17 ਅਕਤੂਬਰ ਦੀਆਂ ਚੋਣਾਂ ਲਈ ਛੇ ਉਮੀਦਵਾਰ ਮੈਦਾਨ ਵਿੱਚ; ਵਿਦਿਆਰਥੀਆਂ ਦੀ ਬਿਹਤਰੀ ਅਤੇ ਨਵੇਂ ਸਕੂਲਾਂ ਲਈ ਸੰਘਰਸ਼ ਜਾਰੀ ਰੱਖਣ ਦਾ ਵਾਅਦਾ
ਸਰੀ, ਬੀ.ਸੀ., 2 ਅਗਸਤ (ਮਹੇਸ਼ਇੰਦਰ ਸਿੰਘ ਮਾਂਗਟ) – ਸਰੀ ਫਰਸਟ ਐਜੂਕੇਸ਼ਨ ਨੇ ਐਤਵਾਰ ਨੂੰ ਇੱਕ ਸਫਲ ਭਾਈਚਾਰਕ ਫੰਡਰੇਜ਼ਰ, ਮਿਲਣ-ਮਿਲਾਪ ਸਮਾਗਮ ਅਤੇ ਚੋਣ ਮੁਹਿੰਮ ਦੀ ਸ਼ੁਰੂਆਤ ਕਰਦਿਆਂ 2026 ਦੀਆਂ ਸਕੂਲ ਟਰੱਸਟੀ ਚੋਣਾਂ ਲਈ ਆਪਣੀ ਮੁਹਿੰਮ ਦਾ ਅਧਿਕਾਰਕ ਆਗਾਜ਼ ਕੀਤਾ। ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸਮਰਥਕਾਂ, ਮਾਪਿਆਂ, ਭਾਈਚਾਰਕ ਆਗੂਆਂ ਅਤੇ ਸਰੀ ਦੇ ਵਸਨੀਕਾਂ ਨੇ ਸ਼ਮੂਲੀਅਤ ਕੀਤੀ।
ਸਮਾਗਮ ਦੌਰਾਨ ਮੌਜੂਦਾ ਸਕੂਲ ਬੋਰਡ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕੀਤਾ ਗਿਆ ਅਤੇ ਕੈਨੇਡਾ ਦੇ ਸਭ ਤੋਂ ਤੇਜ਼ੀ ਨਾਲ ਵਿਕਸਤ ਹੋ ਰਹੇ ਸਕੂਲ ਜ਼ਿਲ੍ਹਿਆਂ ਵਿੱਚੋਂ ਇੱਕ ਸਰੀ ਦੇ ਭਵਿੱਖ ਨਾਲ ਜੁੜੀਆਂ ਚੁਣੌਤੀਆਂ ਅਤੇ ਮੌਕਿਆਂ ਬਾਰੇ ਵੀ ਵਿਚਾਰ ਸਾਂਝੇ ਕੀਤੇ ਗਏ।
17 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਸਰੀ ਫਰਸਟ ਐਜੂਕੇਸ਼ਨ ਵੱਲੋਂ ਟੈਰੀ ਐਲਨ, ਬੌਬ ਹੋਮਜ਼, ਲੌਰੀ ਲਾਰਸਨ, ਗੈਰੀ ਥਿੰਦ, ਗੈਰੀ ਟਾਈਮੋਸ਼ੁਕ ਅਤੇ ਸ਼ੌਨ ਵਿਲਸਨ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਹਨ।
ਸਰੀ ਫਰਸਟ ਐਜੂਕੇਸ਼ਨ ਸੋਸਾਇਟੀ ਦੇ ਪ੍ਰਧਾਨ ਗੈਰੀ ਟਾਈਮੋਸ਼ੁਕ ਨੇ ਸਮਾਗਮ ਵਿੱਚ ਸ਼ਾਮਲ ਹੋਏ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਮਾਗਮ ਨੇ ਸਾਬਤ ਕਰ ਦਿੱਤਾ ਹੈ ਕਿ ਸਰੀ ਦੇ ਲੋਕ ਵਿਦਿਆਰਥੀਆਂ ਦੀ ਸਫਲਤਾ ਲਈ ਸਮਰਪਿਤ ਤਜਰਬੇਕਾਰ ਅਤੇ ਮਜ਼ਬੂਤ ਲੀਡਰਸ਼ਿਪ ਨੂੰ ਮਹੱਤਵ ਦਿੰਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਟੀਮ ਨਾਲ ਮਿਲ ਕੇ ਆਪਣੇ ਵਿਚਾਰ ਸਾਂਝੇ ਕਰਨਾ ਅਤੇ ਭਰਪੂਰ ਸਮਰਥਨ ਦੇਣਾ ਹੌਸਲਾ ਵਧਾਉਣ ਵਾਲਾ ਹੈ।
ਸਰੀ ਫਰਸਟ ਐਜੂਕੇਸ਼ਨ ਨੇ ਦੱਸਿਆ ਕਿ 2022 ਵਿੱਚ ਚੁਣੇ ਜਾਣ ਤੋਂ ਬਾਅਦ ਬੋਰਡ ਨੇ ਵਿਦਿਆਰਥੀਆਂ ਦੀ ਭਲਾਈ ਅਤੇ ਵਿੱਤੀ ਜ਼ਿੰਮੇਵਾਰੀ ਨੂੰ ਪਹਿਲ ਦਿੱਤੀ ਹੈ। ਇਸ ਦੌਰਾਨ ਗ੍ਰੇਡ 11 ਤੋਂ ਗ੍ਰੇਡ 12 ਵਿੱਚ ਜਾਣ ਵਾਲੇ ਵਿਦਿਆਰਥੀਆਂ ਦੀ ਦਰ ਵਿੱਚ ਵਾਧਾ ਹੋਇਆ, ਨਵੇਂ ਸਕੂਲ ਖੋਲ੍ਹੇ ਗਏ ਅਤੇ ਮੌਜੂਦਾ ਸਕੂਲਾਂ ਦਾ ਵਿਸਥਾਰ ਕਰਕੇ ਹਜ਼ਾਰਾਂ ਨਵੀਆਂ ਵਿਦਿਆਰਥੀ ਸੀਟਾਂ ਬਣਾਈਆਂ ਗਈਆਂ। ਇਸ ਤੋਂ ਇਲਾਵਾ ਵਿਦਿਆਰਥੀ ਪੋਸ਼ਣ ਪ੍ਰੋਗਰਾਮਾਂ ਨੂੰ ਮਜ਼ਬੂਤ ਕੀਤਾ ਗਿਆ, ਵਿਸ਼ੇਸ਼ ਸਿੱਖਿਆ ਦੇ ਮੌਕੇ ਵਧਾਏ ਗਏ, ਆਦਿਵਾਸੀ ਭਾਈਚਾਰਿਆਂ ਨਾਲ ਸਾਂਝ ਨੂੰ ਮਜ਼ਬੂਤ ਕੀਤਾ ਗਿਆ ਅਤੇ ਬੋਰਡ ਦੀਆਂ ਨੀਤੀਆਂ ਦੀ ਕਈ ਦਹਾਕਿਆਂ ਬਾਅਦ ਸਭ ਤੋਂ ਵਿਆਪਕ ਸਮੀਖਿਆ ਵੀ ਕੀਤੀ ਗਈ।
ਉਮੀਦਵਾਰ ਗੈਰੀ ਥਿੰਦ ਨੇ ਕਿਹਾ ਕਿ ਭਾਵੇਂ ਕਾਫ਼ੀ ਪ੍ਰਗਤੀ ਹੋਈ ਹੈ, ਪਰ ਹਾਲੇ ਵੀ ਬਹੁਤ ਕੰਮ ਕੀਤਾ ਜਾਣਾ ਬਾਕੀ ਹੈ। ਉਨ੍ਹਾਂ ਕਿਹਾ ਕਿ ਸਰੀ ਦੀ ਆਬਾਦੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ, ਜਦਕਿ ਸਕੂਲਾਂ ਦਾ ਢਾਂਚਾ ਇਸ ਗਤੀ ਨਾਲ ਵਿਕਸਤ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਟੀਮ ਹੋਰ ਨਵੇਂ ਸਕੂਲਾਂ, ਵਧੇਰੇ ਕਲਾਸਰੂਮਾਂ, ਸੂਬਾਈ ਸਰਕਾਰ ਵੱਲੋਂ ਵੱਧ ਨਿਵੇਸ਼ ਅਤੇ ਨਵੀਨਤਮ ਸਿੱਖਿਆ ਦੇ ਮੌਕਿਆਂ ਲਈ ਲਗਾਤਾਰ ਆਵਾਜ਼ ਉਠਾਉਂਦੀ ਰਹੇਗੀ ਅਤੇ ਹਰ ਫ਼ੈਸਲੇ ਵਿੱਚ ਵਿਦਿਆਰਥੀਆਂ ਦੇ ਹਿੱਤਾਂ ਨੂੰ ਪਹਿਲ ਦਿੱਤੀ ਜਾਵੇਗੀ।
ਸਰੀ ਫਰਸਟ ਐਜੂਕੇਸ਼ਨ ਨੇ ਇਹ ਵੀ ਦੁਹਰਾਇਆ ਕਿ ਉਹ ਨਵੇਂ ਸਕੂਲਾਂ, ਕਲਾਸਰੂਮਾਂ ਦੇ ਵਿਸਥਾਰ ਅਤੇ ਭੂਚਾਲ-ਸੁਰੱਖਿਆ ਅੱਪਗ੍ਰੇਡ ਲਈ ਯਤਨ ਜਾਰੀ ਰੱਖੇਗੀ। ਇਸ ਦੇ ਨਾਲ ਹੀ ਉੱਚ ਪੱਧਰੀ ਸਿੱਖਿਆ, ਨਵੀਨਤਮ ਅਧਿਆਪਨ ਪੱਧਤੀਆਂ, ਸੁਰੱਖਿਅਤ ਅਤੇ ਸਮਾਵੇਸ਼ੀ ਸਕੂਲੀ ਮਾਹੌਲ, ਜ਼ਿੰਮੇਵਾਰ ਵਿੱਤੀ ਪ੍ਰਬੰਧਨ ਅਤੇ ਪਰਿਵਾਰਾਂ, ਆਦਿਵਾਸੀ ਭਾਈਚਾਰਿਆਂ, ਕਰਮਚਾਰੀਆਂ ਅਤੇ ਭਾਈਚਾਰਕ ਸੰਸਥਾਵਾਂ ਨਾਲ ਮਜ਼ਬੂਤ ਭਾਈਵਾਲੀ ਨੂੰ ਆਪਣੀ ਤਰਜੀਹ ਬਣਾਈ ਰੱਖੇਗੀ।
ਚੋਣ ਮੁਹਿੰਮ ਦੀ ਸ਼ੁਰੂਆਤ ਨਾਲ ਹੀ ਟੀਮ ਨੇ ਆਉਣ ਵਾਲੇ ਹਫ਼ਤਿਆਂ ਦੌਰਾਨ ਸਰੀ ਦੇ ਹਰ ਇਲਾਕੇ ਵਿੱਚ ਲੋਕਾਂ ਨਾਲ ਮਿਲ ਕੇ ਸਰਕਾਰੀ ਸਿੱਖਿਆ ਦੇ ਭਵਿੱਖ ਬਾਰੇ ਉਨ੍ਹਾਂ ਦੇ ਵਿਚਾਰ ਸੁਣਨ ਦਾ ਵੀ ਸੰਕਲਪ ਪ੍ਰਗਟਾਇਆ।
ਗੈਰੀ ਥਿੰਦ ਨੇ ਕਿਹਾ ਕਿ ਇਹ ਚੋਣ ਮੁਹਿੰਮ ਭਰੋਸੇ, ਤਜਰਬੇ ਅਤੇ ਨਤੀਜਿਆਂ ‘ਤੇ ਆਧਾਰਿਤ ਹੈ ਅਤੇ ਉਨ੍ਹਾਂ ਦੀ ਟੀਮ ਨੇ ਹਮੇਸ਼ਾ ਮਿਲਜੁਲ ਕੇ ਕੰਮ ਕਰਦਿਆਂ ਵਿਦਿਆਰਥੀਆਂ ਦੀ ਸਫ਼ਲਤਾ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਹੈ।




