HomePunjab Newsਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਮੁੜ ਵਿਵਾਦ: GTC ਨੇ SGPC ’ਤੇ ਜਾਣਬੁੱਝ...

ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਮੁੜ ਵਿਵਾਦ: GTC ਨੇ SGPC ’ਤੇ ਜਾਣਬੁੱਝ ਕੇ ਵਿਘਨ ਪਾਉਣ ਦੇ ਲਾਏ ਦੋਸ਼, ਸ਼੍ਰੋਮਣੀ ਕਮੇਟੀ ਨੇ ਕੀਤਾ ਖਾਰਜ

ਯੂ-ਟਿਊਬ ਪ੍ਰਸਾਰਣ ’ਚ ਬਲੈਕ ਸਕ੍ਰੀਨ ਤੇ ਆਵਾਜ਼ ਬੰਦ ਹੋਣ ਦੇ ਦਾਅਵੇ; GTC ਨੇ ਤਕਨੀਕੀ ਆਡਿਟ ਅਤੇ ਸਰਵਰ ਲੌਗ ਸੁਰੱਖਿਅਤ ਰੱਖਣ ਦੀ ਕੀਤੀ ਮੰਗ

ਸੱਚਖੰਡ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਤੋਂ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਣ ਨੂੰ ਲੈ ਕੇ ਇੱਕ ਵਾਰ ਫਿਰ ਵਿਵਾਦ ਖੜ੍ਹਾ ਹੋ ਗਿਆ ਹੈ। ਜੀ.ਟੀ.ਸੀ. ਨੈੱਟਵਰਕ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਅਧਿਕਾਰਤ ਯੂ-ਟਿਊਬ ਚੈਨਲ ’ਤੇ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਵਿੱਚ ਜਾਣਬੁੱਝ ਕੇ ਵਿਘਨ ਪਾਉਣ ਦੇ ਦੋਸ਼ ਲਾਏ ਹਨ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਨੇ GTC ਦੇ ਇਤਰਾਜ਼ਾਂ ਅਤੇ ਦਾਅਵਿਆਂ ਨੂੰ ਰੱਦ ਕਰ ਦਿੱਤਾ ਹੈ।

ਜੀ.ਟੀ.ਸੀ. ਨੈੱਟਵਰਕ ਦਾ ਦੋਸ਼ ਹੈ ਕਿ SGPC ਦੇ ਅਧਿਕਾਰਤ ਯੂ-ਟਿਊਬ ਚੈਨਲ ’ਤੇ ਗੁਰਬਾਣੀ ਦੇ ਪ੍ਰਸਾਰਣ ਦੌਰਾਨ ਵਾਰ-ਵਾਰ ਸਕ੍ਰੀਨ ਕਾਲੀ ਹੋ ਜਾਂਦੀ ਹੈ ਅਤੇ ਆਵਾਜ਼ ਬੰਦ ਹੋ ਜਾਂਦੀ ਹੈ, ਜਦਕਿ ‘ਪੀ.ਟੀ.ਸੀ. ਨੈੱਟਵਰਕ’ ਉੱਤੇ ਇਹੀ ਪ੍ਰਸਾਰਣ ਬਿਨਾਂ ਕਿਸੇ ਰੁਕਾਵਟ ਦੇ ਸਾਫ਼ ਚੱਲਦਾ ਰਹਿੰਦਾ ਹੈ। ਨੈੱਟਵਰਕ ਮੁਤਾਬਕ ਇਹ ਸਮੱਸਿਆ 15 ਅਗਸਤ ਤੋਂ ਲਗਾਤਾਰ ਦੇਖਣ ਨੂੰ ਮਿਲ ਰਹੀ ਹੈ।

ਜੀ.ਟੀ.ਸੀ. ਨੈੱਟਵਰਕ ਦੇ ਮੈਨੇਜਿੰਗ ਡਾਇਰੈਕਟਰ ਰਬਿੰਦਰ ਨਰਾਇਣ ਨੇ ਇਸ ਸਬੰਧੀ ਸ਼੍ਰੋਮਣੀ ਕਮੇਟੀ ਨੂੰ ਇੱਕ ਪੱਤਰ ਭੇਜ ਕੇ ਮਾਮਲੇ ’ਤੇ ਸਖ਼ਤ ਇਤਰਾਜ਼ ਜਤਾਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਕੋਈ ਆਮ ਤਕਨੀਕੀ ਖਰਾਬੀ ਨਹੀਂ ਹੈ ਅਤੇ ਇਸ ਸਬੰਧੀ ਵੱਖ-ਵੱਖ ਤਾਰੀਖਾਂ ਦੀਆਂ ਵੀਡੀਓ ਰਿਕਾਰਡਿੰਗਾਂ ਵੀ ਸਬੂਤ ਵਜੋਂ ਮੌਜੂਦ ਹਨ। ਉਨ੍ਹਾਂ ਕਿਹਾ ਕਿ ਦੁਨੀਆ ਭਰ ਦੀਆਂ ਸੰਗਤਾਂ ਨੇ ਵੀ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਦੌਰਾਨ ਆ ਰਹੀਆਂ ਇਨ੍ਹਾਂ ਰੁਕਾਵਟਾਂ ਨੂੰ ਨੋਟ ਕੀਤਾ ਹੈ।

GTC ਵੱਲੋਂ ਕੀਤੀ ਗਈ ਸ਼ਿਕਾਇਤ ਅਨੁਸਾਰ ਯੂ-ਟਿਊਬ ’ਤੇ ਗੁਰਬਾਣੀ ਸੁਣਨ ਵਾਲੇ ਦਰਸ਼ਕਾਂ ਨੂੰ ਵਾਰ-ਵਾਰ ਬਲੈਕ ਸਕ੍ਰੀਨ ਅਤੇ ਆਵਾਜ਼ ਗਾਇਬ ਹੋਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਬਿੰਦਰ ਨਰਾਇਣ ਦਾ ਤਰਕ ਹੈ ਕਿ ਜੇਕਰ ਇਹ ਸਿਰਫ਼ ਤਕਨੀਕੀ ਖਰਾਬੀ ਹੁੰਦੀ ਤਾਂ ਇੱਕੋ ਸਰੋਤ ਤੋਂ ਚੱਲਣ ਵਾਲੀਆਂ ਸਾਰੀਆਂ ਪ੍ਰਸਾਰਣ ਫੀਡਾਂ ’ਤੇ ਇਸ ਦਾ ਪ੍ਰਭਾਵ ਪੈਂਦਾ। ਉਨ੍ਹਾਂ ਦਾਅਵਾ ਕੀਤਾ ਕਿ ਪੀ.ਟੀ.ਸੀ. ਦੇ ਪ੍ਰਸਾਰਣ ਵਿੱਚ ਅਜਿਹੀ ਕੋਈ ਸਮੱਸਿਆ ਨਾ ਹੋਣ ਕਾਰਨ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਜ਼ਰੂਰੀ ਹੈ।

GTC ਨੇ ਸ਼੍ਰੋਮਣੀ ਕਮੇਟੀ ਤੋਂ 7 ਦਿਨਾਂ ਦੇ ਅੰਦਰ ਇਸ ਮਾਮਲੇ ’ਤੇ ਲਿਖਤੀ ਸਪੱਸ਼ਟੀਕਰਨ ਦੇਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਪੂਰੇ ਪ੍ਰਸਾਰਣ ਪ੍ਰਬੰਧ ਦੀ ਸੁਤੰਤਰ ਤਕਨੀਕੀ ਜਾਂਚ ਕਰਵਾਉਣ ਅਤੇ ਸਰਵਰ ਲੌਗਸ ਨੂੰ ਸੁਰੱਖਿਅਤ ਰੱਖਣ ਦੀ ਮੰਗ ਵੀ ਕੀਤੀ ਗਈ ਹੈ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਪ੍ਰਸਾਰਣ ਵਿੱਚ ਆ ਰਹੀਆਂ ਰੁਕਾਵਟਾਂ ਦਾ ਅਸਲ ਕਾਰਨ ਕੀ ਹੈ।

ਜੀ.ਟੀ.ਸੀ. ਨੈੱਟਵਰਕ ਨੇ ਕਿਹਾ ਕਿ ਗੁਰਬਾਣੀ ਦੇ ਪ੍ਰਸਾਰਣ ਵਿੱਚ ਕਿਸੇ ਵੀ ਤਰ੍ਹਾਂ ਦਾ ਵਿਘਨ ਸੰਗਤ ਲਈ ਗੰਭੀਰ ਮਾਮਲਾ ਹੈ। ਨੈੱਟਵਰਕ ਨੇ ਇਹ ਵੀ ਪ੍ਰਸਤਾਵ ਦਿੱਤਾ ਕਿ ਜੇਕਰ ਸ਼੍ਰੋਮਣੀ ਕਮੇਟੀ ਮੌਜੂਦਾ ਤਕਨੀਕੀ ਪ੍ਰਬੰਧ ਵਿੱਚ ਸਮੱਸਿਆ ਦਾ ਹੱਲ ਕਰਨ ਵਿੱਚ ਅਸਮਰੱਥ ਹੈ ਤਾਂ ਉਹ ਆਪਣੇ ਖਰਚੇ ’ਤੇ ਆਧੁਨਿਕ ਤਕਨੀਕੀ ਉਪਕਰਨ ਲਗਾਉਣ ਲਈ ਤਿਆਰ ਹੈ।

ਸ਼੍ਰੋਮਣੀ ਕਮੇਟੀ ਨੇ GTC ਦੇ ਦਾਅਵੇ ਕੀਤੇ ਖਾਰਜ

ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੇ GTC ਨੈੱਟਵਰਕ ਵੱਲੋਂ ਗੁਰਬਾਣੀ ਦੇ ਪ੍ਰਸਾਰਣ ਸਬੰਧੀ ਚੁੱਕੇ ਗਏ ਇਤਰਾਜ਼ਾਂ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ।

ਉਨ੍ਹਾਂ ਸਪੱਸ਼ਟ ਕੀਤਾ ਕਿ GTC ਨੈੱਟਵਰਕ ਕੋਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪਵਿੱਤਰ ਗੁਰਬਾਣੀ ਦਾ ਮੁੜ-ਪ੍ਰਸਾਰਣ ਕਰਨ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਅਜੇ ਅਦਾਲਤ ਵਿੱਚ ਵਿਚਾਰ ਅਧੀਨ ਹੈ, ਇਸ ਲਈ GTC ਵੱਲੋਂ ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਇਸ ਤਰ੍ਹਾਂ ਦੇ ਇਤਰਾਜ਼ ਖੜ੍ਹੇ ਕਰਨਾ ਉਚਿਤ ਨਹੀਂ ਹੈ।

ਸ਼੍ਰੋਮਣੀ ਕਮੇਟੀ ਦੇ ਸਕੱਤਰ ਨੇ ਕਿਹਾ ਕਿ ਜੇਕਰ ਪ੍ਰਸਾਰਣ ਵਿੱਚ ਕਿਸੇ ਕਿਸਮ ਦੀ ਤਕਨੀਕੀ ਖਰਾਬੀ ਜਾਂ ਸਮੱਸਿਆ ਆਉਂਦੀ ਹੈ ਤਾਂ ਉਸ ਦੀ ਜਾਂਚ ਸੰਗਤ ਅਤੇ ਸ਼ਰਧਾਲੂਆਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦਿਆਂ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਜਾਂਚ GTC ਨੈੱਟਵਰਕ ਦੇ ਦਬਾਅ ਜਾਂ ਕਹਿਣ ’ਤੇ ਨਹੀਂ, ਸਗੋਂ ਸੰਗਤ ਦੀ ਸਹੂਲਤ ਅਤੇ ਪ੍ਰਸਾਰਣ ਦੀ ਗੁਣਵੱਤਾ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਬਿਨਾਂ ਇਜਾਜ਼ਤ ਗੁਰਬਾਣੀ ਦਾ ਪ੍ਰਸਾਰਣ ਕਰਨ ਦੇ ਮਾਮਲੇ ਵਿੱਚ GTC ਨੈੱਟਵਰਕ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਗਿਆ ਸੀ। ਸ਼੍ਰੋਮਣੀ ਕਮੇਟੀ ਵੱਲੋਂ GTC ਖ਼ਿਲਾਫ਼ ਕਾਪੀਰਾਈਟ ਉਲੰਘਣਾ ਸਬੰਧੀ ਮਾਮਲਾ ਵੀ ਦਰਜ ਕਰਵਾਇਆ ਗਿਆ ਸੀ।

ਇਸ ਮਾਮਲੇ ਵਿੱਚ ਦਿੱਲੀ ਹਾਈ ਕੋਰਟ ਨੇ GTC ਦੇ ਪ੍ਰਸਾਰਣ ’ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਸੀ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 24 ਸਤੰਬਰ 2026 ਨੂੰ ਹੋਣੀ ਹੈ। ਫਿਲਹਾਲ ਗੁਰਬਾਣੀ ਦੇ ਯੂ-ਟਿਊਬ ਪ੍ਰਸਾਰਣ ਵਿੱਚ ਆ ਰਹੀਆਂ ਕਥਿਤ ਤਕਨੀਕੀ ਰੁਕਾਵਟਾਂ ਅਤੇ ਇਸ ਨੂੰ ਲੈ ਕੇ GTC ਤੇ SGPC ਵਿਚਕਾਰ ਚੱਲ ਰਹੇ ਵਿਵਾਦ ’ਤੇ ਅਗਲੇ ਕਦਮਾਂ ਦੀ ਉਡੀਕ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments