ਬਲਵਿੰਦਰ ਸਿੰਘ ਭੂੰਦੜ ਕਰਨਗੇ 9 ਮੈਂਬਰੀ ਕਮੇਟੀ ਦੀ ਅਗਵਾਈ, ਪੰਜਾਬ ਭਰ ਤੋਂ ਲੋਕਾਂ ਦੇ ਸੁਝਾਅ ਲੈ ਕੇ ਤਿਆਰ ਹੋਵੇਗਾ 2027 ਦਾ ਚੋਣ ਮਨੋਰਥ ਪੱਤਰ
ਸ਼੍ਰੋਮਣੀ ਅਕਾਲੀ ਦਲ ਨੇ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ 9 ਮੈਂਬਰੀ ਚੋਣ ਮਨੋਰਥ ਪੱਤਰ ਕਮੇਟੀ ਦਾ ਗਠਨ ਕਰ ਦਿੱਤਾ ਹੈ। ਪਾਰਟੀ ਵੱਲੋਂ ਬਣਾਈ ਗਈ ਇਹ ਕਮੇਟੀ ਪੰਜਾਬ ਦੇ ਵੱਖ-ਵੱਖ ਵਰਗਾਂ ਨਾਲ ਵਿਚਾਰ-ਵਟਾਂਦਰਾ ਕਰਕੇ ਸਾਲ 2027 ਦੀਆਂ ਚੋਣਾਂ ਲਈ ਪਾਰਟੀ ਦਾ ਚੋਣ ਮਨੋਰਥ ਪੱਤਰ ਤਿਆਰ ਕਰੇਗੀ।
ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਚੋਣ ਮਨੋਰਥ ਪੱਤਰ ਕਮੇਟੀ ਸਮੁੱਚੇ ਪੰਜਾਬ ਦਾ ਦੌਰਾ ਕਰੇਗੀ ਅਤੇ ਵੱਖ-ਵੱਖ ਵਰਗਾਂ ਦੇ ਲੋਕਾਂ ਨਾਲ ਮਸ਼ਵਰਾ ਕਰਨ ਉਪਰੰਤ ਆਪਣਾ ਦਸਤਾਵੇਜ਼ ਤਿਆਰ ਕਰੇਗੀ।
ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਇਸ ਕਮੇਟੀ ਦੇ ਚੇਅਰਮੈਨ ਵਜੋਂ ਅਗਵਾਈ ਕਰਨਗੇ, ਜਦਕਿ ਡਾ. ਦਲਜੀਤ ਸਿੰਘ ਚੀਮਾ ਨੂੰ ਮੈਂਬਰ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਗਠਿਤ ਕੀਤੀ ਗਈ ਇਸ ਕਮੇਟੀ ਵਿੱਚ ਗੁਲਜ਼ਾਰ ਸਿੰਘ ਰਣੀਕੇ, ਹੀਰਾ ਸਿੰਘ ਗਾਬੜੀਆ, ਮਹੇਸ਼ਇੰਦਰ ਸਿੰਘ ਗਰੇਵਾਲ, ਬਿਕਰਮ ਸਿੰਘ ਮਜੀਠੀਆ, ਸਿਕੰਦਰ ਸਿੰਘ ਮਲੂਕਾ, ਸੋਹਣ ਸਿੰਘ ਠੰਡਲ ਅਤੇ ਹਰਚਰਨ ਸਿੰਘ ਬੈਂਸ ਨੂੰ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਪਾਰਟੀ ਦੇ ਵੱਖ-ਵੱਖ ਵਿੰਗਾਂ ਦੇ ਪ੍ਰਧਾਨ ਵੀ ਕਮੇਟੀ ਨਾਲ ਵਿਸ਼ੇਸ਼ ਸੱਦੇ ਗਏ ਮੈਂਬਰਾਂ ਵਜੋਂ ਜੁੜਨਗੇ। ਇਨ੍ਹਾਂ ਵਿੱਚ ਨੌਜਵਾਨ, ਮਹਿਲਾ, ਵਪਾਰ ਅਤੇ ਉਦਯੋਗ, ਕਾਨੂੰਨੀ, ਵਿਦਿਆਰਥੀ, ਮੁਲਾਜ਼ਮ, ਸਾਬਕਾ ਫ਼ੌਜੀ ਅਤੇ ਘੱਟ ਗਿਣਤੀ ਵਿੰਗ ਸ਼ਾਮਲ ਹਨ।
ਚੋਣ ਮਨੋਰਥ ਪੱਤਰ ਕਮੇਟੀ ਵੱਲੋਂ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ, ਉਦਯੋਗਪਤੀਆਂ, ਨੌਜਵਾਨਾਂ, ਔਰਤਾਂ, ਮੁਲਾਜ਼ਮਾਂ ਅਤੇ ਸਮਾਜ ਦੇ ਹੋਰ ਵੱਖ-ਵੱਖ ਵਰਗਾਂ ਨਾਲ ਵਿਚਾਰ-ਚਰਚਾ ਕੀਤੀ ਜਾਵੇਗੀ। ਇਸ ਦੌਰਾਨ ਇਨ੍ਹਾਂ ਵਰਗਾਂ ਦੀਆਂ ਉਮੀਦਾਂ, ਚਿੰਤਾਵਾਂ ਅਤੇ ਤਰਜੀਹਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਪਾਰਟੀ ਦਾ ਕਹਿਣਾ ਹੈ ਕਿ ਲੋਕਾਂ ਵੱਲੋਂ ਦਿੱਤੇ ਜਾਣ ਵਾਲੇ ਵਿਚਾਰ ਅਤੇ ਸੁਝਾਅ ਸਾਲ 2027 ਲਈ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਮਨੋਰਥ ਪੱਤਰ ਨੂੰ ਤਿਆਰ ਕਰਨ ਦਾ ਅਹਿਮ ਆਧਾਰ ਬਣਨਗੇ। ਇਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਚੋਣ ਮਨੋਰਥ ਪੱਤਰ ਵਿੱਚ ਪੰਜਾਬ ਦੇ ਲੋਕਾਂ ਦੀ ਆਵਾਜ਼ ਅਤੇ ਉਨ੍ਹਾਂ ਦੀਆਂ ਉਮੀਦਾਂ ਦੀ ਸੱਚੀ ਝਲਕ ਦਿਖਾਈ ਦੇਵੇ।
ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਵੱਲੋਂ ਵੀ ਪਹਿਲਾਂ ਹੀ ਆਪਣੀ ਚੋਣ ਮਨੋਰਥ ਪੱਤਰ ਕਮੇਟੀ ਦਾ ਐਲਾਨ ਕੀਤਾ ਜਾ ਚੁੱਕਾ ਹੈ। ਸੰਸਦ ਮੈਂਬਰ ਡਾ. ਅਮਰ ਸਿੰਘ ਦੀ ਅਗਵਾਈ ਹੇਠ ਇਸ ਕਮੇਟੀ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ।
ਚੇਤੇ ਰਹੇ ਕਿ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਇਹ ਵਾਅਦਾ ਵੀ ਕਰ ਚੁੱਕਿਆ ਹੈ ਕਿ ਪਾਰਟੀ ਆਪਣੇ ਚੋਣ ਮਨੋਰਥ ਪੱਤਰ ਨੂੰ ਕਾਨੂੰਨੀ ਦਸਤਾਵੇਜ਼ ਦਾ ਦਰਜਾ ਦੇਵੇਗੀ।




