Google search engine
Home Punjab News ਗਗਨਦੀਪ ਰੰਧਾਵਾ ਖੁਦਕੁਸ਼ੀ ਮਾਮਲਾ: ਹਾਈ ਕੋਰਟ ਨੇ ਸੁਖਦੇਵ ਭੁੱਲਰ ਤੇ ਦਿਲਬਾਗ ਸਿੰਘ...

ਗਗਨਦੀਪ ਰੰਧਾਵਾ ਖੁਦਕੁਸ਼ੀ ਮਾਮਲਾ: ਹਾਈ ਕੋਰਟ ਨੇ ਸੁਖਦੇਵ ਭੁੱਲਰ ਤੇ ਦਿਲਬਾਗ ਸਿੰਘ ਦੀ ਅਗਾਊਂ ਜ਼ਮਾਨਤ ਕੀਤੀ ਖਾਰਜ

18

ਅਦਾਲਤ ਨੇ ਕਿਹਾ—ਜਾਂਚ ਲਈ ਹਿਰਾਸਤੀ ਪੁੱਛਗਿੱਛ ਜ਼ਰੂਰੀ; ਡੀਵੀਆਰ, ਪਿਸਤੌਲ ਅਤੇ ਮੋਬਾਈਲ ਫੋਨਾਂ ਦੀ ਬਰਾਮਦਗੀ ਅਜੇ ਬਾਕੀ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਸਾਬਕਾ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਪਿਤਾ ਸੁਖਦੇਵ ਸਿੰਘ ਭੁੱਲਰ ਅਤੇ ਉਨ੍ਹਾਂ ਦੇ ਨਿੱਜੀ ਸਹਾਇਕ ਦਿਲਬਾਗ ਸਿੰਘ ਉਰਫ਼ ਬੱਗਾ ਨੂੰ ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਦੀ ਖੁਦਕੁਸ਼ੀ ਦੇ ਮਾਮਲੇ ਵਿੱਚ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਹਾਈ ਕੋਰਟ ਦੇ ਇਸ ਮਾਮਲੇ ਵਿੱਚ ਹਾਲੀਆ ਕਾਰਵਾਈ ਦੌਰਾਨ ਦੋਵਾਂ ਦੀਆਂ ਅਗਾਊਂ ਜ਼ਮਾਨਤ ਪਟੀਸ਼ਨਾਂ ’ਤੇ ਫ਼ੈਸਲਾ ਰਾਖਵਾਂ ਰੱਖਿਆ ਗਿਆ ਸੀ।

ਜਸਟਿਸ ਅਮਨ ਚੌਧਰੀ ਦੀ ਅਦਾਲਤ ਵਿੱਚ ਹੋਈ ਸੁਣਵਾਈ ਦੌਰਾਨ ਮਾਮਲੇ ਨਾਲ ਜੁੜੇ ਦੋਸ਼ਾਂ ਅਤੇ ਜਾਂਚ ਦੀ ਪ੍ਰਗਤੀ ’ਤੇ ਵਿਚਾਰ ਕੀਤਾ ਗਿਆ। ਮਾਮਲਾ ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਦੀ 21 ਮਾਰਚ ਨੂੰ ਹੋਈ ਮੌਤ ਨਾਲ ਸਬੰਧਤ ਹੈ। ਪੁਲਿਸ ਵੱਲੋਂ ਦਰਜ ਮਾਮਲੇ ਵਿੱਚ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ, ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਭੁੱਲਰ ਅਤੇ ਨਿੱਜੀ ਸਹਾਇਕ ਦਿਲਬਾਗ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਸੀ।

ਅਦਾਲਤ ਸਾਹਮਣੇ ਇਹ ਪੱਖ ਰੱਖਿਆ ਗਿਆ ਕਿ ਸੁਖਦੇਵ ਸਿੰਘ ਭੁੱਲਰ ਨੇ ਇੱਕ ਟੈਂਡਰ ਪ੍ਰਕਿਰਿਆ ਵਿੱਚ ਹਿੱਸਾ ਲਿਆ ਸੀ, ਜੋ ਐੱਮ/ਐੱਸ ਬਾਬਾ ਨਾਗਾ ਐਗਰੋ ਪ੍ਰਾਈਵੇਟ ਲਿਮਟਿਡ ਨੂੰ ਅਲਾਟ ਹੋਈ ਸੀ। ਦੋਸ਼ ਹੈ ਕਿ ਗਗਨਦੀਪ ਸਿੰਘ ਰੰਧਾਵਾ ’ਤੇ ਇਹ ਟੈਂਡਰ ਰੱਦ ਕਰਕੇ ਸੁਖਦੇਵ ਸਿੰਘ ਭੁੱਲਰ ਦੇ ਹੱਕ ਵਿੱਚ ਮੁੜ ਅਲਾਟ ਕਰਨ ਲਈ ਦਬਾਅ ਬਣਾਇਆ ਗਿਆ ਸੀ। ਪੁਲਿਸ ਦੀ ਜਾਂਚ ਵੀ ਟੈਂਡਰਾਂ ਨਾਲ ਸਬੰਧਤ ਇਨ੍ਹਾਂ ਦੋਸ਼ਾਂ ’ਤੇ ਕੇਂਦਰਿਤ ਰਹੀ ਹੈ।

ਜਾਂਚ ਦੌਰਾਨ 13 ਮਾਰਚ ਨੂੰ ਕਥਿਤ ਤੌਰ ’ਤੇ ਸਾਬਕਾ ਮੰਤਰੀ ਦੇ ਘਰ ਤਿਆਰ ਕੀਤੀ ਗਈ ਇੱਕ ਵੀਡੀਓ ਵੀ ਸਾਹਮਣੇ ਆਈ। ਅਦਾਲਤ ਵਿੱਚ ਦੱਸਿਆ ਗਿਆ ਕਿ ਵੀਡੀਓ ਦੀ ਜਾਂਚ ਦੌਰਾਨ ਇਸ ਵਿੱਚ ਦਿਖਾਈ ਦੇ ਰਹੇ ਸੋਫ਼ਾ ਸੈੱਟ ਅਤੇ ਪਰਦੇ ਮੁੱਖ ਮੁਲਜ਼ਮ ਦੇ ਰਿਹਾਇਸ਼ੀ ਘਰ ਦੇ ਇੱਕ ਕਮਰੇ ਵਿੱਚ ਮੌਜੂਦ ਸਮਾਨ ਨਾਲ ਮੇਲ ਖਾਂਦੇ ਪਾਏ ਗਏ। ਮਾਮਲੇ ਦੀ ਜਾਂਚ ਵਿੱਚ ਇਸ ਵੀਡੀਓ ਨੂੰ ਅਹਿਮ ਸਬੂਤਾਂ ਵਿੱਚੋਂ ਇੱਕ ਵਜੋਂ ਦੇਖਿਆ ਜਾ ਰਿਹਾ ਹੈ।

ਜਾਂਚ ਵਿੱਚ ਇਹ ਦੋਸ਼ ਵੀ ਸਾਹਮਣੇ ਆਏ ਹਨ ਕਿ ਗਗਨਦੀਪ ਸਿੰਘ ਰੰਧਾਵਾ ਨੂੰ ਕਥਿਤ ਤੌਰ ’ਤੇ ਰਿਸ਼ਵਤ ਲੈਣ ਦੀ ਗੱਲ ਕਬੂਲ ਕਰਨ ਲਈ ਮਜਬੂਰ ਕੀਤਾ ਗਿਆ ਅਤੇ ਉਸ ਨਾਲ ਕੁੱਟਮਾਰ ਕੀਤੀ ਗਈ। ਇੱਕ ਗਵਾਹ ਦੇ ਬਿਆਨ ਮੁਤਾਬਕ, ਗਗਨਦੀਪ ਨੇ ਅੰਮ੍ਰਿਤਸਰ ਵਾਪਸ ਆਉਂਦੇ ਸਮੇਂ ਦੱਸਿਆ ਸੀ ਕਿ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ ਅਤੇ ਸੁਖਦੇਵ ਸਿੰਘ ਭੁੱਲਰ ਦੇ ਨਾਮ ’ਤੇ ਟੈਂਡਰ ਮੁੜ ਅਲਾਟ ਕਰਨ ਲਈ ਇੱਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਸੀ। ਪੁਲਿਸ ਰਿਕਾਰਡ ਮੁਤਾਬਕ ਇਸ ਤੋਂ ਕੁਝ ਦਿਨ ਬਾਅਦ 21 ਮਾਰਚ ਨੂੰ ਗਗਨਦੀਪ ਸਿੰਘ ਨੇ ਖੁਦਕੁਸ਼ੀ ਕਰ ਲਈ।

ਅਦਾਲਤ ਨੇ ਜਾਂਚ ਵਿੱਚ ਬਾਕੀ ਰਹਿੰਦੀ ਬਰਾਮਦਗੀ ਨੂੰ ਵੀ ਧਿਆਨ ਵਿੱਚ ਰੱਖਿਆ। ਪੁਲਿਸ ਵੱਲੋਂ ਕਥਿਤ ਤੌਰ ’ਤੇ ਹਟਾਏ ਗਏ ਡੀਵੀਆਰ ਦੀ ਬਰਾਮਦਗੀ ਤੋਂ ਇਲਾਵਾ ਪਿਸਤੌਲ ਅਤੇ ਮੋਬਾਈਲ ਫੋਨਾਂ ਦੀ ਬਰਾਮਦਗੀ ਵੀ ਅਜੇ ਬਾਕੀ ਦੱਸੀ ਗਈ। ਜਾਂਚ ਏਜੰਸੀ ਵੱਲੋਂ ਇਹ ਵੀ ਖਦਸ਼ਾ ਜ਼ਾਹਰ ਕੀਤਾ ਗਿਆ ਕਿ ਮੁਲਜ਼ਮ ਜ਼ਮਾਨਤ ’ਤੇ ਬਾਹਰ ਆਉਣ ਦੀ ਸਥਿਤੀ ਵਿੱਚ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ ਜਾਂ ਸਬੂਤਾਂ ਨਾਲ ਛੇੜਛਾੜ ਹੋ ਸਕਦੀ ਹੈ।

ਅਦਾਲਤ ਨੇ ਇਨ੍ਹਾਂ ਹਾਲਾਤਾਂ ਅਤੇ ਦੋਸ਼ਾਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਕਿਹਾ ਕਿ ਮਾਮਲੇ ਦੀ ਜਾਂਚ ਲਈ ਹਿਰਾਸਤੀ ਪੁੱਛਗਿੱਛ ਦੀ ਲੋੜ ਹੈ। ਇਸ ਕਰਕੇ ਸੁਖਦੇਵ ਸਿੰਘ ਭੁੱਲਰ ਅਤੇ ਦਿਲਬਾਗ ਸਿੰਘ ਨੂੰ ਅਗਾਊਂ ਜ਼ਮਾਨਤ ਦੇਣ ਲਈ ਮਾਮਲਾ ਢੁਕਵਾਂ ਨਹੀਂ ਮੰਨਿਆ ਗਿਆ।

ਇਸ ਮਾਮਲੇ ਵਿੱਚ ਪਹਿਲਾਂ ਅੰਮ੍ਰਿਤਸਰ ਦੀ ਜ਼ਿਲ੍ਹਾ ਅਦਾਲਤ ਵੱਲੋਂ ਵੀ ਸੁਖਦੇਵ ਸਿੰਘ ਭੁੱਲਰ ਅਤੇ ਦਿਲਬਾਗ ਸਿੰਘ ਦੀਆਂ ਅਗਾਊਂ ਜ਼ਮਾਨਤ ਅਰਜ਼ੀਆਂ ਰੱਦ ਕੀਤੀਆਂ ਜਾ ਚੁੱਕੀਆਂ ਹਨ।

ਗਗਨਦੀਪ ਦੀ ਮੌਤ ਤੋਂ ਬਾਅਦ ਦਰਜ ਹੋਇਆ ਸੀ ਮਾਮਲਾ

ਗਗਨਦੀਪ ਸਿੰਘ ਰੰਧਾਵਾ ਦੀ ਮੌਤ ਤੋਂ ਪਹਿਲਾਂ ਬਣਾਈ ਗਈ ਇੱਕ ਛੋਟੀ ਵੀਡੀਓ ਵੀ ਜਾਂਚ ਦਾ ਹਿੱਸਾ ਹੈ। ਪੁਲਿਸ ਮੁਤਾਬਕ ਇਸ ਵੀਡੀਓ ਵਿੱਚ ਉਸ ਨੇ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਦੱਸਿਆ ਸੀ। ਇਸ ਤੋਂ ਬਾਅਦ ਗਗਨਦੀਪ ਦੀ ਪਤਨੀ ਉਪਿੰਦਰ ਕੌਰ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਗਿਆ ਸੀ।

 

Google search engine
Google search engine