕੇ ਆਪਣੀ ਸਿਆਸੀ ਪਛਾਣ ਬਣਾਈ ਹੈ।

ਡੈਲਟਾ ਦੀ ਮੇਅਰ ਚੋਣ ਇਸ ਵਾਰ ਕਾਫ਼ੀ ਦਿਲਚਸਪ ਬਣੀ ਹੋਈ ਸੀ। ਸਿਆਸੀ ਮਾਹਿਰਾਂ ਅਤੇ ਵੋਟਰਾਂ ਦੀਆਂ ਨਜ਼ਰਾਂ ਮੁੱਖ ਤੌਰ ’ਤੇ ਮੌਜੂਦਾ ਮੇਅਰ ਜਾਰਜ ਹਾਰਵੀ ਅਤੇ ਉਨ੍ਹਾਂ ਦੇ ਸਾਬਕਾ ਸਾਥੀ ਡਾਇਲਨ ਕਰੂਗਰ ਵਿਚਾਲੇ ਮੁਕਾਬਲੇ ’ਤੇ ਟਿਕੀਆਂ ਹੋਈਆਂ ਸਨ। ਪਰ ਚੋਣ ਨਤੀਜਿਆਂ ਨੇ ਸਾਰੀਆਂ ਸਿਆਸੀ ਕਿਆਸਅਰਾਈਆਂ ਨੂੰ ਗਲਤ ਸਾਬਤ ਕਰਦਿਆਂ ਤੀਜੀ ਉਮੀਦਵਾਰ ਮੇਲੀਸਾ ਗ੍ਰੈਨਮ ਦੇ ਹੱਕ ਵਿੱਚ ਫ਼ਤਵਾ ਦਿੱਤਾ।ਪ੍ਰਾਪਤ ਚੋਣ ਨਤੀਜਿਆਂ ਅਨੁਸਾਰ ਮੇਲੀਸਾ ਗ੍ਰੈਨਮ ਨੇ 16,197 ਵੋਟਾਂ ਹਾਸਲ ਕਰਦਿਆਂ ਲਗਭਗ 48 ਫ਼ੀਸਦੀ ਵੋਟਾਂ ਨਾਲ ਜਿੱਤ ਦਰਜ ਕੀਤੀ। ਉਨ੍ਹਾਂ ਦੇ ਨਜ਼ਦੀਕੀ ਵਿਰੋਧੀ ਡਾਇਲਨ ਕਰੂਗਰ ਨੂੰ 9,460 ਵੋਟਾਂ (28 ਫ਼ੀਸਦੀ) ਮਿਲੀਆਂ, ਜਦਕਿ ਦੋ ਵਾਰ ਮੇਅਰ ਰਹੇ ਜਾਰਜ ਹਾਰਵੀ ਸਿਰਫ਼ 7,782 ਵੋਟਾਂ (23 ਫ਼ੀਸਦੀ) ਹੀ ਪ੍ਰਾਪਤ ਕਰ ਸਕੇ। ਇਸ ਤਰ੍ਹਾਂ ਗ੍ਰੈਨਮ ਨੇ ਆਪਣੇ ਨਜ਼ਦੀਕੀ ਵਿਰੋਧੀ ਨੂੰ 6,737 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ।

ਚੋਣਾਂ ਵਾਲੀ ਰਾਤ ਡੈਲਟਾ ਦੇ ਕੈਸਕੇਡਸ ਕੈਸੀਨੋ ਦੇ ਬਾਲਰੂਮ ਵਿੱਚ ਡਾਇਲਨ ਕਰੂਗਰ ਦੇ ਸਮਰਥਕ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਸਨ। ਸ਼ੁਰੂਆਤੀ ਸਮੇਂ ਉਨ੍ਹਾਂ ਦੇ ਸਮਰਥਕਾਂ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ, ਪਰ ਜਿਵੇਂ ਹੀ ਵੋਟਾਂ ਦੀ ਗਿਣਤੀ ਦੇ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋਏ, ਸਿਆਸੀ ਮਾਹੌਲ ਬਦਲ ਗਿਆ। ਮੇਲੀਸਾ ਗ੍ਰੈਨਮ ਨੇ ਸ਼ੁਰੂ ਤੋਂ ਹੀ ਬੜ੍ਹਤ ਬਣਾਈ ਰੱਖੀ ਅਤੇ ਆਖ਼ਰਕਾਰ ਮੇਅਰ ਦੀ ਕੁਰਸੀ ਆਪਣੇ ਨਾਂ ਕਰ ਲਈ।

ਦੂਜੇ ਪਾਸੇ ਡੈਲਟਾ ਸਿਟੀ ਕੌਂਸਲ ਦੀ ਚੋਣ ਵਿੱਚ ਭਾਰਤੀ ਮੂਲ ਦੇ ਜਤਿੰਦਰ ਕੁਮਾਰ ਪੁਰੀ ਦੀ ਜਿੱਤ ਵੀ ਖਾਸ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਡੈਲਟਾ ਫਸਟ ਦੇ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਰੇ ਪੁਰੀ ਨੇ 11,756 ਵੋਟਾਂ ਪ੍ਰਾਪਤ ਕਰਕੇ ਕੌਂਸਲਰ ਵਜੋਂ ਜਿੱਤ ਹਾਸਲ ਕੀਤੀ। ਉਹ ਲੰਬੇ ਸਮੇਂ ਤੋਂ ਨਾਰਥ ਡੈਲਟਾ ਦੇ ਵਸਨੀਕ ਹਨ ਅਤੇ ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਇੰਜੀਨੀਅਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ।

ਇਸੇ ਦੌਰਾਨ ਮੌਜੂਦਾ ਕੌਂਸਲਰ ਜੈਸੀ ਦੋਸਾਂਝ ਨੂੰ ਇਸ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ 8,317 ਵੋਟਾਂ ਪ੍ਰਾਪਤ ਹੋਈਆਂ, ਪਰ ਉਹ ਮੁੜ ਕੌਂਸਲ ਵਿੱਚ ਆਪਣੀ ਜਗ੍ਹਾ ਬਣਾਉਣ ਵਿੱਚ ਸਫ਼ਲ ਨਹੀਂ ਹੋ ਸਕੇ। ਇਸ ਤੋਂ ਇਲਾਵਾ ਵਕੀਲ ਪਵਨ ਜੋਸ਼ੀ ਨੂੰ 6,389 ਅਤੇ ਇਕਜੋਤ ਸੰਧੂ ਨੂੰ 6,186 ਵੋਟਾਂ ਮਿਲੀਆਂ।

ਡੈਲਟਾ ਦੇ ਇਨ੍ਹਾਂ ਚੋਣ ਨਤੀਜਿਆਂ ਨੇ ਜਿੱਥੇ ਸ਼ਹਿਰ ਦੀ ਸਿਆਸੀ ਅਗਵਾਈ ਵਿੱਚ ਵੱਡਾ ਬਦਲਾਅ ਲਿਆਂਦਾ ਹੈ, ਉੱਥੇ ਹੀ ਜਤਿੰਦਰ ਕੁਮਾਰ ਪੁਰੀ ਦੀ ਜਿੱਤ ਨਾਲ ਸਥਾਨਕ ਸਿਆਸਤ ਵਿੱਚ ਭਾਰਤੀ ਮੂਲ ਦੇ ਭਾਈਚਾਰੇ ਦੀ ਨੁਮਾਇੰਦਗੀ ਨੂੰ ਵੀ ਨਵਾਂ ਹੁਲਾਰਾ ਮਿਲਿਆ ਹੈ।

ਮੇਲੀਸਾ ਗ੍ਰੈਨਮ ਦੀ ਜਿੱਤ ਨੂੰ ਡੈਲਟਾ ਦੀ ਸਿਆਸਤ ਵਿੱਚ ਇੱਕ ਮਹੱਤਵਪੂਰਨ ਮੋੜ ਵਜੋਂ ਦੇਖਿਆ ਜਾ ਰਿਹਾ ਹੈ। ਹੁਣ ਨਵੀਂ ਮੇਅਰ ਅਤੇ ਸਿਟੀ ਕੌਂਸਲ ਸਾਹਮਣੇ ਸ਼ਹਿਰ ਦੇ ਵਿਕਾਸ, ਬੁਨਿਆਦੀ ਢਾਂਚੇ, ਆਵਾਜਾਈ, ਰਿਹਾਇਸ਼ ਅਤੇ ਲੋਕ ਸਹੂਲਤਾਂ ਨਾਲ ਜੁੜੀਆਂ ਚੁਣੌਤੀਆਂ ਨਾਲ ਨਜਿੱਠਣ ਦੀ ਜ਼ਿੰਮੇਵਾਰੀ ਹੋਵੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments