HomeCanada2026 ਬੀਸੀ ਸਮਰ ਗੇਮਜ਼ 'ਚ ਪੰਜਾਬੀ ਨੌਜਵਾਨ ਖਿਡਾਰੀਆਂ ਨੇ ਛੱਡੀ ਛਾਪ, ਐਮ...

2026 ਬੀਸੀ ਸਮਰ ਗੇਮਜ਼ ‘ਚ ਪੰਜਾਬੀ ਨੌਜਵਾਨ ਖਿਡਾਰੀਆਂ ਨੇ ਛੱਡੀ ਛਾਪ, ਐਮ ਐਲ ਏ ਸੁਨੀਤਾ ਧੀਰ ਨੇ ਵਧਾਇਆ ਹੌਸਲਾ

ਕੈਲੋਨਾ ਵਿੱਚ 3,000 ਤੋਂ ਵੱਧ ਖਿਡਾਰੀਆਂ ਦੀ ਸ਼ਮੂਲੀਅਤ; ਕੁਸ਼ਤੀ ਸਮੇਤ ਕਈ ਖੇਡਾਂ ਵਿੱਚ ਪੰਜਾਬੀ ਮੂਲ ਦੇ ਖਿਡਾਰੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

ਕੈਲੋਨਾ ( ਮਹੇਸ਼ਇੰਦਰ ਸਿੰਘ ਮਾਂਗਟ.) ਵੈਨਕੂਵਰ-ਲੰਗਾਰਾ ਤੋਂ ਵਿਧਾਇਕ (ਐਮ ਐਲ ਏ) ਸੁਨੀਤਾ ਧੀਰ ਨੇ ਕੈਲੋਨਾ ਵਿਖੇ ਆਯੋਜਿਤ 2026 ਬੀਸੀ ਸਮਰ ਗੇਮਜ਼ ਵਿੱਚ ਸ਼ਿਰਕਤ ਕਰਦਿਆਂ ਬ੍ਰਿਟਿਸ਼ ਕੋਲੰਬੀਆ ਦੇ ਨੌਜਵਾਨ ਖਿਡਾਰੀਆਂ ਦੀ ਪ੍ਰਤਿਭਾ, ਮਿਹਨਤ ਅਤੇ ਖੇਡ ਭਾਵਨਾ ਦੀ ਭਰਪੂਰ ਸਰਾਹਨਾ ਕੀਤੀ।

ਇਨ੍ਹਾਂ ਖੇਡਾਂ ਵਿੱਚ ਸੂਬੇ ਭਰ ਤੋਂ 3,000 ਤੋਂ ਵੱਧ ਖਿਡਾਰੀ, ਕੋਚ ਅਤੇ ਅਧਿਕਾਰੀ ਸ਼ਾਮਲ ਹੋਏ, ਜਿਨ੍ਹਾਂ ਨੇ ਕੁੱਲ 19 ਵੱਖ-ਵੱਖ ਖੇਡਾਂ ਵਿੱਚ ਆਪਣੀ ਯੋਗਤਾ ਦਾ ਪ੍ਰਦਰਸ਼ਨ ਕੀਤਾ। ਇਨ੍ਹਾਂ ਵਿੱਚ ਕੁਸ਼ਤੀ, ਤੈਰਾਕੀ, ਐਥਲੈਟਿਕਸ, ਬਾਸਕੇਟਬਾਲ, ਰਗਬੀ, ਟ੍ਰਾਇਥਲਾਨ, ਵਾਲੀਬਾਲ, ਬੇਸਬਾਲ, ਰੋਇੰਗ, ਕੈਨੋ/ਕਾਇਕ, ਗੋਲਫ ਅਤੇ ਲੈਕਰਾਸ ਵਰਗੀਆਂ ਖੇਡਾਂ ਸ਼ਾਮਲ ਸਨ।

ਐਮ ਐਲ ਏ ਸੁਨੀਤਾ ਧੀਰ ਨੇ ਕਿਹਾ ਕਿ ਉਨ੍ਹਾਂ ਲਈ ਸਭ ਤੋਂ ਮਾਣ ਵਾਲਾ ਪਲ ਉਹ ਸੀ ਜਦੋਂ ਵੈਨਕੂਵਰ, ਸਰੀ ਅਤੇ ਲੋਅਰ ਮੇਨਲੈਂਡ ਦੇ ਹੋਰ ਇਲਾਕਿਆਂ ਤੋਂ ਆਏ ਖਿਡਾਰੀਆਂ, ਖ਼ਾਸ ਕਰਕੇ ਪੰਜਾਬੀ ਭਾਈਚਾਰੇ ਨਾਲ ਸੰਬੰਧਿਤ ਨੌਜਵਾਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੀ ਵੱਖਰੀ ਪਹਿਚਾਣ ਬਣਾਈ। ਉਨ੍ਹਾਂ ਦੱਸਿਆ ਕਿ ਪੰਜਾਬੀ ਖਿਡਾਰੀਆਂ ਨੇ ਖ਼ਾਸ ਤੌਰ ‘ਤੇ ਕੁਸ਼ਤੀ ਵਿੱਚ ਆਪਣੀ ਰਵਾਇਤੀ ਬੜ੍ਹਤ ਨੂੰ ਕਾਇਮ ਰੱਖਿਆ, ਜਦਕਿ ਹੋਰ ਕਈ ਖੇਡਾਂ ਵਿੱਚ ਵੀ ਉਨ੍ਹਾਂ ਨੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ।

ਖੇਡਾਂ ਦੌਰਾਨ ਸੁਨੀਤਾ ਧੀਰ ਨੇ ਹੋਰ ਵਿਧਾਇਕਾਂ ਦੇ ਨਾਲ ਮਿਲ ਕੇ ਕੈਲੋਨਾ ਦੇ ਮੇਅਰ ਟੌਮ ਡਾਇਅਸ ਨੂੰ ਸੂਬਾਈ ਪ੍ਰੋਕਲੇਮੇਸ਼ਨ (ਘੋਸ਼ਣਾ ਪੱਤਰ) ਭੇਟ ਕੀਤਾ, ਜਿਸ ਰਾਹੀਂ ਕੈਲੋਨਾ ਵੱਲੋਂ 2026 ਬੀਸੀ ਸਮਰ ਗੇਮਜ਼ ਦੀ ਸਫਲ ਮੇਜ਼ਬਾਨੀ ਅਤੇ ਖੇਡਾਂ ਤੇ ਸਿਹਤਮੰਦ ਸਮਾਜ ਪ੍ਰਤੀ ਸ਼ਹਿਰ ਦੀ ਵਚਨਬੱਧਤਾ ਨੂੰ ਸਨਮਾਨਿਤ ਕੀਤਾ ਗਿਆ।

ਇਸ ਤੋਂ ਇਲਾਵਾ, ਉਹ ਉਦਘਾਟਨੀ ਸਮਾਰੋਹ ਵਿੱਚ ਵੀ ਸ਼ਾਮਲ ਹੋਏ ਅਤੇ ਉਨ੍ਹਾਂ ਨੂੰ ਤੈਰਾਕੀ, ਟ੍ਰਾਇਥਲਾਨ ਅਤੇ ਮਹਿਲਾ ਰਗਬੀ ਮੁਕਾਬਲਿਆਂ ਦੇ ਜੇਤੂ ਖਿਡਾਰੀਆਂ ਨੂੰ ਤਮਗੇ ਭੇਟ ਕਰਨ ਦਾ ਵੀ ਮਾਣ ਪ੍ਰਾਪਤ ਹੋਇਆ।

ਸੁਨੀਤਾ ਧੀਰ ਨੇ ਕਿਹਾ, “ਇਨ੍ਹਾਂ ਖੇਡਾਂ ਵਿੱਚ ਨੌਜਵਾਨ ਖਿਡਾਰੀਆਂ ਦਾ ਜਜ਼ਬਾ, ਦ੍ਰਿੜ੍ਹ ਇਰਾਦਾ ਅਤੇ ਖੇਡ ਭਾਵਨਾ ਦੇਖ ਕੇ ਬੇਹੱਦ ਖੁਸ਼ੀ ਹੋਈ। ਖ਼ਾਸ ਕਰਕੇ ਦੱਖਣੀ ਏਸ਼ੀਆਈ ਭਾਈਚਾਰੇ ਦੇ ਨੌਜਵਾਨਾਂ ਨੂੰ ਆਪਣੇ ਸ਼ਹਿਰਾਂ ਦੀ ਨੁਮਾਇੰਦਗੀ ਕਰਦੇ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਦੇਖਣਾ ਮਾਣ ਵਾਲੀ ਗੱਲ ਹੈ। ਉਨ੍ਹਾਂ ਦੀਆਂ ਕਾਮਯਾਬੀਆਂ ਉਨ੍ਹਾਂ ਦੀ ਮਿਹਨਤ, ਕੋਚਾਂ ਦੀ ਸਮਰਪਿਤ ਸਿਖਲਾਈ ਅਤੇ ਪਰਿਵਾਰਾਂ ਦੇ ਅਟੁੱਟ ਸਹਿਯੋਗ ਦਾ ਨਤੀਜਾ ਹਨ।”

ਅੰਤ ਵਿੱਚ ਐਮਐਲਏ ਸੁਨੀਤਾ ਧੀਰ ਨੇ ਸਾਰੇ ਖਿਡਾਰੀਆਂ, ਕੋਚਾਂ, ਵਾਲੰਟੀਅਰਾਂ ਅਤੇ ਪ੍ਰਬੰਧਕਾਂ ਨੂੰ 2026 ਬੀਸੀ ਸਮਰ ਗੇਮਜ਼ ਦੀ ਸਫਲਤਾ ਲਈ ਵਧਾਈ ਦਿੱਤੀ ਅਤੇ ਕੈਲੋਨਾ ਸ਼ਹਿਰ ਵੱਲੋਂ ਦਿੱਤੇ ਨਿੱਘੇ ਸਵਾਗਤ ਅਤੇ ਸ਼ਾਨਦਾਰ ਮੇਜ਼ਬਾਨੀ ਲਈ ਧੰਨਵਾਦ ਪ੍ਰਗਟ ਕੀਤਾ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments