HomePunjab Newsਨੌਜਵਾਨ ਵੋਟਰਾਂ ਨੂੰ ਜੋੜਨ ਲਈ ਸੁਖਬੀਰ ਬਾਦਲ ਦਾ ਨਵਾਂ ਅੰਦਾਜ਼, ਪੈਂਟ-ਸ਼ਰਟ ਪਾ...

ਨੌਜਵਾਨ ਵੋਟਰਾਂ ਨੂੰ ਜੋੜਨ ਲਈ ਸੁਖਬੀਰ ਬਾਦਲ ਦਾ ਨਵਾਂ ਅੰਦਾਜ਼, ਪੈਂਟ-ਸ਼ਰਟ ਪਾ ਕੇ ‘ਵਾਈਬ ਪੰਜਾਬ ਦੀ’ ਮੰਚ ’ਤੇ ਪਹੁੰਚੇ

ਜੈੱਨ-ਜ਼ੀ ਨੌਜਵਾਨਾਂ ਨਾਲ ਖੁੱਲ੍ਹੀ ਗੱਲਬਾਤ ਦੌਰਾਨ ਮੁਫ਼ਤ ਸਿੱਖਿਆ, 25 ਲੱਖ ਰੁਪਏ ਤੱਕ ਸਿਹਤ ਬੀਮੇ ਅਤੇ ਵਿਆਜ-ਮੁਕਤ ਕਰਜ਼ਿਆਂ ਦੇ ਕੀਤੇ ਵਾਅਦੇ

ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਸਮੇਤ ਦੇਸ਼ ਦੀ ਸਿਆਸਤ ਵਿੱਚ ਨੌਜਵਾਨ ਵੋਟਰਾਂ ਤੱਕ ਸਿੱਧੀ ਪਹੁੰਚ ਬਣਾਉਣ ਦੀ ਕੋਸ਼ਿਸ਼ ਤੇਜ਼ ਹੋ ਗਈ ਹੈ। ਖ਼ਾਸ ਕਰਕੇ ਜੈੱਨ-ਜ਼ੀ ਵੋਟਰਾਂ ਨੂੰ ਆਪਣੇ ਨਾਲ ਜੋੜਨ ਲਈ ਸਿਆਸੀ ਆਗੂ ਰਵਾਇਤੀ ਸਿਆਸੀ ਅੰਦਾਜ਼ ਤੋਂ ਹਟ ਕੇ ਨੌਜਵਾਨਾਂ ਦੇ ਹਾਣ ਦਾ ਬਣਨ ਦੀ ਕੋਸ਼ਿਸ਼ ਕਰ ਰਹੇ ਹਨ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਅੱਜ ਦੇ ਸਮੇਂ ਵਿੱਚ ਨੌਜਵਾਨ ਕਿਸੇ ਵੀ ਚੋਣ ਦੇ ਨਤੀਜੇ ਤੈਅ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ।

ਭਾਰਤੀ ਰਾਜਨੀਤੀ ਵਿੱਚ ਇਸ ਬਦਲਾਅ ਦੀ ਝਲਕ ਪੰਜਾਬ ਤੋਂ ਇਲਾਵਾ ਕੌਮੀ ਪੱਧਰ ’ਤੇ ਵੀ ਵੇਖਣ ਨੂੰ ਮਿਲ ਰਹੀ ਹੈ। ਇੱਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੌਜਵਾਨਾਂ ਦੇ ਪ੍ਰਦਰਸ਼ਨਾਂ ਤੋਂ ਬਾਅਦ ਇਸ ਰੁਝਾਨ ਨੂੰ ਸਮਝਦਿਆਂ ਸੈਲਫ਼ੀ ਕੈਮਰੇ ਰਾਹੀਂ ਰੀਲਾਂ ਬਣਾਉਣ ਅਤੇ ਸਮਾਜਿਕ ਮਾਧਿਅਮਾਂ ਜ਼ਰੀਏ ਨੌਜਵਾਨਾਂ ਨਾਲ ਸਿੱਧਾ ਜੁੜਨ ਦਾ ਰਾਹ ਅਪਣਾਇਆ ਹੈ। ਦੂਜੇ ਪਾਸੇ ਕਾਂਗਰਸ ਆਗੂ ਰਾਹੁਲ ਗਾਂਧੀ ਵੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਦਿਆਰਥੀਆਂ ਅਤੇ ਨੌਜਵਾਨਾਂ ਨਾਲ ਖੁੱਲ੍ਹੇ ਗੱਲਬਾਤ ਪ੍ਰੋਗਰਾਮ ਕਰ ਰਹੇ ਹਨ।

ਮੋਗਾ ਵਿੱਚ ਵਿਦਿਆਰਥੀਆਂ ਨਾਲ ਜੁੜੇ ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੋਗਾ ਦੇ ਗੁਰੂ ਨਾਨਕ ਕਾਲਜ ਵਿਖੇ ‘ਵਾਈਬ ਪੰਜਾਬ ਦੀ’ ਬੈਨਰ ਹੇਠ ਜੈੱਨ-ਜ਼ੀ ਵੋਟਰਾਂ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਦਾ ਪਹਿਰਾਵਾ ਅਤੇ ਅੰਦਾਜ਼ ਵੀ ਚਰਚਾ ਦਾ ਕੇਂਦਰ ਬਣਿਆ। ਆਮ ਤੌਰ ’ਤੇ ਕੁੜਤਾ-ਪਜਾਮਾ ਪਹਿਨਣ ਵਾਲੇ ਸੁਖਬੀਰ ਬਾਦਲ ਇਸ ਵਾਰ ਪੈਂਟ-ਸ਼ਰਟ ਪਾ ਕੇ ਵਿਦਿਆਰਥੀਆਂ ਵਿੱਚ ਪਹੁੰਚੇ।

ਮੰਚ ’ਤੇ ਉਨ੍ਹਾਂ ਦੀ ਐਂਟਰੀ ਮਸ਼ਹੂਰ ਗਾਣੇ ‘ਧੁਰੰਦਰ’ ’ਤੇ ‘ਪੰਜਾਬ ਦੇ ਧੁਰੰਦਰ’ ਦੇ ਖਿਤਾਬ ਨਾਲ ਕਰਵਾਈ ਗਈ। ਇਸ ਮੌਕੇ ਨੌਜਵਾਨਾਂ ਵੱਲੋਂ ਪੁੱਛੇ ਗਏ ਵੱਖ-ਵੱਖ ਸਵਾਲਾਂ ਦੇ ਉਨ੍ਹਾਂ ਨੇ ਖੁੱਲ੍ਹ ਕੇ ਜਵਾਬ ਦਿੱਤੇ।

ਸੁਖਬੀਰ ਬਾਦਲ ਨੇ ਦੱਸਿਆ ਕਿ ਉਹ ਰੋਜ਼ਾਨਾ ਤਿੰਨ ਤੋਂ ਚਾਰ ਘੰਟੇ ਯੂਟਿਊਬ ਅਤੇ ਇੰਸਟਾਗ੍ਰਾਮ ’ਤੇ ਬਿਤਾਉਂਦੇ ਹਨ। ਉਨ੍ਹਾਂ ਕਿਹਾ ਕਿ ਕਈ ਵਾਰ ਇਸ ਕਾਰਨ ਘਰ ਵਿੱਚ ਲੜਾਈ ਵੀ ਹੋ ਜਾਂਦੀ ਹੈ। ਉਨ੍ਹਾਂ ਆਪਣੇ ਨਿੱਜੀ ਸ਼ੌਕਾਂ ਬਾਰੇ ਦੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਖੇਤੀਬਾੜੀ ਅਤੇ ਪਾਲਤੂ ਜਾਨਵਰ ਰੱਖਣ ਦਾ ਬਹੁਤ ਸ਼ੌਕ ਹੈ। ਉਨ੍ਹਾਂ ਕੋਲ 60 ਤੋਂ 70 ਕਿਸਮਾਂ ਦੇ ਮੁਰਗੇ ਅਤੇ ਦੁਨੀਆ ਦੇ ਸਭ ਤੋਂ ਛੋਟੇ ਘੋੜੇ ਵੀ ਹਨ।

ਪਰਚੀਆਂ ਰਾਹੀਂ ਨੌਜਵਾਨਾਂ ਨੇ ਪੁੱਛੇ ਸਵਾਲ

ਪ੍ਰੋਗਰਾਮ ਦੌਰਾਨ ਨੌਜਵਾਨਾਂ ਨਾਲ ਪਾਰਦਰਸ਼ੀ ਅਤੇ ਦੋ-ਪਾਸੜ ਗੱਲਬਾਤ ਯਕੀਨੀ ਬਣਾਉਣ ਲਈ ਇੱਕ ਪੇਟੀ ਵਿੱਚ ਬੱਚਿਆਂ ਦੇ ਨਾਮ ਲਿਖ ਕੇ ਪਰਚੀਆਂ ਪਾਈਆਂ ਗਈਆਂ ਸਨ। ਜਿਸ ਬੱਚੇ ਦੇ ਨਾਮ ਦੀ ਪਰਚੀ ਨਿਕਲਦੀ, ਉਹੀ ਸੁਖਬੀਰ ਬਾਦਲ ਨੂੰ ਸਵਾਲ ਪੁੱਛਦਾ ਸੀ।

ਇੱਕ ਨੌਜਵਾਨ ਵੱਲੋਂ ਘਰ ਵਿੱਚ ਬਿਜਲੀ ਜਾਣ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਸੁਖਬੀਰ ਬਾਦਲ ਨੇ ਮਜ਼ਾਕੀਆ ਅੰਦਾਜ਼ ਵਿੱਚ ਕਿਹਾ ਕਿ ਉਨ੍ਹਾਂ ਦੇ ਘਰ ਵੀ ਬਿਜਲੀ ਜਾਂਦੀ ਹੈ, ਪਰ ਉੱਥੇ ਜਨਰੇਟਰ ਲੱਗਿਆ ਹੋਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਪੰਜਾਬ ਵਿੱਚ ਬਿਜਲੀ ਸਰਪਲੱਸ ਹੋਣ ਦਾ ਜ਼ਿਕਰ ਵੀ ਕੀਤਾ।

ਉਨ੍ਹਾਂ ਕਿਹਾ ਕਿ ਲੋਕ ਚਾਹੁੰਦੇ ਹਨ ਕਿ ਉਹ ਆਪਣੇ ਪਿਤਾ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਰਗੇ ਬਣਨ, ਪਰ ਅਜਿਹਾ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦਾ ਕਮਿਟਮੈਂਟ ਪੱਧਰ ਅੱਜ ਦੀ ਲੀਡਰਸ਼ਿਪ ਨਾਲੋਂ ਬਹੁਤ ਜ਼ਿਆਦਾ ਸੀ।

ਆਪਣੇ ਸਕੂਲ ਦੇ ਦਿਨਾਂ ਨੂੰ ਯਾਦ ਕਰਦਿਆਂ ਸੁਖਬੀਰ ਬਾਦਲ ਨੇ ਦੱਸਿਆ ਕਿ ਉਹ ਭੰਗੜਾ ਟੀਮ ਦੇ ਕੈਪਟਨ ਵੀ ਰਹੇ ਹਨ।

ਸੱਤਾ ਵਿੱਚ ਆਉਣ ’ਤੇ ਮੁਫ਼ਤ ਸਿੱਖਿਆ ਅਤੇ 25 ਲੱਖ ਰੁਪਏ ਤੱਕ ਸਿਹਤ ਬੀਮੇ ਦਾ ਵਾਅਦਾ

ਨੌਜਵਾਨਾਂ ਅਤੇ ਜੈੱਨ-ਜ਼ੀ ਵੋਟਰਾਂ ਨੂੰ ਆਪਣੇ ਨਾਲ ਜੋੜਨ ਲਈ ਸੁਖਬੀਰ ਬਾਦਲ ਨੇ ਕਈ ਵੱਡੇ ਵਾਅਦੇ ਵੀ ਕੀਤੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਬਣਦੀ ਹੈ ਤਾਂ ਸੂਬੇ ਵਿੱਚ ਸਿੱਖਿਆ ਮੁਫ਼ਤ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਪ੍ਰਾਈਵੇਟ ਯੂਨੀਵਰਸਿਟੀਆਂ ਵਿੱਚ ਵੀ ਪੰਜਾਬ ਦੇ ਵਿਦਿਆਰਥੀਆਂ ਲਈ ਸੀਟਾਂ ਰਾਖਵੀਆਂ ਕੀਤੀਆਂ ਜਾਣਗੀਆਂ ਅਤੇ ਇਨ੍ਹਾਂ ਦਾ ਖਰਚਾ ਸਰਕਾਰ ਵੱਲੋਂ ਚੁੱਕਿਆ ਜਾਵੇਗਾ। ਇਸ ਤੋਂ ਇਲਾਵਾ ਸੂਬੇ ਦੇ ਸਾਰੇ ਵਸਨੀਕਾਂ ਨੂੰ 25 ਲੱਖ ਰੁਪਏ ਤੱਕ ਦਾ ਮੁਫ਼ਤ ਮੈਡੀਕਲ ਬੀਮਾ ਦੇਣ ਦਾ ਵਾਅਦਾ ਵੀ ਕੀਤਾ।

ਨਸ਼ਿਆਂ ਦੇ ਮੁੱਦੇ ’ਤੇ ਸੁਖਬੀਰ ਬਾਦਲ ਨੇ ਕਿਹਾ ਕਿ ਸਰਕਾਰ ਬਣਨ ਤੋਂ ਬਾਅਦ ਪਹਿਲੀ ਹੀ ਕੈਬਨਿਟ ਮੀਟਿੰਗ ਵਿੱਚ ਇਹ ਫ਼ੈਸਲਾ ਕੀਤਾ ਜਾਵੇਗਾ ਕਿ ਨਸ਼ਾ ਤਸਕਰੀ ਵਿੱਚ ਫੜੇ ਗਏ ਵਿਅਕਤੀ ਨੂੰ 10 ਸਾਲ ਤੱਕ ਜ਼ਮਾਨਤ ਨਾ ਮਿਲੇ ਅਤੇ ਉਸ ਦੇ ਪਰਿਵਾਰ ਦੀ ਜਾਇਦਾਦ ਜ਼ਬਤ ਕੀਤੀ ਜਾਵੇ।

ਉਨ੍ਹਾਂ ਨੌਜਵਾਨਾਂ ਲਈ ਨਵਾਂ ਕਾਰੋਬਾਰ ਸ਼ੁਰੂ ਕਰਨ ਵਾਸਤੇ 10 ਲੱਖ ਰੁਪਏ ਤੱਕ ਦੇ ਵਿਆਜ-ਮੁਕਤ ਕਰਜ਼ੇ ਦੇਣ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਖੇਤੀਬਾੜੀ ਨਾਲ ਸਬੰਧਤ ਯੋਜਨਾਵਾਂ ’ਤੇ 75 ਫ਼ੀਸਦੀ ਤੱਕ ਸਬਸਿਡੀ ਦੇਣ ਦਾ ਵਾਅਦਾ ਵੀ ਕੀਤਾ।

‘ਆਪ’ ਸਰਕਾਰ ’ਤੇ ਵੀ ਸਾਧਿਆ ਨਿਸ਼ਾਨਾ

ਇਸ ਦੌਰਾਨ ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਮੁੱਖ ਮੰਤਰੀ ਵੱਲੋਂ ਆਪਣੀ ਮਸ਼ਹੂਰੀ ਅਤੇ ਹੋਰਡਿੰਗਾਂ ’ਤੇ 500 ਕਰੋੜ ਰੁਪਏ ਖਰਚ ਕੀਤੇ ਗਏ ਹਨ।

ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਨੌਜਵਾਨ ਵੋਟਰਾਂ ਨੂੰ ਸਿਆਸੀ ਪਾਰਟੀਆਂ ਵੱਲੋਂ ਦਿੱਤੀ ਜਾ ਰਹੀ ਤਰਜੀਹ ਇਸ ਗੱਲ ਦਾ ਸੰਕੇਤ ਹੈ ਕਿ ਜੈੱਨ-ਜ਼ੀ ਪੀੜ੍ਹੀ ਹੁਣ ਚੋਣੀ ਸਿਆਸਤ ਵਿੱਚ ਇੱਕ ਮਹੱਤਵਪੂਰਨ ਹਿੱਸਾ ਬਣ ਚੁੱਕੀ ਹੈ। ਇਸੇ ਕਾਰਨ ਸਿਆਸੀ ਆਗੂ ਆਪਣੀ ਰਵਾਇਤੀ ਛਵੀ ਤੋਂ ਵੱਖਰਾ ਅੰਦਾਜ਼ ਅਪਣਾ ਕੇ ਨੌਜਵਾਨਾਂ ਨਾਲ ਸਿੱਧਾ ਸੰਪਰਕ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments