HomeGlobalਭਾਰਤੀ ਮੂਲ ਦੀ ਨਵਨੀਤਮ ਪਿੱਲੈ ਨੂੰ 2026 ਦਾ ਸ਼ਾਂਤੀ ਨੋਬੇਲ ਪੁਰਸਕਾਰ, ਕੌਮਾਂਤਰੀ...

ਭਾਰਤੀ ਮੂਲ ਦੀ ਨਵਨੀਤਮ ਪਿੱਲੈ ਨੂੰ 2026 ਦਾ ਸ਼ਾਂਤੀ ਨੋਬੇਲ ਪੁਰਸਕਾਰ, ਕੌਮਾਂਤਰੀ ਕਾਨੂੰਨ ਦੀ ਮਜ਼ਬੂਤੀ ਲਈ ਮਿਲਿਆ ਸਨਮਾਨ

ਜੰਗੀ ਅਪਰਾਧਾਂ ਅਤੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਕੀਤੇ ਯਤਨਾਂ ਦੀ ਹੋਈ ਕਦਰ; ਪੁਰਸਕਾਰ ਮਿਲਣ ਮਗਰੋਂ ਡੋਨਲਡ ਟਰੰਪ ’ਤੇ ਵਿਅੰਗ ਕਰਦਿਆਂ ਕਿਹਾ, ‘ਸ਼ਾਇਦ ਇਹ ਪੁਰਸਕਾਰ ਉਨ੍ਹਾਂ ਨਾਲ ਵੰਡ ਲਵਾਂ’

ਨਾਰਵੇ ਦੀ ਨੋਬੇਲ ਕਮੇਟੀ ਨੇ ਸਾਲ 2026 ਦਾ ਸ਼ਾਂਤੀ ਨੋਬੇਲ ਪੁਰਸਕਾਰ ਭਾਰਤੀ ਮੂਲ ਦੀ ਦੱਖਣੀ ਅਫ਼ਰੀਕੀ ਕਾਨੂੰਨਦਾਨ ਨਵਨੀਤਮ ਨਵੀ ਪਿੱਲੈ ਨੂੰ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੂੰ ਇਹ ਸਨਮਾਨ ਜੰਗੀ ਅਪਰਾਧਾਂ ਅਤੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੇ ਨਾਲ-ਨਾਲ ਕੌਮਾਂਤਰੀ ਕਾਨੂੰਨ ਨੂੰ ਮਜ਼ਬੂਤ ਬਣਾਉਣ ਲਈ ਕੀਤੇ ਗਏ ਯਤਨਾਂ ਵਾਸਤੇ ਦਿੱਤਾ ਗਿਆ ਹੈ।

ਨਵਨੀਤਮ ਪਿੱਲੈ ਦਾ ਜਨਮ ਦੱਖਣੀ ਅਫ਼ਰੀਕਾ ਦੇ ਡਰਬਨ ਸ਼ਹਿਰ ਵਿੱਚ ਭਾਰਤੀ ਤਾਮਿਲ ਮੂਲ ਦੇ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦੇ ਮਾਪਿਆਂ ਦਾ ਸਬੰਧ ਭਾਰਤ ਨਾਲ ਸੀ। ਪਿੱਲੈ ਦੱਖਣੀ ਅਫ਼ਰੀਕਾ ਦੀ ਨਾਗਰਿਕ ਅਤੇ ਪ੍ਰਸਿੱਧ ਕਾਨੂੰਨਦਾਨ ਹਨ। ਉਨ੍ਹਾਂ ਨੇ ਨਸਲੀ ਵਿਤਕਰੇ ਵਿਰੁੱਧ ਸੰਘਰਸ਼ ਕਰਨ ਵਾਲੇ ਨੈਲਸਨ ਮੰਡੇਲਾ ਸਮੇਤ ਕਈ ਲੋਕਾਂ ਦੀ ਮਦਦ ਕੀਤੀ ਸੀ। ਮਨੁੱਖੀ ਅਧਿਕਾਰਾਂ ਦੀ ਰਾਖੀ ਅਤੇ ਨਿਆਂ ਦੀ ਸਥਾਪਨਾ ਲਈ ਉਨ੍ਹਾਂ ਦੇ ਯੋਗਦਾਨ ਨੂੰ ਵੀ ਇਸ ਸਨਮਾਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

ਨੋਬੇਲ ਕਮੇਟੀ ਨੇ ਪੁਰਸਕਾਰ ਦੇ ਮਹੱਤਵ ਬਾਰੇ ਗੱਲ ਕਰਦਿਆਂ ਕਿਹਾ ਕਿ ਦੁਨੀਆ ਭਰ ਵਿੱਚ ਜੰਗਾਂ ਅਤੇ ਟਕਰਾਅ ਲਗਾਤਾਰ ਵਧ ਰਹੇ ਹਨ। ਅਜਿਹੇ ਹਾਲਾਤ ਵਿੱਚ ਸ਼ਾਂਤੀ ਕਾਇਮ ਰੱਖਣ ਲਈ ਕੌਮਾਂਤਰੀ ਕਾਨੂੰਨਾਂ ਦੀ ਪਾਲਣਾ ਕਰਨਾ ਅਤੇ ਉਨ੍ਹਾਂ ਨੂੰ ਹੋਰ ਮਜ਼ਬੂਤ ਬਣਾਉਣਾ ਬੇਹੱਦ ਜ਼ਰੂਰੀ ਹੈ। ਕਮੇਟੀ ਅਨੁਸਾਰ ਕਾਨੂੰਨ ਦੀ ਮਜ਼ਬੂਤੀ ਨਾਲ ਹੀ ਦੇਸ਼ਾਂ ਅਤੇ ਸਮਾਜਾਂ ਵਿੱਚ ਨਿਆਂ, ਸ਼ਾਂਤੀ ਅਤੇ ਸਥਿਰਤਾ ਨੂੰ ਯਕੀਨੀ ਬਣਾਉਣ ਵਿੱਚ ਮਦਦ ਮਿਲ ਸਕਦੀ ਹੈ।

ਪੁਰਸਕਾਰ ਮਿਲਣ ਮਗਰੋਂ ਟਰੰਪ ’ਤੇ ਵਿਅੰਗ

ਸ਼ਾਂਤੀ ਨੋਬੇਲ ਪੁਰਸਕਾਰ ਦਾ ਐਲਾਨ ਹੋਣ ਮਗਰੋਂ ਨਵਨੀਤਮ ਪਿੱਲੈ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਬਾਰੇ ਵਿਅੰਗਮਈ ਟਿੱਪਣੀ ਕੀਤੀ। ਜਦੋਂ ਉਨ੍ਹਾਂ ਦੇ ਸਾਥੀਆਂ ਨੇ ਪੁਰਸਕਾਰ ਮਿਲਣ ਦੀ ਖ਼ਬਰ ’ਤੇ ਤਾੜੀਆਂ ਮਾਰ ਕੇ ਖ਼ੁਸ਼ੀ ਪ੍ਰਗਟਾਈ ਤਾਂ ਪਿੱਲੈ ਨੇ ਮਜ਼ਾਕੀਆ ਅੰਦਾਜ਼ ਵਿੱਚ ਕਿਹਾ, “ਜੇ ਤੁਸੀਂ ਕੁਝ ਹੋਰ ਤਾੜੀਆਂ ਮਾਰੋਗੇ ਤਾਂ ਸ਼ਾਇਦ ਮੈਂ ਇਹ ਪੁਰਸਕਾਰ ਟਰੰਪ ਨਾਲ ਵੰਡ ਲਵਾਂ।”

ਉਨ੍ਹਾਂ ਦੀ ਇਸ ਟਿੱਪਣੀ ਨੇ ਪੁਰਸਕਾਰ ਦੇ ਐਲਾਨ ਮਗਰੋਂ ਖ਼ਾਸ ਧਿਆਨ ਖਿੱਚਿਆ।

ਨੋਬੇਲ ਕਮੇਟੀ ਦੇ ਮੁਖੀ ਨੇ ਫ਼ੋਨ ਚੁੱਕਣ ਦੀ ਕੀਤੀ ਅਪੀਲ

ਆਮ ਤੌਰ ’ਤੇ ਨੋਬੇਲ ਪੁਰਸਕਾਰ ਕਮੇਟੀ ਜੇਤੂ ਦੇ ਨਾਂ ਦਾ ਅਧਿਕਾਰਤ ਐਲਾਨ ਕਰਨ ਤੋਂ ਪਹਿਲਾਂ ਉਸ ਨਾਲ ਫ਼ੋਨ ’ਤੇ ਸੰਪਰਕ ਕਰਕੇ ਪੁਰਸਕਾਰ ਬਾਰੇ ਜਾਣਕਾਰੀ ਦਿੰਦੀ ਹੈ। ਹਾਲਾਂਕਿ, ਇਸ ਵਾਰ ਕਮੇਟੀ ਦੀ ਨਵਨੀਤਮ ਪਿੱਲੈ ਨਾਲ ਗੱਲ ਨਹੀਂ ਹੋ ਸਕੀ।

ਪੁਰਸਕਾਰ ਦੇ ਐਲਾਨ ਤੋਂ ਬਾਅਦ ਕਮੇਟੀ ਦੇ ਪ੍ਰਧਾਨ ਯੋਰਗਨ ਵਾਟਨੇ ਫ੍ਰਾਈਡਨੇਸ ਨੇ ਇਸ ਬਾਰੇ ਹਲਕੇ-ਫੁਲਕੇ ਅੰਦਾਜ਼ ਵਿੱਚ ਟਿੱਪਣੀ ਕੀਤੀ। ਉਨ੍ਹਾਂ ਕਿਹਾ, “ਨਾਰਵੇ ਦਾ ਕੌਮਾਂਤਰੀ ਫ਼ੋਨ ਕੋਡ +47 ਹੈ। ਮੈਂ ਉਨ੍ਹਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਜੇ ਨਾਰਵੇ ਦੇ ਨੰਬਰ ਤੋਂ ਫ਼ੋਨ ਆਵੇ ਤਾਂ ਕਿਰਪਾ ਕਰਕੇ ਚੁੱਕ ਲਿਓ।”

ਫ੍ਰਾਈਡਨੇਸ ਨੇ ਕਿਹਾ ਕਿ ਇਸ ਸਾਲ ਦੇ ਸ਼ਾਂਤੀ ਨੋਬੇਲ ਪੁਰਸਕਾਰ ਰਾਹੀਂ ਕਮੇਟੀ ਦੁਨੀਆ ਨੂੰ ਇਹ ਯਾਦ ਦਿਵਾਉਣਾ ਚਾਹੁੰਦੀ ਹੈ ਕਿ ਕਾਨੂੰਨ ਦੀ ਪਾਲਣਾ ਕਰਨਾ ਹਰ ਦੇਸ਼ ਅਤੇ ਪੂਰੀ ਦੁਨੀਆ ਲਈ ਜ਼ਰੂਰੀ ਹੈ। ਉਨ੍ਹਾਂ ਅਨੁਸਾਰ ਕਾਨੂੰਨ ਦੀ ਪਾਲਣਾ ਨਾਲ ਹੀ ਵਿਵਸਥਾ ਕਾਇਮ ਰਹਿੰਦੀ ਹੈ ਅਤੇ ਵਿਵਾਦਾਂ ਨੂੰ ਹਿੰਸਾ ਦਾ ਰਾਹ ਅਪਣਾਏ ਬਿਨਾਂ ਸੁਲਝਾਉਣ ਦੀ ਸੰਭਾਵਨਾ ਵਧਦੀ ਹੈ।

ਕਮੇਟੀ ਦਾ ਸੰਦੇਸ਼ ਹੈ ਕਿ ਜੰਗਾਂ ਅਤੇ ਟਕਰਾਅ ਦੇ ਵਧਦੇ ਮਾਹੌਲ ਵਿੱਚ ਕੌਮਾਂਤਰੀ ਕਾਨੂੰਨ ਦੀ ਅਹਿਮੀਅਤ ਨੂੰ ਸਮਝਣਾ ਅਤੇ ਉਸ ਦੀ ਪਾਲਣਾ ਯਕੀਨੀ ਬਣਾਉਣਾ ਸ਼ਾਂਤੀ ਕਾਇਮ ਰੱਖਣ ਲਈ ਬਹੁਤ ਮਹੱਤਵਪੂਰਨ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments