HomeCanadaਬਰਮਿੰਘਮ ਵਿੱਚ ਲਹਿੰਦੇ ਪੰਜਾਬ ਦੇ ਉਘੇ ਪੰਜਾਬੀ ਕਾਰਕੁੰਨ ਨਾਸਿਰ ਢਿੱਲੋਂ ਦਾ ਨਿੱਘਾ...

ਬਰਮਿੰਘਮ ਵਿੱਚ ਲਹਿੰਦੇ ਪੰਜਾਬ ਦੇ ਉਘੇ ਪੰਜਾਬੀ ਕਾਰਕੁੰਨ ਨਾਸਿਰ ਢਿੱਲੋਂ ਦਾ ਨਿੱਘਾ ਸਵਾਗਤ ਤੇ ਸਨਮਾਨ

ਬਰਮਿੰਘਮ: ਲਹਿੰਦੇ ਪੰਜਾਬ ਤੋਂ ਯੂ.ਕੇ. ਪਹੁੰਚੇ ਪ੍ਰਸਿੱਧ ਪੰਜਾਬੀ ਕਾਰਕੁਨ ਨਾਸਿਰ ਢਿੱਲੋਂ ਦੇ ਸਵਾਗਤ ਅਤੇ ਸਨਮਾਨ ਲਈ ਬਰਮਿੰਘਮ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਯੂਰਪੀ ਪੰਜਾਬੀ ਸੱਥ ਅਤੇ ਸਿੱਖ ਐਜੂਕੇਸ਼ਨ ਫੋਰਮ ਵੱਲੋਂ ਸਾਂਝੇ ਤੌਰ ’ਤੇ ਕਰਵਾਇਆ ਗਿਆ। ਸਮਾਗਮ ਦੇ ਮੁੱਖ ਪ੍ਰਬੰਧਕਾਂ ਵਿੱਚ ਸ਼ਰਨਜੀਤ ਕੌਰ ਢੇਸੀ ਸ਼ਾਮਲ ਸਨ।

ਸਮਾਗਮ ਵਿੱਚ ਸਿੱਖਿਆ-ਸ਼ਾਸਤਰੀਆਂ, ਕਵੀਆਂ, ਲੇਖਕਾਂ, ਪੰਜਾਬੀ ਭਾਸ਼ਾ ਤੇ ਸੱਭਿਆਚਾਰ ਨਾਲ ਜੁੜੇ ਕਾਰਕੁਨਾਂ ਅਤੇ ਭਾਈਚਾਰੇ ਦੀਆਂ ਵੱਖ-ਵੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਕਰਦਿਆਂ ਸ਼ਰਨਜੀਤ ਕੌਰ ਢੇਸੀ ਨੇ ਨਾਸਿਰ ਢਿੱਲੋਂ ਦਾ ਯੂ.ਕੇ. ਆਉਣ ’ਤੇ ਨਿੱਘਾ ਸਵਾਗਤ ਕੀਤਾ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਵੰਡ ਨਾਲ ਜੁੜੀਆਂ ਯਾਦਾਂ ਅਤੇ ਲੋਕਾਂ ਦੇ ਨਿੱਜੀ ਤਜਰਬੇ ਸਾਡੀ ਸਾਂਝੀ ਵਿਰਾਸਤ ਦਾ ਅਹਿਮ ਹਿੱਸਾ ਹਨ ਅਤੇ ਇਨ੍ਹਾਂ ਨੂੰ ਸੰਭਾਲਣਾ ਸਮੇਂ ਦੀ ਲੋੜ ਹੈ।

ਯੂਰਪੀ ਪੰਜਾਬੀ ਸੱਥ ਦੇ ਮੁੱਖ ਸੇਵਾਦਾਰ ਸਰਦਾਰ ਮੋਤਾ ਸਿੰਘ ਸਰਾਏ ਅਮਰੀਕਾ ਵਿੱਚ ਹੋਣ ਕਾਰਨ ਸਮਾਗਮ ਵਿੱਚ ਸ਼ਿਰਕਤ ਨਹੀਂ ਕਰ ਸਕੇ। ਉਨ੍ਹਾਂ ਨੇ ਆਪਣਾ ਸੁਨੇਹਾ ਵੌਇਸ ਮੈਸੇਜ ਰਾਹੀਂ ਹਾਜ਼ਰੀਨ ਤੱਕ ਪਹੁੰਚਾਇਆ।

ਜੈ ਸੁਖ ਸਿੰਘ ਢੇਸੀ ਨੇ ਅੰਗਰੇਜ਼ੀ ਵਿੱਚ ਨਾਸਿਰ ਢਿੱਲੋਂ ਦੀ ਜਾਣ-ਪਛਾਣ ਕਰਵਾਉਂਦਿਆਂ ਉਨ੍ਹਾਂ ਵੱਲੋਂ ਵੰਡ ਨਾਲ ਸਬੰਧਤ ਕਹਾਣੀਆਂ ਅਤੇ ਯਾਦਾਂ ਨੂੰ ਇਕੱਠਾ ਕਰਨ ਅਤੇ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦੇ ਯਤਨਾਂ ਬਾਰੇ ਜਾਣਕਾਰੀ ਦਿੱਤੀ। ਸਮਾਗਮ ਦੀ ਸਟੇਜ ਕਾਰਵਾਈ ਪ੍ਰਸਿੱਧ ਲੇਖਕ ਨਿਰਮਲ ਸਿੰਘ ਕੰਧਾਲਵੀ ਨੇ ਬਾਖੂਬੀ ਨਿਭਾਈ। ਹਰਮਿੰਦਰ ਕੌਰ ਭੋਗਲ ਨੇ ਨਾਸਿਰ ਢਿੱਲੋਂ ਦੇ ਕੰਮ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕਰਦਿਆਂ ਉਨ੍ਹਾਂ ਨੂੰ ਸਨਮਾਨ ਭੇਟ ਕੀਤਾ।

ਇਸ ਮੌਕੇ ਅਜੈਬ ਸਿੰਘ ਗਰਚਾ, ਡਾ. ਮਹਿੰਦਰ ਗਿੱਲ ਅਤੇ ਗੁਰਦੇਵ ਸਿੰਘ ਚੋਹਾਨ ਸਮੇਤ ਹੋਰ ਬੁਲਾਰਿਆਂ ਨੇ ਵੀ ਵਿਚਾਰ ਪੇਸ਼ ਕੀਤੇ। ਬੁਲਾਰਿਆਂ ਨੇ ਇਤਿਹਾਸਕ ਯਾਦਾਂ ਨੂੰ ਸੰਭਾਲਣ, ਪੰਜਾਬੀ ਵਿਰਾਸਤ ਦੀ ਰੱਖਿਆ ਕਰਨ ਅਤੇ ਨਵੀਂ ਪੀੜ੍ਹੀ ਨੂੰ ਆਪਣੇ ਇਤਿਹਾਸ ਨਾਲ ਜੋੜਨ ਦੀ ਲੋੜ ’ਤੇ ਜ਼ੋਰ ਦਿੱਤਾ।

ਸਮਾਗਮ ਦਾ ਵਿਸ਼ੇਸ਼ ਆਕਰਸ਼ਣ ਕਵੀ ਦਰਬਾਰ ਰਿਹਾ। ਕੋਵੈਂਟਰੀ ਅਤੇ ਹੋਰ ਇਲਾਕਿਆਂ ਤੋਂ ਪਹੁੰਚੇ ਕੁਲਵੰਤ ਸਿੰਘ ਢੇਸੀ, ਰੁਪਿੰਦਰਜੀਤ ਕੌਰ, ਇੰਦੀ, ਬਲਵੰਤ ਸਿੰਘ ਸੱਗੂ ਸਮੇਤ ਹੋਰ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਕਵੀਆਂ ਨੇ ਪੰਜਾਬੀ ਵਿਰਾਸਤ, ਵੰਡ ਦੀਆਂ ਯਾਦਾਂ, ਪਰਵਾਸ, ਪਛਾਣ ਅਤੇ ਭਾਈਚਾਰਕ ਸਾਂਝ ਵਰਗੇ ਵਿਸ਼ਿਆਂ ਨੂੰ ਆਪਣੀਆਂ ਰਚਨਾਵਾਂ ਰਾਹੀਂ ਉਭਾਰਿਆ।

ਆਪਣੇ ਸੰਬੋਧਨ ਵਿੱਚ ਨਾਸਿਰ ਢਿੱਲੋਂ ਨੇ ਯੂਰਪੀ ਪੰਜਾਬੀ ਸੱਥ, ਸਿੱਖ ਐਜੂਕੇਸ਼ਨ ਫੋਰਮ, ਪ੍ਰਬੰਧਕਾਂ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ। ਉਨ੍ਹਾਂ ਵੰਡ ਨਾਲ ਜੁੜੀਆਂ ਯਾਦਾਂ ਅਤੇ ਲੋਕਾਂ ਦੇ ਤਜਰਬਿਆਂ ਨੂੰ ਸੰਭਾਲਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਅਜਿਹੀਆਂ ਕਹਾਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇਤਿਹਾਸ ਦਾ ਮਹੱਤਵਪੂਰਨ ਸਰੋਤ ਹਨ। ਉਨ੍ਹਾਂ ਹਾਜ਼ਰੀਨ ਨੂੰ ਲਾਹੌਰ ਵਿਖੇ ਹੋਣ ਵਾਲੀ ਚੌਥੀ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਵਿੱਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ।

ਅੰਤ ਵਿੱਚ ਸਰਵਣ ਸਿੰਘ ਘਟੌੜਾ ਨੇ ਸਮਾਪਤੀ ਭਾਸ਼ਣ ਦਿੰਦਿਆਂ ਨਾਸਿਰ ਢਿੱਲੋਂ, ਬੁਲਾਰਿਆਂ, ਕਵੀਆਂ, ਪ੍ਰਬੰਧਕਾਂ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ। ਸਮਾਗਮ ਨੇ ਪੰਜਾਬੀ ਇਤਿਹਾਸ, ਵੰਡ ਦੀਆਂ ਯਾਦਾਂ, ਭਾਸ਼ਾ, ਸਾਹਿਤ ਅਤੇ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਲਈ ਸਾਂਝੇ ਉਪਰਾਲਿਆਂ ਦੀ ਮਹੱਤਤਾ ਨੂੰ ਉਜਾਗਰ ਕੀਤਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments