HomeGlobalਬਰੈਂਪਟਨ ਵਿੱਚ ਔਰਤ ਦੇ ਸਮਾਜਿਕ ਅਕਸ ’ਤੇ ਤਿੰਨ ਰੋਜ਼ਾ ਵਿਸ਼ਵ ਪੰਜਾਬੀ ਕਾਨਫਰੰਸ...

ਬਰੈਂਪਟਨ ਵਿੱਚ ਔਰਤ ਦੇ ਸਮਾਜਿਕ ਅਕਸ ’ਤੇ ਤਿੰਨ ਰੋਜ਼ਾ ਵਿਸ਼ਵ ਪੰਜਾਬੀ ਕਾਨਫਰੰਸ 2 ਅਕਤੂਬਰ ਤੋਂ

ਔਰਤ ਨਾਲ ਜੁੜੇ ਵੱਖ-ਵੱਖ ਵਿਸ਼ਿਆਂ ’ਤੇ 27 ਪੇਪਰ ਪੜ੍ਹੇ ਜਾਣਗੇ, ਵੱਖ-ਵੱਖ ਦੇਸ਼ਾਂ ਤੋਂ ਕਰੀਬ 40 ਵਿਦਵਾਨ ਹੋਣਗੇ ਸ਼ਾਮਲ : ਡਾ. ਦਲਵੀਰ ਸਿੰਘ ਕਥੂਰੀਆ

ਬਰੈਂਪਟਨ — ਵਿਸ਼ਵ ਪੰਜਾਬੀ ਸਭਾ ਵੱਲੋਂ ਔਰਤ ਦੇ ਵੱਖ-ਵੱਖ ਸਮਾਜਿਕ ਪੱਖਾਂ ਨੂੰ ਕੇਂਦਰ ਵਿੱਚ ਰੱਖਦਿਆਂ 2 ਅਕਤੂਬਰ ਤੋਂ 4 ਅਕਤੂਬਰ ਤੱਕ ਬਰੈਂਪਟਨ ਵਿਖੇ ਤਿੰਨ ਰੋਜ਼ਾ ਵਿਸ਼ਵ ਪੰਜਾਬੀ ਕਾਨਫਰੰਸ ਕਰਵਾਈ ਜਾ ਰਹੀ ਹੈ। ਕਾਨਫਰੰਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾ. ਦਲਵੀਰ ਸਿੰਘ ਕਥੂਰੀਆ ਨੇ ਕਾਨਫਰੰਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ ਕਾਨਫਰੰਸ ਦਾ ਵਿਸ਼ਾ ‘ਪੰਜਾਬੀ ਸਾਹਿਤ ਅਤੇ ਸਮਾਜ ਵਿੱਚ ਔਰਤ ਦਾ ਅਕਸ’ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕਾਨਫਰੰਸ ਦੌਰਾਨ ਔਰਤ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ ’ਤੇ ਕੁੱਲ 27 ਪੇਪਰ ਪੜ੍ਹੇ ਜਾਣਗੇ।

ਉਨ੍ਹਾਂ ਦੱਸਿਆ ਕਿ ਕਾਨਫਰੰਸ ਵਿੱਚ ਲੋਕਧਾਰਾ ਵਿੱਚ ਔਰਤ ਦਾ ਅਕਸ, ਸੂਫ਼ੀ ਕਾਵਿ ਵਿੱਚ ਔਰਤ, ਕਹਾਣੀ ਵਿੱਚ ਔਰਤ, ਪੰਜਾਬੀ ਨਾਟਕ ਅਤੇ ਪੰਜਾਬੀ ਰੰਗਮੰਚ ਨੂੰ ਔਰਤ ਦੀ ਦੇਣ, ਸਿੱਖਿਆ ਵਿੱਚ ਔਰਤ, ਸਮਾਜਿਕ ਜੀਵਨ ਵਿੱਚ ਔਰਤ, ਪੰਜਾਬੀ ਕਵਿਤਾ ਵਿੱਚ ਔਰਤ, ਔਰਤ ਦੇ ਆਧੁਨਿਕ ਰੂਪ ਦੀ ਸਵੀਕਾਰਤਾ, ਗੁਰਬਾਣੀ ਵਿੱਚ ਔਰਤ, ਕਿੱਸਾ ਕਾਵਿ ਵਿੱਚ ਔਰਤ, ਪੰਜਾਬੀ ਨਾਵਲ ਵਿੱਚ ਔਰਤ ਅਤੇ ਪੰਜਾਬੀ ਫ਼ਿਲਮਾਂ ਵਿੱਚ ਔਰਤ ਵਰਗੇ ਵਿਸ਼ਿਆਂ ’ਤੇ ਵਿਚਾਰ-ਚਰਚਾ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਪੰਜਾਬੀ ਗਾਇਕੀ ਵਿੱਚ ਔਰਤ, ਵਿਗਿਆਨ ਅਤੇ ਤਕਨਾਲੋਜੀ ਵਿੱਚ ਔਰਤ, ਔਰਤ ਦੀ ਆਜ਼ਾਦੀ, ਪਾਕਿਸਤਾਨੀ ਕਵਿਤਾ ਵਿੱਚ ਔਰਤ ਦਾ ਸਥਾਨ, ਆਧੁਨਿਕ ਮਾਨਸਿਕਤਾ ਵਿੱਚ ਔਰਤ ਦਾ ਅਕਸ, ਖੁਦ ਕਵਿੱਤਰੀਆਂ ਦੀ ਨਜ਼ਰ ਵਿੱਚ ਔਰਤ ਅਤੇ ਔਰਤਾਂ ਦੀ ਇੱਜ਼ਤ ਦਾ ਸਵਾਲ ਆਦਿ ਵਿਸ਼ਿਆਂ ਨੂੰ ਵੀ ਕਾਨਫਰੰਸ ਵਿੱਚ ਵਿਚਾਰਿਆ ਜਾਵੇਗਾ।

ਡਾ. ਕਥੂਰੀਆ ਨੇ ਦੱਸਿਆ ਕਿ ਕਾਨਫਰੰਸ ਦੇ ਹਿੱਸੇ ਵਜੋਂ ਰੰਗ ਕਰਮੀਆਂ ਵੱਲੋਂ ਔਰਤ ਨੂੰ ਕੇਂਦਰ ਵਿੱਚ ਰੱਖ ਕੇ ਸ਼ਾਮ ਸਮੇਂ ਨਾਟਕ ਵੀ ਪੇਸ਼ ਕੀਤੇ ਜਾਣਗੇ। ਇਸ ਦੇ ਨਾਲ ਹੀ ਕਾਨਫਰੰਸ ਵਿੱਚ ਕਵੀ ਦਰਬਾਰ ਅਤੇ ਗੀਤ-ਸੰਗੀਤ ਦੇ ਪ੍ਰੋਗਰਾਮ ਵੀ ਕਰਵਾਏ ਜਾਣਗੇ।

ਉਨ੍ਹਾਂ ਦੱਸਿਆ ਕਿ ਇਸ ਵਾਰ ਕੈਨੇਡਾ ਸਰਕਾਰ ਵੱਲੋਂ ਕਾਨਫਰੰਸ ਵਿੱਚ ਭਾਗ ਲੈਣ ਵਾਲੇ ਵਿਦਵਾਨਾਂ ਅਤੇ ਹੋਰ ਪ੍ਰਤੀਨਿਧੀਆਂ ਨੂੰ ਖੁੱਲ੍ਹੇ ਦਿਲ ਨਾਲ ਵੀਜ਼ੇ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਪ੍ਰਤੀ ਹਾਂ-ਪੱਖੀ ਨੀਤੀ ਰੱਖਣ ਲਈ ਸਰਕਾਰ ਦਾ ਧੰਨਵਾਦ ਕੀਤਾ ਜਾਂਦਾ ਹੈ।

ਕਾਨਫਰੰਸ ਦੇ ਕੋਆਰਡੀਨੇਟਰ ਬਲਵੀਰ ਰਾਏਕੋਟੀ ਅਤੇ ਡਾ. ਦਰਸ਼ਨਦੀਪ ਨੇ ਦੱਸਿਆ ਕਿ ਇਸ ਕਾਨਫਰੰਸ ਵਿੱਚ ਵੱਖ-ਵੱਖ ਦੇਸ਼ਾਂ ਤੋਂ ਲਗਪਗ 40 ਵਿਦਵਾਨ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਵਿਸ਼ਵ ਪੰਜਾਬੀ ਸਭਾ ਵੱਲੋਂ ਕਾਨਫਰੰਸ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਵਿਦਵਾਨਾਂ ਅਤੇ ਮਹਿਮਾਨਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments