HomeGlobalਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ...

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਯੂਕੇ ਪਹੁੰਚਣ ’ਤੇ ਨਿੱਘਾ ਸਵਾਗਤ

ਤਿੰਨ ਦਿਨਾਂ ਦੌਰੇ ਦੌਰਾਨ ਕਈ ਧਾਰਮਿਕ ਸਮਾਗਮਾਂ ਵਿੱਚ ਹੋਣਗੇ ਸ਼ਾਮਲ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਿਹਕਾਮੀ ਸੇਵਾ ਟਰੱਸਟ ਯੂਕੇ ਦੇ ਵਿਸ਼ੇਸ਼ ਸੱਦੇ ’ਤੇ ਤਿੰਨ ਦਿਨਾਂ ਦੇ ਧਾਰਮਿਕ ਦੌਰੇ ਲਈ ਯੂਨਾਈਟਿਡ ਕਿੰਗਡਮ ਪਹੁੰਚੇ ਹਨ। ਲੰਡਨ ਹਵਾਈ ਅੱਡੇ ’ਤੇ ਉਨ੍ਹਾਂ ਦੇ ਆਗਮਨ ਮੌਕੇ ਸਥਾਨਕ ਸਿੱਖ ਸੰਗਤ, ਨੌਜਵਾਨਾਂ ਅਤੇ ਪ੍ਰਬੰਧਕਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਸ਼ਾਨਦਾਰ ਸਵਾਗਤ ਕੀਤਾ। ਇਸ ਮੌਕੇ ਜਥੇਦਾਰ ਗੜਗੱਜ ਨੂੰ ਸਿਰੋਪਾਓ ਭੇਟ ਕਰਕੇ ਅਤੇ ਫੁੱਲਾਂ ਦੇ ਗੁਲਦਸਤੇ ਸੌਂਪ ਕੇ ਸਤਿਕਾਰ ਦਿੱਤਾ ਗਿਆ।

ਆਪਣੇ ਤਿੰਨ ਦਿਨਾਂ ਦੇ ਇਸ ਦੌਰੇ ਦੌਰਾਨ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਲੰਡਨ ਦੇ ਹਯੇਜ਼ ਸਥਿਤ ਗੁਰਦੁਆਰਾ ਗੁਰੂ ਗ਼ਰੀਬ ਨਿਵਾਜ ਵਿਖੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਵਿਸ਼ੇਸ਼ ਗੁਰਮਤਿ ਸਮਾਗਮ ਵਿੱਚ ਸ਼ਮੂਲੀਅਤ ਕਰਨਗੇ। ਇਸ ਸਮਾਗਮ ਵਿੱਚ ਉਹ ਸੰਗਤ ਨੂੰ ਗੁਰਬਾਣੀ ਅਤੇ ਸਿੱਖੀ ਦੇ ਸਿਧਾਂਤਾਂ ਬਾਰੇ ਸੰਬੋਧਨ ਕਰਨ ਦੇ ਨਾਲ-ਨਾਲ ਮੌਜੂਦਾ ਸਮੇਂ ਨਾਲ ਜੁੜੇ ਧਾਰਮਿਕ ਅਤੇ ਪੰਥਕ ਵਿਸ਼ਿਆਂ ’ਤੇ ਵੀ ਵਿਚਾਰ ਸਾਂਝੇ ਕਰਨਗੇ।

ਇਹ ਵਿਸ਼ਾਲ ਗੁਰਮਤਿ ਸਮਾਗਮ ਨਿਹਕਾਮੀ ਸੇਵਾ ਟਰੱਸਟ ਯੂਕੇ, ਜੱਥਾ ਪੰਜ ਪਿਆਰੇ ਸਾਹਿਬਾਨ ਯੂਕੇ, ਗੁਰੂ ਹਰਿਗੋਬਿੰਦ ਸਾਹਿਬ ਟਰੱਸਟ ਯੂਕੇ ਅਤੇ ਸਮੂਹ ਸਾਧ-ਸੰਗਤ ਦੇ ਸਾਂਝੇ ਉਪਰਾਲੇ ਨਾਲ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕਾਂ ਅਨੁਸਾਰ ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਦੇ ਸ਼ਾਮਲ ਹੋਣ ਦੀ ਉਮੀਦ ਹੈ ਅਤੇ ਵਿਦੇਸ਼ ਵਿੱਚ ਵਸਦੇ ਸਿੱਖ ਭਾਈਚਾਰੇ ਲਈ ਇਹ ਇੱਕ ਮਹੱਤਵਪੂਰਨ ਧਾਰਮਿਕ ਇਕੱਠ ਸਾਬਤ ਹੋਵੇਗਾ।

ਦੌਰੇ ਦੌਰਾਨ ਜਥੇਦਾਰ ਗੜਗੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਹਾਲ ਵਿਖੇ ਕਰਵਾਏ ਜਾ ਰਹੇ ਧਾਰਮਿਕ ਸਮਾਗਮ ਵਿੱਚ ਵੀ ਹਾਜ਼ਰੀ ਭਰਨਗੇ। ਉੱਥੇ ਉਹ ਸਥਾਨਕ ਸੰਗਤ ਨਾਲ ਮੁਲਾਕਾਤ ਕਰਦੇ ਹੋਏ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ ਅਤੇ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਨੂੰ ਗੁਰੂ ਘਰ ਨਾਲ ਜੁੜੇ ਰਹਿਣ, ਸਿੱਖ ਰਹਿਤ-ਮਰਿਆਦਾ ਦੀ ਪਾਲਣਾ ਕਰਨ ਅਤੇ ਨੌਜਵਾਨ ਪੀੜ੍ਹੀ ਨੂੰ ਸਿੱਖ ਇਤਿਹਾਸ ਅਤੇ ਵਿਰਸੇ ਨਾਲ ਜੋੜਨ ਲਈ ਪ੍ਰੇਰਿਤ ਕਰਨਗੇ।

ਯੂਕੇ ਵਿੱਚ ਵਸਦੀ ਸਿੱਖ ਸੰਗਤ ਵੱਲੋਂ ਜਥੇਦਾਰ ਗੜਗੱਜ ਦੇ ਇਸ ਦੌਰੇ ਨੂੰ ਬੇਹੱਦ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਸੰਗਤ ਦਾ ਮੰਨਣਾ ਹੈ ਕਿ ਇਸ ਫੇਰੀ ਨਾਲ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਰਮਿਆਨ ਆਪਸੀ ਸੰਪਰਕ ਹੋਰ ਮਜ਼ਬੂਤ ਹੋਵੇਗਾ ਅਤੇ ਪੰਥਕ ਮਸਲਿਆਂ ਬਾਰੇ ਵਿਚਾਰ-ਵਟਾਂਦਰੇ ਲਈ ਇੱਕ ਪ੍ਰਭਾਵਸ਼ਾਲੀ ਮੰਚ ਵੀ ਉਪਲਬਧ ਹੋਵੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments