HomePunjab Newsਕੈਨੇਡਾ ਜਾਣ ਤੇ ਵਿਆਹ ਦਾ ਝਾਂਸਾ ਦੇ ਕੇ 46 ਲੱਖ ਦੀ ਠੱਗੀ,...

ਕੈਨੇਡਾ ਜਾਣ ਤੇ ਵਿਆਹ ਦਾ ਝਾਂਸਾ ਦੇ ਕੇ 46 ਲੱਖ ਦੀ ਠੱਗੀ, ਮੋਗਾ ’ਚ ਚਾਰ ਖ਼ਿਲਾਫ਼ ਮਾਮਲਾ ਦਰਜ

ਮੋਗਾ ਜ਼ਿਲ੍ਹੇ ਵਿੱਚ ਕੈਨੇਡਾ ਦੀ ਪੱਕੀ ਰਿਹਾਇਸ਼ ਅਤੇ ਅਮਰੀਕਾ ਰਹਿੰਦੇ ਨੌਜਵਾਨ ਨਾਲ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ 46 ਲੱਖ ਰੁਪਏ ਦੀ ਕਥਿਤ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਮੋਗਾ ਪੁਲੀਸ ਨੇ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਸਮੇਤ ਚਾਰ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ।

ਮੁਲਜ਼ਮਾਂ ਦੀ ਪਛਾਣ ਵੀਰਪਾਲ ਕੌਰ, ਉਸ ਦੇ ਪਿਤਾ ਸੁਖਜਿੰਦਰ ਸਿੰਘ, ਮਾਤਾ ਕਮਲਜੀਤ ਕੌਰ ਅਤੇ ਸੁਖਵਿੰਦਰ ਕੌਰ ਵਜੋਂ ਹੋਈ ਹੈ। ਪੁਲੀਸ ਮੁਤਾਬਕ ਸਾਰੇ ਮੁਲਜ਼ਮ ਧਰਮਕੋਟ ਦੇ ਰਹਿਣ ਵਾਲੇ ਹਨ।

ਪੁਲੀਸ ਤੋਂ ਮਿਲੀ ਜਾਣਕਾਰੀ ਅਨੁਸਾਰ ਤਹਿਸੀਲ ਨਿਹਾਲ ਸਿੰਘ ਵਾਲਾ ਦੇ ਪਿੰਡ ਮਾਛੀਕੇ ਦੇ ਵਸਨੀਕ ਜਗਦੀਪ ਸਿੰਘ (40), ਪੁੱਤਰ ਅਜੀਤ ਸਿੰਘ, ਨੇ ਇਸ ਸਬੰਧੀ 28 ਫਰਵਰੀ ਨੂੰ ਪੁਲੀਸ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਵਿੱਚ ਉਸ ਨੇ ਦੋਸ਼ ਲਾਇਆ ਕਿ ਉਸ ਦੇ ਪਰਿਵਾਰ ਨੂੰ ਕੈਨੇਡਾ ਭੇਜਣ ਅਤੇ ਵਿਆਹ ਕਰਵਾਉਣ ਦੇ ਨਾਂ ’ਤੇ ਵੱਡੀ ਰਕਮ ਦੇਣ ਲਈ ਪ੍ਰੇਰਿਤ ਕੀਤਾ ਗਿਆ।

ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਡੀਐੱਸਪੀ ਨਿਹਾਲ ਸਿੰਘ ਵਾਲਾ ਵੱਲੋਂ ਇਸ ਦੀ ਪੜਤਾਲ ਕੀਤੀ ਗਈ। ਪੁਲੀਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮਾਂ ਨੇ ਸ਼ਿਕਾਇਤਕਰਤਾ ਨੂੰ ਉਸ ਦੇ ਭਰਾ ਜੋਰਾਵਰ ਸਿੰਘ ਦਾ ਵਿਆਹ ਵੀਰਪਾਲ ਕੌਰ ਨਾਲ ਕਰਵਾਉਣ ਦਾ ਭਰੋਸਾ ਦਿੱਤਾ ਸੀ। ਜੋਰਾਵਰ ਸਿੰਘ ਇਸ ਸਮੇਂ ਅਮਰੀਕਾ ਵਿੱਚ ਰਿਫਿਊਜੀ ਦਰਜੇ ’ਤੇ ਰਹਿ ਰਿਹਾ ਦੱਸਿਆ ਗਿਆ ਹੈ।

ਸ਼ਿਕਾਇਤ ਮੁਤਾਬਕ ਮੁਲਜ਼ਮਾਂ ਨੇ ਇਹ ਵੀ ਭਰੋਸਾ ਦਿੱਤਾ ਸੀ ਕਿ ਵਿਆਹ ਤੋਂ ਬਾਅਦ ਵੀਰਪਾਲ ਕੌਰ ਨੂੰ ਕੈਨੇਡਾ ਭੇਜਿਆ ਜਾਵੇਗਾ ਅਤੇ ਪਰਿਵਾਰ ਦੀ ਮਦਦ ਨਾਲ ਉਸ ਨੂੰ ਉੱਥੇ ਪੱਕੇ ਤੌਰ ’ਤੇ ਸੈੱਟ ਕਰਵਾਇਆ ਜਾਵੇਗਾ। ਇਸ ਭਰੋਸੇ ਦੇ ਆਧਾਰ ’ਤੇ ਵੀਜ਼ਾ ਫੀਸ, ਦਸਤਾਵੇਜ਼ ਤਿਆਰ ਕਰਵਾਉਣ ਅਤੇ ਹੋਰ ਖਰਚਿਆਂ ਦੇ ਨਾਂ ’ਤੇ ਸ਼ਿਕਾਇਤਕਰਤਾ ਦੇ ਪਰਿਵਾਰ ਤੋਂ ਕਥਿਤ ਤੌਰ ’ਤੇ ਹੌਲੀ-ਹੌਲੀ ਲਗਭਗ 46 ਲੱਖ ਰੁਪਏ ਲਏ ਗਏ।

ਪਰਿਵਾਰ ਦਾ ਦੋਸ਼ ਹੈ ਕਿ ਵੱਡੀ ਰਕਮ ਹਾਸਲ ਕਰਨ ਤੋਂ ਬਾਅਦ ਮੁਲਜ਼ਮਾਂ ਨੇ ਨਾ ਤਾਂ ਕੈਨੇਡਾ ਭੇਜਣ ਸਬੰਧੀ ਆਪਣਾ ਵਾਅਦਾ ਪੂਰਾ ਕੀਤਾ ਅਤੇ ਨਾ ਹੀ ਲਈ ਗਈ ਰਕਮ ਵਾਪਸ ਕੀਤੀ। ਇਸ ਤੋਂ ਬਾਅਦ ਸ਼ਿਕਾਇਤਕਰਤਾ ਨੇ ਪੁਲੀਸ ਕੋਲ ਪਹੁੰਚ ਕਰਕੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ।

ਪੁਲੀਸ ਜਾਂਚ ਰਿਪੋਰਟ ਦੇ ਆਧਾਰ ’ਤੇ ਥਾਣਾ ਨਿਹਾਲ ਸਿੰਘ ਵਾਲਾ ਵਿੱਚ ਚਾਰੇ ਮੁਲਜ਼ਮਾਂ ਖ਼ਿਲਾਫ਼ ਧੋਖਾਧੜੀ ਅਤੇ ਕਥਿਤ ਸਾਜ਼ਿਸ਼ ਨਾਲ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲੀਸ ਵੱਲੋਂ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ ਅਤੇ ਠੱਗੀ ਦੀ ਰਕਮ ਅਤੇ ਇਸ ਨਾਲ ਜੁੜੇ ਹੋਰ ਤੱਥਾਂ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments