ਗੀਤਾ ਜ਼ੈਲਦਾਰ, ਆਤਮਾ ਬੁੱਢੇਵਾਲ-ਪ੍ਰੀਤ ਲਾਲੀ ਤੇ ਮਲਿਕਾ-ਜੋਤੀ ਨੇ ਬੰਨ੍ਹਿਆ ਰੰਗ 

ਹਰਜਿੰਦਰ ਥਿੰਦ ਸਮੇਤ ਕਈ ਸ਼ਖਸੀਅਤਾਂ ਦਾ ਵਿਸ਼ੇਸ਼ ਸਨਮਾਨ
ਐਬਸਫੋਰਡ (ਮਹੇਸ਼ਇੰਦਰ ਸਿੰਘ ਮਾਂਗਟ): ਵੈਲੀ ਯੂਨਾਈਟਿਡ ਕਲਚਰਲ ਕਲੱਬ ਐਬਸਫੋਰਡ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ‘ਮੇਲਾ ਪੰਜਾਬੀਆਂ ਦਾ’ ਰੋਟਰੀ ਸਟੇਡੀਅਮ ਐਬਸਫੋਰਡ ਵਿਖੇ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਮੇਲੇ ਦੌਰਾਨ ਪੰਜਾਬੀ ਸੱਭਿਆਚਾਰ, ਖੇਡਾਂ, ਗਾਇਕੀ ਅਤੇ ਸਾਹਿਤ ਦਾ ਖੂਬਸੂਰਤ ਸੁਮੇਲ ਦੇਖਣ ਨੂੰ ਮਿਲਿਆ।
ਮੇਲੇ ਦੇ ਮੁੱਖ ਗਾਇਕੀ ਪ੍ਰੋਗਰਾਮ ਦੌਰਾਨ ਉੱਘੇ ਪੰਜਾਬੀ ਗਾਇਕ ਗੀਤਾ ਜ਼ੈਲਦਾਰ, ਆਤਮਾ ਬੁੱਢੇਵਾਲ-ਪ੍ਰੀਤ ਲਾਲੀ ਦੀ ਦੋਗਾਣਾ ਜੋੜੀ, ਮਲਿਕਾ-ਜੋਤੀ, ਕੌਰ ਮਨਦੀਪ, ਮਨਰਾਜ ਹੰਸ, ਬਲਰਾਜ, ਨਵੀ, ਬੌਬੀ ਭੁੱਲਰ, ਏਕਮ, ਅਨਮੋਲ ਵਿਰਕ ਸਮੇਤ ਕਈ ਸਥਾਨਕ ਗਾਇਕਾਂ ਨੇ ਆਪਣੇ ਨਵੇਂ ਅਤੇ ਪੁਰਾਣੇ ਗੀਤਾਂ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ।
ਮਲਿਕਾ-ਜੋਤੀ ਦੀ ਗਾਇਕ ਭੈਣਾਂ ਦੀ ਜੋੜੀ ਨੇ ਮੰਚ ਤੋਂ ਹੇਠਾਂ ਆ ਕੇ ਦਰਸ਼ਕਾਂ ਨੂੰ ਆਪਣੇ ਨਾਲ ਨੱਚਣ ਲਈ ਮਜਬੂਰ ਕਰ ਦਿੱਤਾ। ‘ਮੁੰਡਾ ਮੰਗਦਾ ਬਦਾਮਾਂ ਵਾਲੀ ਖੀਰ’ ਸਮੇਤ ਹੋਰ ਗੀਤਾਂ ’ਤੇ ਦਰਸ਼ਕਾਂ ਨੇ ਖੂਬ ਨੱਚ-ਗਾ ਕੇ ਮੇਲੇ ਦਾ ਆਨੰਦ ਮਾਣਿਆ। ਉੱਥੇ ਹੀ ਆਤਮਾ ਬੁੱਢੇਵਾਲ-ਪ੍ਰੀਤ ਲਾਲੀ ਦੀ ਦੋਗਾਣਾ ਜੋੜੀ ਅਤੇ ਗੀਤਾ ਜ਼ੈਲਦਾਰ ਦੀ ਪੇਸ਼ਕਾਰੀ ਨੇ ਮੇਲੇ ਦੇ ਰੰਗ ਨੂੰ ਸਿਖਰ ’ਤੇ ਪਹੁੰਚਾ ਦਿੱਤਾ।
ਇਸ ਮੌਕੇ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਸਪਾਂਸਰਾਂ ਅਤੇ ਵੱਖ-ਵੱਖ ਖੇਤਰਾਂ ਵਿੱਚ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਦਾ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨ ਕੀਤਾ ਗਿਆ। ਕਮੇਟੀ ਵਿੱਚ ਪ੍ਰਧਾਨ ਹਰਜੋਤ ਸੰਧੂ, ਜਤਿੰਦਰ ਸਿੰਘ ਹੈਪੀ ਗਿੱਲ, ਲਖਵੀਰ ਮਾਨ, ਮਨਜਿੰਦਰ ਪੰਨੂ, ਮਨਜੀਤ ਗਿੱਲ, ਸੁਰਜੀਤ ਉਪਲ, ਪਵਨ ਧਾਲੀਵਾਲ, ਗੁਰਪ੍ਰੀਤ ਬਰਾੜ, ਸੁਰਿੰਦਰਪਾਲ ਗਰੇਵਾਲ, ਦਵਿੰਦਰ ਸਿੱਧੂ, ਜਗਤਾਰ ਚਾਹਲ, ਪਵਨ ਪਾਂਡੇ ਅਤੇ ਰਣਜੀਤ ਸੰਧੂ ਸਮੇਤ ਹੋਰ ਮੈਂਬਰਾਂ ਨੇ ਅਹਿਮ ਭੂਮਿਕਾ ਨਿਭਾਈ।
ਮੇਲੇ ਵਿੱਚ ਐਮ.ਪੀ. ਸੁਖ ਧਾਲੀਵਾਲ, ਐਮ.ਪੀ. ਗੁਰਬਖਸ਼ ਸਿੰਘ ਸੈਣੀ, ਬੀ.ਸੀ. ਦੇ ਕੈਬਨਿਟ ਮੰਤਰੀ ਜਗਰੂਪ ਬਰਾੜ, ਸਾਬਕਾ ਐਮ.ਪੀ. ਜਤੀ ਸਿੱਧੂ, ਸਾਬਕਾ ਐਮ.ਪੀ. ਜਸਬੀਰ ਸੰਧੂ, ਕੌਂਸਲਰ ਦੇਵ ਹੇਅਰ, ਕੌਂਸਲਰ ਕੈਲੀ ਚਾਹਲ, ਸਰੀ ਤੋਂ ਕੌਂਸਲਰ ਉਮੀਦਵਾਰ ਮੀਰਾ ਗਿੱਲ ਅਤੇ ਪਰਮਿੰਦਰ ਚੌਹਾਨ ਰਾਜਵੀਰ ਢਿੱਲੋਂ, ਐਬਸਫੋਰਡ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਰਾਜਿੰਦਰ ਸਿੰਘ ਢਿੱਲੋਂ, ਮੀਤ ਪ੍ਰਧਾਨ ਜਗਦੇਵ ਸਿੰਘ ਮੱਖਣ, ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਤੋਂ ਕਸ਼ਮੀਰ ਸਿੰਘ ਧਾਲੀਵਾਲ, ਜੁਗਿੰਦਰ ਸਿੰਘ ਸੁੰਨੜ, ਰੀਐਲਟਰ ਸੈਮ ਤੂਰ, ਡਾ ਪਰਗਟ ਸਿੰਘ ਭੁਰਜੀ, ਅਮਰ ਢਿੱਲੋਂ, ਸੋਨੀ ਸਿੱਧੂ,ਉੱਘੇ ਪ੍ਰਮੋਟਰ ਜਗਰਾਜ ਸਿੰਘ ਗਰਚਾ, ਅਜਮੇਰ ਸਿੰਘ ਭਾਗਪੁਰ ਸਾਬਕਾ ਚੇਅਰਮੈਨ, ਕਬੱਡੀ ਪ੍ਰੋਮੋਟਰ ਬਲਬੀਰ ਬੈਂਸ, ਗੁਰਬਿੰਦਰ ਸਿੰਘ ਬੋਪਾਰਾਏ, ਮੇਜਰ ਸਿੰਘ ਸਿੱਧੂ, ਹਰਵ ਬਦੇਸ਼ਾ, ਹਰਵਿੰਦਰ ਤੂਰ, ਰਾਜ ਖੇਲਾ ਸਮੇਤ ਵੱਖ-ਵੱਖ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਸ਼ਖਸੀਅਤਾਂ ਨੇ ਵਿਸ਼ੇਸ਼ ਹਾਜ਼ਰੀ ਭਰੀ ਅਤੇ ਪ੍ਰਬੰਧਕਾਂ ਨੂੰ ਮੇਲੇ ਦੀ ਸਫਲਤਾ ਲਈ ਵਧਾਈ ਦਿੱਤੀ।
ਇਸ ਦੌਰਾਨ ਰੈੱਡ ਐਫ.ਐਮ. ਦੇ ਉੱਘੇ ਰੇਡੀਓ ਹੋਸਟ ਹਰਜਿੰਦਰ ਸਿੰਘ ਥਿੰਦ ਨੂੰ ਪੰਜਾਬੀ ਭਾਈਚਾਰੇ ਅਤੇ ਰੇਡੀਓ ਖੇਤਰ ਵਿੱਚ ਨਿਭਾਈਆਂ ਸ਼ਾਨਦਾਰ ਸੇਵਾਵਾਂ ਲਈ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਰੀਐਲਟਰ ਟੋਨੀ ਬੱਲ, ਸਕੂਲ ਟਰੱਸਟੀ ਅਰਸ਼ ਕਲੇਰ ਅਤੇ ਹਰਦੀਪ ਸਿੰਘ ਪਰਮਾਰ, ਸਪਾਈਸ ਕਿਚਨ ਸਮੇਤ ਹੋਰ ਵਿਸ਼ੇਸ਼ ਮਹਿਮਾਨਾਂ ਦਾ ਵੀ ਸਨਮਾਨ ਕੀਤਾ ਗਿਆ।
ਮੇਲੇ ਦੀ ਸਫਲਤਾ ਲਈ ਪ੍ਰਧਾਨ ਹਰਜੋਤ ਸੰਧੂ ਅਤੇ ਜਤਿੰਦਰ ਸਿੰਘ ਹੈਪੀ ਗਿੱਲ ਨੇ ਸਮੂਹ ਸਰੋਤਿਆਂ, ਗਾਇਕਾਂ, ਸਪਾਂਸਰਾਂ ਅਤੇ ਸਹਿਯੋਗੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ।
ਗਾਇਕੀ ਦੇ ਅਖਾੜੇ ਤੋਂ ਪਹਿਲਾਂ ਕੈਲ ਦੁਸਾਂਝ ਦੀ ਅਗਵਾਈ ਹੇਠ ਕਿਡਜ ਪਲੇਅ ਵੱਲੋਂ ਬੱਚਿਆਂ ਦੀਆਂ ਦੌੜਾਂ ਅਤੇ ਰੱਸਾਕਸ਼ੀ ਦੇ ਮੁਕਾਬਲੇ ਵੀ ਕਰਵਾਏ ਗਏ, ਜਿਨ੍ਹਾਂ ਵਿੱਚ ਬੱਚਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਮੇਲੇ ਵਿੱਚ ਪੰਜਾਬੀ ਜੁੱਤੀਆਂ ਅਤੇ ਪੰਜਾਬੀ ਸੂਟਾਂ ਦੇ ਵੱਖ-ਵੱਖ ਸਟਾਲ ਵੀ ਖਿੱਚ ਦਾ ਕੇਂਦਰ ਰਹੇ। ਇਸ ਤੋਂ ਇਲਾਵਾ ਗੁਲਾਟੀ ਪਬਲਿਸ਼ਰਜ਼ ਵੱਲੋਂ ਹਰਦਮ ਮਾਨ ਦੀ ਅਗਵਾਈ ਹੇਠ ਲਗਾਈ ਗਈ ਪੁਸਤਕ ਪ੍ਰਦਰਸ਼ਨੀ ਨੂੰ ਵੀ ਪੰਜਾਬੀ ਪਾਠਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।
ਕੁੱਲ ਮਿਲਾ ਕੇ ਵੈਲੀ ਯੂਨਾਈਟਿਡ ਕਲਚਰਲ ਕਲੱਬ ਵੱਲੋਂ ਕਰਵਾਇਆ ਗਿਆ ‘ਮੇਲਾ ਪੰਜਾਬੀਆਂ ਦਾ’ ਪੰਜਾਬੀ ਸੱਭਿਆਚਾਰ, ਗਾਇਕੀ, ਖੇਡਾਂ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦਾ ਹੋਇਆ ਇੱਕ ਯਾਦਗਾਰੀ ਸਮਾਗਮ ਹੋ ਨਿਬੜਿਆ।






