IRCC ਨੇ ਲੋਕਾਂ ਨੂੰ ਕੀਤਾ ਸੁਚੇਤ; ਕੋਈ ਵੀ ਏਜੰਟ ਪੱਕੀ ਨੌਕਰੀ, ਵੀਜ਼ਾ ਜਾਂ ਪੱਕੀ ਰਿਹਾਇਸ਼ ਦਿਵਾਉਣ ਦੀ ਗਾਰੰਟੀ ਨਹੀਂ ਦੇ ਸਕਦਾ
ਕੈਨੇਡਾ ਦੀ ਇਮੀਗ੍ਰੇਸ਼ਨ ਸੰਸਥਾ (IRCC) ਨੇ ਵੀਜ਼ਾ ਲੈਣ ਦੇ ਚਾਹਵਾਨਾਂ ਅਤੇ ਕੈਨੇਡਾ ਵਿੱਚ ਨਵੇਂ ਆਏ ਲੋਕਾਂ ਨੂੰ ਆਰਟੀਫ਼ੀਸ਼ੀਅਲ ਇੰਟੈਲੀਜੈਂਸ (AI) ਦੀ ਮਦਦ ਨਾਲ ਕੀਤੀਆਂ ਜਾ ਰਹੀਆਂ ਠੱਗੀਆਂ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਠੱਗ ਹੁਣ AI ਦੀ ਵਰਤੋਂ ਕਰਕੇ ਸਰਕਾਰੀ ਅਫ਼ਸਰਾਂ ਦੀਆਂ ਨਕਲੀ ਵੀਡੀਓਜ਼ ਅਤੇ ਆਵਾਜ਼ਾਂ ਤਿਆਰ ਕਰ ਰਹੇ ਹਨ ਅਤੇ ਇਨ੍ਹਾਂ ਰਾਹੀਂ ਲੋਕਾਂ ਨੂੰ ਸਰਕਾਰੀ ਸੰਪਰਕ ਹੋਣ ਦਾ ਭਰਮ ਪਾ ਕੇ ਆਪਣੇ ਜਾਲ ਵਿੱਚ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਚਿਤਾਵਨੀ ਪੰਜਾਬ ਦੇ ਕੁਝ ਲੋਕਾਂ ਨਾਲ ਹੋਈਆਂ ਠੱਗੀਆਂ ਦੇ ਮਾਮਲਿਆਂ ਤੋਂ ਬਾਅਦ ਸਾਹਮਣੇ ਆਈ ਹੈ। ਠੱਗਾਂ ਵੱਲੋਂ ਕੈਨੇਡਾ ਵਿੱਚ ਪੱਕੀ ਨੌਕਰੀ ਅਤੇ ਵੀਜ਼ਾ ਦਿਵਾਉਣ ਦਾ ਝਾਂਸਾ ਦੇ ਕੇ ਲੋਕਾਂ ਕੋਲੋਂ ਮੋਟੀਆਂ ਰਕਮਾਂ ਵਸੂਲਣ ਦੇ ਮਾਮਲੇ ਸਾਹਮਣੇ ਆਏ ਹਨ। ਅਧਿਕਾਰੀਆਂ ਮੁਤਾਬਕ ਕੈਨੇਡਾ ਵਿੱਚ ਨਵੇਂ ਆਉਣ ਵਾਲੇ ਲੋਕਾਂ ਨੂੰ ਕਈ ਵਾਰ ਉੱਥੋਂ ਦੇ ਨਿਯਮਾਂ ਅਤੇ ਸਰਕਾਰੀ ਪ੍ਰਕਿਰਿਆਵਾਂ ਦੀ ਪੂਰੀ ਜਾਣਕਾਰੀ ਨਹੀਂ ਹੁੰਦੀ, ਜਿਸ ਦਾ ਫਾਇਦਾ ਠੱਗ ਚੁੱਕਦੇ ਹਨ।
ਠੱਗ ਅਕਸਰ ਆਪਣੇ ਆਪ ਨੂੰ ਸਰਕਾਰੀ ਅਫ਼ਸਰ ਦੱਸ ਕੇ ਲੋਕਾਂ ਨੂੰ ਫੋਨ ਕਰਦੇ ਹਨ। ਇਸ ਤੋਂ ਇਲਾਵਾ ਉਹ ਈ-ਮੇਲ ਜਾਂ ਮੋਬਾਈਲ ਸੁਨੇਹੇ ਭੇਜ ਕੇ ਟੈਕਸ, ਸਰਕਾਰੀ ਫੀਸ ਜਾਂ ਹੋਰ ਕਿਸੇ ਕਾਰਨ ਦਾ ਹਵਾਲਾ ਦਿੰਦੇ ਹਨ ਅਤੇ ਡਰਾ-ਧਮਕਾ ਕੇ ਪੈਸੇ ਮੰਗਦੇ ਹਨ। AI ਤਕਨੀਕ ਦੀ ਵਰਤੋਂ ਕਰਕੇ ਤਿਆਰ ਕੀਤੀਆਂ ਨਕਲੀ ਵੀਡੀਓਜ਼ ਅਤੇ ਆਵਾਜ਼ਾਂ ਕਾਰਨ ਅਜਿਹੀਆਂ ਠੱਗੀਆਂ ਨੂੰ ਪਛਾਣਨਾ ਹੋਰ ਵੀ ਮੁਸ਼ਕਲ ਹੋ ਸਕਦਾ ਹੈ।
IRCC ਨੇ ਸਪੱਸ਼ਟ ਕੀਤਾ ਹੈ ਕਿ ਕੋਈ ਵੀ ਏਜੰਟ ਜਾਂ ਵਿਅਕਤੀ ਕਿਸੇ ਨੂੰ ਪੱਕੀ ਨੌਕਰੀ, ਵੀਜ਼ਾ ਜਾਂ ਪੱਕੀ ਰਿਹਾਇਸ਼ ਦਿਵਾਉਣ ਦੀ ਗਾਰੰਟੀ ਨਹੀਂ ਦੇ ਸਕਦਾ। ਵੀਜ਼ਾ ਦੇਣ ਜਾਂ ਨਾ ਦੇਣ ਦਾ ਫੈਸਲਾ ਸਿਰਫ਼ ਕੈਨੇਡਾ ਦੇ ਸਰਕਾਰੀ ਇਮੀਗ੍ਰੇਸ਼ਨ ਅਧਿਕਾਰੀ ਹੀ ਕਰ ਸਕਦੇ ਹਨ।
ਵਿਭਾਗ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਵੀਜ਼ਾ ਜਾਂ ਇਮੀਗ੍ਰੇਸ਼ਨ ਨਾਲ ਸਬੰਧਤ ਸਰਕਾਰੀ ਫੀਸ ਸਿਰਫ਼ ਕੈਨੇਡਾ ਸਰਕਾਰ ਦੀ ਅਧਿਕਾਰਤ ਵੈੱਬਸਾਈਟ ਰਾਹੀਂ ਹੀ ਜਮ੍ਹਾਂ ਕਰਵਾਈ ਜਾਂਦੀ ਹੈ। ਸਰਕਾਰੀ ਕਰਮਚਾਰੀ ਕਿਸੇ ਵਿਅਕਤੀ ਨੂੰ ਨਿੱਜੀ ਬੈਂਕ ਖਾਤੇ ਵਿੱਚ ਪੈਸੇ ਜਮ੍ਹਾਂ ਕਰਵਾਉਣ ਲਈ ਨਹੀਂ ਕਹਿੰਦੇ। ਇਸੇ ਤਰ੍ਹਾਂ, ਸਰਕਾਰੀ ਅਧਿਕਾਰੀ ਪੈਸੇ ਵਸੂਲਣ ਲਈ ਡਿਪੋਰਟ ਕਰਨ ਦੀ ਧਮਕੀ ਵੀ ਨਹੀਂ ਦਿੰਦੇ।
ਇਸ ਤੋਂ ਇਲਾਵਾ, ਲੋਕਾਂ ਨੂੰ ਅਜਿਹੀਆਂ ਈ-ਮੇਲਾਂ ਤੋਂ ਵੀ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ ਜੋ ਸਰਕਾਰੀ ਸੁਨੇਹੇ ਵਾਂਗ ਦਿਖਾਈ ਦਿੰਦੀਆਂ ਹਨ ਪਰ ਜੀਮੇਲ, ਹੌਟਮੇਲ ਜਾਂ ਯਾਹੂ ਵਰਗੀਆਂ ਆਮ ਈ-ਮੇਲ ਸੇਵਾਵਾਂ ਤੋਂ ਭੇਜੀਆਂ ਗਈਆਂ ਹੋਣ। ਕਿਸੇ ਵੀ ਵਿਅਕਤੀ ਨੂੰ ਆਪਣੀ ਨਿੱਜੀ ਜਾਣਕਾਰੀ, ਬੈਂਕ ਵੇਰਵੇ ਜਾਂ ਪੈਸੇ ਦੇਣ ਤੋਂ ਪਹਿਲਾਂ ਸਰਕਾਰੀ ਸਰੋਤ ਰਾਹੀਂ ਜਾਣਕਾਰੀ ਦੀ ਪੁਸ਼ਟੀ ਕਰਨੀ ਚਾਹੀਦੀ ਹੈ।




