ਮੌਜੂਦਾਂ ਅਹੁਦੇਦਾਰਾਂ ਮੈਂਬਰਾਂ ਤੋਂ ਬਾਅਦ ਸਾਬਕਾ ਮੈਂਬਰਾਂ ਨੇ ਕੀਤਾ ਸਮਰਥਨ
ਕੁਰੂਕਸ਼ੇਤਰ/ਲੁਧਿਆਣਾ , 9 ਸਤੰਬਰ (ਸਰਬਜੀਤ ਸੂਫ਼ੀ ) ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੁੱਖ ਦਫ਼ਤਰ ਕੁਰੂਕਸ਼ੇਤਰ ਵਿਖੇ ਚੱਲ ਰਹੇ ਧਰਨੇ ਦੇ ਅੱਜ ਤੀਜੇ ਦਿਨ ਸਾਬਕਾ ਮੈਂਬਰਾਂ ਵੱਲੋਂ ਕਮੇਟੀ ਧਰਨੇ ਨੂੰ ਆਪਣਾ ਸਮਰਥਨ ਦਿੱਤਾ ਗਿਆ। ਮੈਂਬਰ ਸਰਦਾਰ ਗੁਰਤੇਜ ਸਿੰਘ ਮੁੱਖ ਦਫ਼ਤਰ ਦੇ ਮੁੱਖ ਗੇਟ ’ਤੇ ਧਰਨੇ ’ਤੇ ਬੈਠੇ ਹਨ।
ਸਮਰਥਨ ਦੇਣ ਵਾਲਿਆਂ ਵਿੱਚ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸਰਦਾਰ ਸੁਖਵਿੰਦਰ ਸਿੰਘ ਮੰਡੇਬਰ,ਸਰਦਾਰ ਅਮਰਾਓ ਸਿੰਘ ਛੀਨਾ, ਸਰਦਾਰ ਇੰਦਰਜੀਤ ਸਿੰਘ ਵਾਸੁਦੇਵਾ, ਸਰਦਾਰ ਬੇਅੰਤ ਸਿੰਘ ਨਲਵੀ, ਸਰਦਾਰ ਪਰਮਜੀਤ ਸਿੰਘ ਮਾਖਾ (ਸਿਰਸਾ) ਸਾਰੇ ਸਾਬਕਾ ਮੈਂਬਰ,ਮੈਂਬਰ ਸਰਦਾਰ ਬਲਦੇਵ ਸਿੰਘ ਹਾਬੜੀ, ਸਰਦਾਰ ਬਾਬੂ ਸਿੰਘ ਚੀਕਾ,ਮਸੰਦ ਭਾਈ ਗਲੋਰਾ ਜੀ ਦੇ ਵੰਸ਼ਜ,ਮੈਂਬਰ ਸਰਦਾਰ ਸਵਰਨ ਸਿੰਘ ਜੀ ਬੁੰਗਾ ਟਿੱਬੀ ਪੰਚਕੂਲਾ ਅਤੇ ਉਪ-ਪ੍ਰਧਾਨ ਸਰਦਾਰ ਗੁਰਬੀਰ ਸਿੰਘ ਤਲਾਕੌਰ ਸ਼ਾਮਲ ਰਹੇ।
ਸਮਰਥਨ ਦੇਣ ਵਾਲੇ ਮੈਂਬਰਾਂ ਨੇ ਕਿਹਾ ਕਿ ਸਰਦਾਰ ਗੁਰਤੇਜ ਸਿੰਘ ਵੱਲੋਂ ਉਠਾਏ ਗਏ ਸਵਾਲ ਅਤੇ ਮੰਗਾਂ ਜਾਇਜ਼ ਹਨ ਅਤੇ ਇਨ੍ਹਾਂ ਸਬੰਧੀ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਵੱਲੋਂ ਸਪਸ਼ਟ,ਪਾਰਦਰਸ਼ੀ ਅਤੇ ਤਸੱਲੀਬਖਸ਼ ਜਵਾਬ ਦਿੱਤੇ ਜਾਣੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਚੁਣੇ ਹੋਏ ਮੈਂਬਰਾਂ ਨੂੰ ਕਮੇਟੀ ਦੇ ਕੰਮਕਾਜ ਅਤੇ ਕਾਰਜਕਾਰਣੀ ਵੱਲੋਂ ਲਏ ਗਏ ਫ਼ੈਸਲਿਆਂ ਬਾਰੇ ਜਾਣਕਾਰੀ ਮੰਗਣ, ਸਵਾਲ ਪੁੱਛਣ ਅਤੇ ਉਨ੍ਹਾਂ ਦੇ ਉਚਿਤ ਜਵਾਬ ਪ੍ਰਾਪਤ ਕਰਨ ਦਾ ਪੂਰਾ ਹੱਕ ਹੈ। ਕਾਰਜਕਾਰਣੀ ਕਮੇਟੀ ਦੀ ਜ਼ਿੰਮੇਵਾਰੀ ਹੈ ਕਿ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾਈ ਜਾਵੇ, ਤਾਂ ਜੋ ਚੁਣੇ ਹੋਏ ਮੈਂਬਰ ਤੱਥਾਂ ਨੂੰ ਸੰਗਤ ਦੇ ਸਾਹਮਣੇ ਪਾਰਦਰਸ਼ੀ ਢੰਗ ਨਾਲ ਰੱਖ ਸਕਣ।
ਸਮਰਥਨ ਦੇਣ ਵਾਲੇ ਮੈਂਬਰਾਂ ਨੇ ਝੀਂਡਾ ਨੂੰ ਅਪੀਲ ਕੀਤੀ ਕਿ ਚੁਣੇ ਹੋਏ ਮੈਂਬਰਾਂ ਦੇ ਲੋਕਤੰਤਰਿਕ ਹੱਕਾਂ ਦਾ ਸਤਿਕਾਰ ਕਰਦਿਆਂ ਸਰਦਾਰ ਗੁਰਤੇਜ ਸਿੰਘ ਵੱਲੋਂ ਉਠਾਏ ਗਏ ਸਾਰੇ ਸਵਾਲਾਂ ਦੇ ਬਿੰਦੂਵਾਰ, ਤੱਥਾਂ ’ਤੇ ਆਧਾਰਿਤ ਅਤੇ ਲਿਖਤੀ ਜਵਾਬ ਦਿੱਤੇ ਜਾਣ। ਮਾਮਲੇ ਨੂੰ ਟਾਲਣ ਜਾਂ ਬੇਲੋੜੇ ਤੌਰ ’ਤੇ ਲੰਬਿਤ ਰੱਖਣ ਦੀ ਬਜਾਏ ਇਸ ਦਾ ਢੁਕਵਾਂ ਹੱਲ ਕੀਤਾ ਜਾਵੇ। ਜਾਂ ਅਸਤੀਫਾ ਦਿੱਤਾ ਜਾਵੇ ।
ਉਨ੍ਹਾਂ ਕਾਰਜਕਾਰਣੀ ਕਮੇਟੀ ਨੂੰ ਇਹ ਵੀ ਅਪੀਲ ਕੀਤੀ ਕਿ ਸਰਦਾਰ ਗੁਰਤੇਜ ਸਿੰਘ ਨਾਲ ਸਾਰਥਕ ਅਤੇ ਰਚਨਾਤਮਕ ਗੱਲਬਾਤ ਕਰਕੇ ਮਾਮਲੇ ਦਾ ਹੱਲ ਕੀਤਾ ਜਾਵੇ, ਤਾਂ ਜੋ ਸਮੁੱਚੀ ਸਿੱਖ ਸੰਗਤ ਦੇ ਹਿੱਤਾਂ ਦੀ ਰੱਖਿਆ ਹੋ ਸਕੇ।
ਉਨ੍ਹਾਂ ਸਾਰੇ ਸਬੰਧਤ ਧਿਰਾਂ ਨੂੰ ਸ਼ਾਂਤੀ, ਮਰਿਆਦਾ ਅਤੇ ਅਨੁਸ਼ਾਸਨ ਬਣਾਈ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਸਿੱਖ ਸੰਸਥਾ ਵਿੱਚ ਪਾਰਦਰਸ਼ਤਾ, ਜਵਾਬਦੇਹੀ ਅਤੇ ਲੋਕਤੰਤਰਿਕ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ।









