ਮੁੰਬਈ: ਪੰਜਾਬੀ ਅਤੇ ਹਿੰਦੀ ਫਿਲਮ ਇੰਡਸਟਰੀ ਵਿੱਚ ਆਪਣੀ ਮਜ਼ਬੂਤ ਪਛਾਣ ਬਣਾਉਣ ਵਾਲੇ ਬਹੁਪੱਖੀ ਅਦਾਕਾਰ ਗੈਵੀ ਚਾਹਲ ਹੁਣ ਇੱਕ ਹੋਰ ਵੱਡੇ ਬਾਲੀਵੁੱਡ ਪ੍ਰੋਜੈਕਟ ਦਾ ਹਿੱਸਾ ਬਣਨ ਜਾ ਰਹੇ ਹਨ। ਉਨ੍ਹਾਂ ਨੂੰ ਆਉਣ ਵਾਲੀ ਹਿੰਦੀ ਫਿਲਮ ‘ਡੀਜੀਪੀ ਕਸ਼ਮੀਰ’ ਵਿੱਚ ਅਹਿਮ ਅਤੇ ਲੀਡਿੰਗ ਭੂਮਿਕਾ ਲਈ ਚੁਣਿਆ ਗਿਆ ਹੈ। ਸੱਚੀਆਂ ਘਟਨਾਵਾਂ ਅਤੇ ਕਸ਼ਮੀਰ ਦੀਆਂ ਸੰਵੇਦਨਸ਼ੀਲ ਸਥਿਤੀਆਂ ‘ਤੇ ਆਧਾਰਿਤ ਇਸ ਫਿਲਮ ਵਿੱਚ ਗੈਵੀ ਚਾਹਲ ਇੱਕ ਪ੍ਰਭਾਵਸ਼ਾਲੀ ਕਿਰਦਾਰ ਰਾਹੀਂ ਦਰਸ਼ਕਾਂ ਦੇ ਰੂਬਰੂ ਹੋਣਗੇ।
ਇਸ ਫਿਲਮ ਦਾ ਨਿਰਮਾਣ ਵਿਜੇ ਕੁਮਾਰ ਵੱਲੋਂ ਟੀ3ਐੱਸ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਦੇ ਬੈਨਰ ਹੇਠ ਕੀਤਾ ਜਾ ਰਿਹਾ ਹੈ, ਜਦਕਿ ਨਿਰਦੇਸ਼ਨ ਦੀ ਕਮਾਨ ਮਸ਼ਹੂਰ ਫਿਲਮਕਾਰ ਇਮਤਿਆਜ਼ ਭੱਟ ਸੰਭਾਲ ਰਹੇ ਹਨ। ਇਮਤਿਆਜ਼ ਭੱਟ ਇਸ ਤੋਂ ਪਹਿਲਾਂ ਵੀ ਕਈ ਹਿੰਦੀ ਫਿਲਮਾਂ ਦਾ ਸਫਲ ਨਿਰਦੇਸ਼ਨ ਕਰ ਚੁੱਕੇ ਹਨ।
ਕਈ ਮਸ਼ਹੂਰ ਕਲਾਕਾਰ ਆਉਣਗੇ ਇਕੱਠੇ ਨਜ਼ਰ
ਕਸ਼ਮੀਰ ਦੀ ਪਿੱਠਭੂਮੀ ਅਤੇ ਉੱਥੇ ਵਾਪਰੀਆਂ ਕੁਝ ਦਿਲ ਦਹਿਲਾ ਦੇਣ ਵਾਲੀਆਂ ਘਟਨਾਵਾਂ ਨੂੰ ਕੇਂਦਰ ਬਣਾਕੇ ਤਿਆਰ ਕੀਤੀ ਜਾ ਰਹੀ ਇਸ ਫਿਲਮ ਵਿੱਚ ਗੈਵੀ ਚਾਹਲ ਦੇ ਨਾਲ ਅਸ਼ਮਿਤ ਪਟੇਲ ਅਤੇ ਡੇਜ਼ੀ ਸ਼ਾਹ ਵੀ ਮੁੱਖ ਭੂਮਿਕਾਵਾਂ ਨਿਭਾਉਣਗੇ। ਇਸ ਤੋਂ ਇਲਾਵਾ ਸ਼ਾਰੀਬ ਹਾਸ਼ਮੀ, ਸ਼ਾਹਿਦ ਲਤੀਫ, ਪੁਨੀਤ ਇਸਾਰ, ਮੀਰ ਸਰਵਰ, ਹੁਸੈਨ ਖਾਨ, ਇਬਾਦਤ ਭੱਟ, ਪਰਿਧੀ ਸ਼ਰਮਾ, ਪ੍ਰਗਿਆ ਨਯਨ, ਰਾਜਾ ਕੱਕੜ ਅਤੇ ਇਮਤਿਆਜ਼ ਭੱਟ ਵੀ ਅਹਿਮ ਕਿਰਦਾਰਾਂ ਵਿੱਚ ਨਜ਼ਰ ਆਉਣਗੇ।
ਮੁੰਬਈ ਤੋਂ ਲੈ ਕੇ ਕਸ਼ਮੀਰ ਦੇ ਦੁਰਗਮ ਇਲਾਕਿਆਂ ਤੱਕ ਹੋ ਰਹੀ ਸ਼ੂਟਿੰਗ
ਫਿਲਮ ਦੀ ਸ਼ੂਟਿੰਗ ਮੁੰਬਈ ਦੇ ਨਾਲ-ਨਾਲ ਜੰਮੂ-ਕਸ਼ਮੀਰ ਦੀਆਂ ਵੱਖ-ਵੱਖ ਖੂਬਸੂਰਤ ਅਤੇ ਚੁਣੌਤੀਪੂਰਨ ਲੋਕੇਸ਼ਨਾਂ ‘ਤੇ ਕੀਤੀ ਜਾ ਰਹੀ ਹੈ। ਫਿਲਮ ਦੇ ਐਸੋਸੀਏਟ ਡਾਇਰੈਕਟਰ ਪ੍ਰਾਚੀ ਯੂਕੇ, ਰਚਨਾਤਮਕ ਨਿਰਦੇਸ਼ਕ ਹੁਸੈਨ ਖਾਨ ਅਤੇ ਕਾਸਟਿੰਗ ਡਾਇਰੈਕਟਰ ਸਾਚੀ ਕੁਲਸ਼੍ਰੇਸ਼ਠਾ ਹਨ।
ਗੈਵੀ ਚਾਹਲ ਦੀਆਂ ਹੋਰ ਫਿਲਮਾਂ ਵੀ ਜਲਦ ਹੋਣਗੀਆਂ ਰਿਲੀਜ਼
ਗੈਵੀ ਚਾਹਲ ਹਾਲ ਹੀ ਵਿੱਚ ਕਈ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਹਨ। ਉਹ ਜਲਦ ਹੀ ਆਪਣੀ ਇੱਕ ਹੋਰ ਫਿਲਮ ‘ਸਟੇਟ ਵਰਸਿਜ਼ ਸੋਲਜ਼ਰ’ ਰਾਹੀਂ ਵੀ ਦਰਸ਼ਕਾਂ ਦੇ ਸਾਹਮਣੇ ਆਉਣਗੇ, ਜਿਸ ਨੂੰ ਲੈ ਕੇ ਵੀ ਕਾਫ਼ੀ ਉਤਸ਼ਾਹ ਹੈ।
ਫਿਲਮ ਬਾਰੇ ਗੈਵੀ ਚਾਹਲ ਨੇ ਕੀ ਕਿਹਾ?
ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਗੈਵੀ ਚਾਹਲ ਨੇ ਕਿਹਾ ਕਿ ‘ਡੀਜੀਪੀ ਕਸ਼ਮੀਰ’ ਇੱਕ ਆਮ ਵਪਾਰਕ ਫਿਲਮ ਨਹੀਂ, ਸਗੋਂ ਕਸ਼ਮੀਰ ਦੇ ਅੰਦਰੂਨੀ ਹਾਲਾਤਾਂ ਅਤੇ ਉਨ੍ਹਾਂ ਨਾਲ ਜੁੜੇ ਕਈ ਅਣਛੁਹੇ ਪਹਿਲੂਆਂ ਨੂੰ ਉਜਾਗਰ ਕਰਨ ਵਾਲੀ ਕਹਾਣੀ ਹੈ। ਉਨ੍ਹਾਂ ਦੱਸਿਆ ਕਿ ਫਿਲਮ ਦੀ ਤਿਆਰੀ ਲਈ ਕਾਫ਼ੀ ਡੂੰਘੀ ਖੋਜ ਅਤੇ ਬਾਰੀਕੀ ਨਾਲ ਕੰਮ ਕੀਤਾ ਗਿਆ ਹੈ, ਤਾਂ ਜੋ ਦਰਸ਼ਕਾਂ ਤੱਕ ਇੱਕ ਹਕੀਕਤ ਦੇ ਨੇੜੇ ਦੀ ਕਹਾਣੀ ਪਹੁੰਚ ਸਕੇ।
ਇਸ ਦੇ ਨਾਲ ਹੀ ਗੈਵੀ ਚਾਹਲ ਨੇ ਆਪਣੀ ਆਉਣ ਵਾਲੀ ਪੰਜਾਬੀ ਫਿਲਮ ‘ਸਟੇਟ ਵਰਸਿਜ਼ ਸੋਲਜ਼ਰ’ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਫਿਲਮ ਦਾ ਨਿਰਦੇਸ਼ਨ ਪਟਿਆਲਾ ਨਾਲ ਸੰਬੰਧਿਤ ਲੇਖਕ ਅਤੇ ਨਿਰਦੇਸ਼ਕ ਇੰਦਰਪਾਲ ਸਿੰਘ ਕਰ ਰਹੇ ਹਨ, ਜੋ ਪਹਿਲਾਂ ‘ਜ਼ਖ਼ਮੀ’ ਅਤੇ ‘ਸੰਗਰਾਂਦ’ ਵਰਗੀਆਂ ਫਿਲਮਾਂ ਦਾ ਸਫਲ ਨਿਰਦੇਸ਼ਨ ਕਰ ਚੁੱਕੇ ਹਨ।




