ਅਮਰੀਕਾ-ਕੈਨੇਡਾ ਵੱਸਦੇ ਪੰਜਾਬੀਆਂ ਵੱਲੋਂ ਹਾਕੀ ਉਲੰਪੀਅਨ ਪਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਨ ‘ਤੇ ਵਧਾਈ

ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੇ ਕਿਹਾ – ਖੇਡ ਅਤੇ ਰਾਜਨੀਤੀ ਦੋਵਾਂ ਵਿੱਚ ਪੰਜਾਬ ਦਾ ਮਾਣ ਵਧਾਉਣ ਵਾਲੀ ਸ਼ਖ਼ਸੀਅਤ ਹੈ ਪਰਗਟ ਸਿੰਘ*
ਸਿਆਟਲ ਤੋਂ ਜਗਰੂਪ ਸਿੰਘ ਜਰਖੜ ਦੀ ਵਿਸ਼ੇਸ਼ ਰਿਪੋਰਟ
ਅਮਰੀਕਾ ਅਤੇ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਵੱਲੋਂ ਹਾਕੀ ਦੇ ਮਹਾਨ ਖਿਡਾਰੀ ਅਤੇ ਉਲੰਪੀਅਨ ਪਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਨਿਯੁਕਤ ਹੋਣ ‘ਤੇ ਦਿਲੋਂ ਵਧਾਈ ਦਿੱਤੀ ਗਈ ਹੈ।
ਵਧਾਈ ਦੇਣ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਕੈਨੇਡਾ ਦੇ ਸਾਬਕਾ ਹਾਕੀ ਚੀਫ ਕੋਚ ਸ਼ਿਵ ਵੀਰਾ ਜੱਗਦੇ, ਸਾਬਕਾ ਅੰਤਰਰਾਸ਼ਟਰੀ ਹਾਕੀ ਖਿਡਾਰੀ ਤਜਿੰਦਰ ਸਿੰਘ ਔਜਲਾ ਉਰਫ ਤੇਜੀ, ਜਸਮੇਲ ਸਿੰਘ ਸਹੋਤਾ, ਮਨਜੀਤ ਸਿੰਘ ਮਲਸੀਆਂ, ਦਲਜੀਤ ਸਿੰਘ ਜਰਖੜ ਸਰੀ, ਅਮਰੀਕਾ ਤੋਂ ਮਨਮੋਹਨ ਗਰੇਵਾਲ ਉਰਫ ਮੋਹਣਾ ਜੋਧਾਂ, ਮਨਜੀਤ ਸਿੰਘ ਚਾਹਲ ਕਣਕਵਾਲ, ਕਰਨੈਲ ਸਿੰਘ ਕੈਲ ਰਾਮੂਵਾਲੀਆ, ਇੰਦਰਜੀਤ ਸਿੰਘ ਮਾਂਗਟ ਅਤੇ ਹੋਰ ਅਨੇਕਾਂ ਪ੍ਰਮੁੱਖ ਪੰਜਾਬੀ ਸ਼ਾਮਲ ਹਨ।
ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੇ ਕਿਹਾ ਕਿ ਪਰਗਟ ਸਿੰਘ ਦੀ ਨਿਯੁਕਤੀ ਨਾਲ ਕਾਂਗਰਸ ਪਾਰਟੀ ਨੂੰ ਪੰਜਾਬ ਵਿੱਚ ਹੋਰ ਮਜ਼ਬੂਤੀ ਮਿਲੇਗੀ ਕਿਉਂਕਿ ਉਹ ਇੱਕ ਇਮਾਨਦਾਰ, ਸਾਫ਼-ਸੁਥਰੀ ਅਤੇ ਜ਼ਮੀਨ ਨਾਲ ਜੁੜੀ ਹੋਈ ਸ਼ਖ਼ਸੀਅਤ ਹਨ। ਉਕਤ ਆਗੂਆਂ ਨੇ ਆਖਿਆ ਕਿ
ਪਰਗਟ ਸਿੰਘ ਨੇ ਭਾਰਤੀ ਹਾਕੀ ਟੀਮ ਦੀ ਕਪਤਾਨੀ ਦੋ ਵਾਰ ਉਲੰਪਿਕ ਖੇਡਾਂ ਵਿੱਚ ਕੀਤੀ ਹੈ – 1992 ਬਾਰਸੀਲੋਨਾ ਉਲੰਪਿਕ ਅਤੇ 1996 ਅਟਲਾਂਟਾ ਉਲੰਪਿਕ। ਇਹ ਮਾਣ ਬਹੁਤ ਘੱਟ ਖਿਡਾਰੀਆਂ ਨੂੰ ਹਾਸਲ ਹੈ। ਹੁਣ ਉਨ੍ਹਾਂ ਨੂੰ ਕਾਂਗਰਸ ਪਾਰਟੀ ਵਿੱਚ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਮਿਲਣਾ ਵੀ ਕਪਤਾਨ ਬਣਨ ਸਮਾਨ ਹੀ ਹੈ।
ਹਾਕੀ ਤੋਂ ਸੰਨਿਆਸ ਲੈਣ ਤੋਂ ਬਾਅਦ ਉਹ ਰਾਜਨੀਤੀ ਵਿੱਚ ਆਏ। ਉਹ ਜਲੰਧਰ ਕੈਂਟ ਤੋਂ ਲਗਾਤਾਰ ਵਿਧਾਇਕ ਚੁਣੇ ਗਏ ਹਨ ਅਤੇ ਪੰਜਾਬ ਸਰਕਾਰ ਵਿੱਚ ਸਿੱਖਿਆ, ਖੇਡਾਂ ਅਤੇ ਐਨ.ਆਰ.ਆਈ ਮਾਮਲਿਆਂ ਬਾਰੇ ਮੰਤਰੀ ਵੀ ਰਹਿ ਚੁੱਕੇ ਹਨ। ਉਹ ਹਮੇਸ਼ਾ ਪੰਜਾਬ ਦੇ ਨੌਜਵਾਨਾਂ ਅਤੇ ਖਿਡਾਰੀਆਂ ਦੀ ਆਵਾਜ਼ ਬੁਲੰਦ ਕਰਦੇ ਰਹੇ ਹਨ।
ਸਮੂਹ ਪ੍ਰਵਾਸੀ ਪੰਜਾਬੀਆਂ ਨੇ ਆਸ ਪ੍ਰਗਟ ਕੀਤੀ ਕਿ ਪਰਗਟ ਸਿੰਘ ਦੀ ਅਗਵਾਈ ਵਿੱਚ ਪੰਜਾਬ ਕਾਂਗਰਸ ਹੋਰ ਮਜ਼ਬੂਤ ਹੋਵੇਗੀ ਅਤੇ ਪੰਜਾਬ ਦੇ ਖੇਡ ਅਤੇ ਯੁਵਾ ਮੁੱਦਿਆਂ ਨੂੰ ਪਹਿਲ ਦੇ ਅਧਾਰ ਤੇ ਉਠਾਇਆ ਜਾਵੇਗਾ।




